ਰਿਵਾਇਤੀ ਤੌਰ 'ਤੇ, ਲੋਹੜੀ ਨੂੰ ਇੱਕ ਪੁੱਤਰ ਦੀ ਆਮਦ ਨੂੰ ਸਵੀਕਾਰ ਕਰਨ ਵਾਲੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ, ਉਸ ਘਰ ਵਿੱਚ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਨਾਲ ਮਨਾਇਆ ਜਾਂਦਾ ਹੈ।
ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਲਿੰਗਕ ਮੱਤਭੇਦ ਵਾਲੇ ਰਿਵਾਜ ਦੇ ਬਾਵਜੂਦ, ਇਤਿਹਾਸਕ ਤੌਰ 'ਤੇ ਧੀਆਂ, ਨੌਜਵਾਨ ਕੁੜੀਆਂ ਅਤੇ ਔਰਤਾਂ ਹਮੇਸ਼ਾ ਹੀ ਇਸ ਤਿਉਹਾਰ ਲਈ ਕਿਵੇਂ ਮਹੱਤਵਪੂਰਨ ਰਹੀਆਂ ਹਨ?
ਲੋਹੜੀ ਬਾਰੇ ਕਈ ਕਹਾਣੀਆਂ ਪ੍ਰਚਲਿਤ ਹਨ, ਪਰ ਇਸ ਤਿਉਹਾਰ ਦੇ ਪਿੱਛੇ ਮੁੱਖ ਵਿਸ਼ਵਾਸ ਦੁੱਲੇ ਭੱਟੀ ਦੀਆਂ ਲੋਕ-ਕਥਾਵਾਂ ਵਿੱਚ ਹੈ। ਲੋਹੜੀ ਮੌਕੇ ਗਾਏ ਲੋਕ ਗੀਤ ਦੁੱਲਾ ਭੱਟੀ ਨੂੰ ਸ਼ਰਧਾਂਜਲੀ ਦਿੰਦੇ ਹਨ।
ਯੂਨੀਵਰਸਿਟੀ ਔਫ ਲੰਡਨ ਤੋਂ ਪ੍ਰੋਫੈਸਰ ਨਵਤੇਜ ਕੌਰ ਪੁਰੇਵਾਲ ਦੀ ਖੋਜ ਅਨੁਸਾਰ ਇਹ ਤਿਉਹਾਰ ਮੱਧ ਪੂਰਬ ਤੋਂ ਭਾਰਤ ਵਿੱਚ ਆਏ ਹਾਕਮ ਪੁਰਸ਼ਾਂ ਦੇ ਹੱਥੋਂ ਔਰਤਾਂ ਦੁਆਰਾ ਕੀਤੀ ਜਾਂਦੀ ਜਿਨਸੀ ਹਿੰਸਾ ਦੇ ਵਿਰੁੱਧ ਲੜਾਈ ਦਾ ਜਸ਼ਨ ਹੈ।
ਪ੍ਰੋਫੈਸਰ ਪੁਰੇਵਾਲ ਨੇ ਆਪਣੀ ਕਿਤਾਬ 'ਸੱਨ ਪ੍ਰੈਫਰੈਂਸ' ਵਿੱਚ ਦਲੀਲਾਂ ਸਮੇਤ ਇਹ ਦੱਸਿਆ ਹੈ ਕਿ ਅਸੀਂ ਲੋਹੜੀ ਬਾਰੇ ਪੰਜਾਬੀ ਲੋਕ ਗੀਤਾਂ ਵੱਲ ਧਿਆਨ ਦੇਈਏ, ਤਾਂ ਉਨ੍ਹਾਂ ਸਾਰੇ ਗੀਤਾਂ ਵਿੱਚ ਪੰਜਾਬ ਦੀਆਂ ਧੀਆਂ ਦੇ ਜਸ਼ਨ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਲੋਹੜੀ ਜਿਨਸੀ ਹਿੰਸਾ ਦਾ ਵਿਰੋਧ ਕਰਨ ਅਤੇ ਅਕਬਰ ਅਤੇ ਉਸਦੇ ਆਦਮੀਆਂ ਤੋਂ ਬਚ ਕੇ ਆਜ਼ਾਦੀ ਦੀ ਭਾਵਨਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਬਾਰੇ ਸੀ।
