ਤਜਿੰਦਰਪਾਲ ਸਿੰਘ ਦੀਆਂ ਅਣਥੱਕ ਸੇਵਾਵਾਂ ਤੋਂ ਪ੍ਰੇਰਤ ਹੋ ਕਿ ਡਾਰਵਿਨ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਹੁਣ ਤਜਿੰਦਰਪਾਲ ਨਾਲ ਮਿਲ ਕੇ ਬੇਘਰੇ ਲੋਕਾਂ ਨੂੰ ਹੁਣ ਹਰੇਕ ਐਤਵਾਰ ਮੁਫਤ ਖਾਣਾ ਖਵਾਉਣਾ ਸ਼ੁਰੂ ਕਰ ਦਿੱਤਾ ਹੈ।
ਡਾਰਵਿਨ ਦੇ ਰਹਿਣ ਵਾਲੇ ਤਜਿੰਦਰਪਾਲ ਸਿੰਘ ਨੇ ਬੇਘਰੇ ਲੋਕਾਂ ਨੂੰ ਮੁਫਤ ਖਾਣਾ ਖਵਾਉਣ ਦਾ ਜਿਹੜਾ ਉਪਰਾਲਾ ਅਰੰਭਿਆ ਸੀ, ਉਸ ਨੂੰ ਹੁਣ ਵਿਆਪਕ ਭਾਈਚਾਰੇ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਅਤੇ ਕਈ ਸੰਗਠਨਾਂ ਨੇ ਇਹਨਾਂ ਦੇ ਨਾਲ ਮਿਲ ਕੇ ਇਸ ਸੇਵਾ ਨੂੰ ਹੁਣ ਹਰ ਐਤਵਾਰ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਤਜਿੰਦਰਪਾਲ ਸਿੰਘ ਨੇ ਹਾਲ ਵਿੱਚ ਹੀ ਕਾਮਵੈਲਥ ਖੇਡਾਂ ਦੇ ਅੰਬੈਸਡਰ ਵਜੋਂ ਮਿਸ਼ਾਲ ਲੈ ਕੇ ਦੌੜ ਦੌੜੀ ਸੀ। ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਉਚੇਚੇ ਤੌਰ ਤੇ ਭਾਗ ਲੈਣ ਆਏ ਤਜਿੰਦਰਪਾਲ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਇਹ ਮੌਕਾ ਦਿੱਤੇ ਜਾਣ ਉੱਤੇ ਬਹੁਤ ਹੀ ਮਾਣ ਹੈ।
ਤਜਿੰਦਰਪਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਆਪਕ ਭਾਈਚਾਰੇ ਦੇ ਲੋਕਾਂ ਵਲੋਂ ਹੀ ਨਾਮਜਦ ਕੀਤਾ ਗਿਆ ਸੀ ਅਤੇ ਸੱਦਾ ਆਉਣ ਤੋਂ ਪਹਿਲਾਂ ਤੱਕ ਉਹਨਾਂ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ।
ਕਿਸੇ ਸਮੇਂ ਰੰਗਭੇਦ ਦਾ ਸ਼ਿਕਾਰ ਹੋਏ ਤਜਿੰਦਰਪਾਲ ਨੇ ਇਸ ਦਾ ਬਦਲਾ ਲੈਣ ਲਈ ਨਿਵੇਕਲਾ ਉਪਰਾਲਾ ਅਰੰਭਿਆ ਸੀ ਅਤੇ ਡਾਰਵਿਨ ਦੇ ਬੇਘਰੇ ਲੋਕਾਂ ਨੂੰ ਮੁਫਤ ਖਾਣਾ ਖਵਾਉਣਾ ਸ਼ੁਰੂ ਕੀਤਾ ਸੀ।
ਇਸ ਯਤਨ ਨੂੰ ਭਰਵਾਂ ਹੁੰਗਾਰਾ ਤਾਂ ਮਿਲਿਆ ਹੀ ਸੀ, ਹੁਣ ਕਈ ਹੋਰ ਵਿਆਪਕ ਭਾਈਚਾਰੇ ਦੇ ਸੰਗਠਨਾਂ ਅਤੇ ਲੋਕਾਂ ਨੇ ਉਹਨਾਂ ਨਾਲ ਜੁੜਦੇ ਹੋਏ ਇਸ ਸੇਵਾ ਵਿੱਚ ਆਪਣਾ ਹਿਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਨਤੀਜਤਨ, ਜਿੱਥੇ ਤਜਿੰਦਰਪਾਲ ਸਿੰਘ ਬੇਘਰੇ ਲੋਕਾਂ ਨੂੰ ਮਹੀਨੇ ਦੇ ਅਖੀਰਲੇ ਐਤਵਾਰ ਮੁਫਤ ਖਾਣਾ ਪ੍ਰਦਾਨ ਕਰਦੇ ਸਨ, ਉਥੇ ਹੁਣ ਉਹਨਾਂ ਦੇ ਸਹਿਯੋਗੀ ਹਰ ਐਤਵਾਰ ਇਹ ਸੇਵਾ ਕਰ ਰਹੇ ਹਨ।