"ਇੱਕ ਸਮਾਜ ਵਿੱਚ ਜੋ ਔਰਤਾਂ ਨੂੰ ਸੱਭਿਆਚਾਰਕ ਜ਼ਿੰਮੇਵਾਰੀ ਅਤੇ ਆਰਥਿਕ ਬੋਝ ਸਮਝਦਾ ਸੀ, ਦੁਲਾ ਭੱਟੀ ਉਹਨਾਂ ਦਾ ਰੱਖਿਅਕ ਅਤੇ ਸਹਿਯੋਗੀ ਸੀ ਅਤੇ ਇਹਨਾਂ ਔਰਤਾਂ ਅਤੇ ਕੁੜੀਆਂ ਨੇ ਉਸਨੂੰ ਇੱਕ ਸਤਿਕਾਰਯੋਗ ਪਿਤਾ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ।"
ਦੁੱਲਾ ਭੱਟੀ ਦਾ ਜਨਮ 16ਵੀਂ ਸਦੀ ਦੇ ਅੱਧ ਵਿੱਚ ਅਣਵੰਡੇ ਪੰਜਾਬ ਵਿੱਚ ਇੱਕ ਮੁਸਲਮਾਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ।
ਲੋਕ-ਕਥਾਵਾਂ ਅਨੁਸਾਰ ਦੁੱਲਾ ਭੱਟੀ ਇੱਕ ਜ਼ਿਮੀਦਾਰ ਸੀ ਜਿਸ ਨੂੰ ਪੰਜਾਬੀ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੁਆਰਾ ਮੁਗਲ ਬਾਦਸ਼ਾਹ ਅਕਬਰ ਦੇ ਜ਼ੁਲਮ ਵਿਰੁੱਧ ਬਗਾਵਤ ਕਰਨ ਲਈ ਇੱਕ ਨਾਇਕ ਮੰਨਿਆ ਜਾਂਦਾ ਸੀ।
ਦੰਦ ਕਥਾਵਾਂ ਮੁਤਾਬਿਕ ਉਸ ਸਮੇਂ ਇੱਕ ਗ਼ਰੀਬ ਬ੍ਰਾਹਮਣ ਦੀਆਂ 2 ਧੀਆਂ ਸਨ ਸੁੰਦਰੀ ਤੇ ਮੁੰਦਰੀ। ਇੱਕ ਰਾਠ ਹਾਕਮ ਨੇ ਆਪਣੀ ਬੁਰੀ ਨਜ਼ਰ ਇਨ੍ਹਾਂ ਲੜਕੀਆਂ ‘ਤੇ ਰੱਖ ਲਈ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਆਪਣੇ ਘਰ ਰੱਖਣ ਦੀ ਠਾਣ ਲਈ। ਦੁੱਲਾ ਭੱਟੀ ਨੇ ਸੁੰਦਰੀ ਅਤੇ ਮੁੰਦਰੀ ਨੂੰ ਉਸ ਰਾਠ ਤੋਂ ਛੁਡਵਾਇਆ।
ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਨੇ ਉਸ ਗਰੀਬ ਬ੍ਰਾਹਮਣ ਦੀਆਂ ਕੁੜੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਵਚਨ ਦਿੱਤਾ।
ਦੁਲੇ ਭੱਟੀ ਨੇ ਲਾਗਲੇ ਪਿੰਡਾਂ ਵਿਚੋਂ ਦਾਨ ਦੇ ਰੂਪ ਵਿਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ ਅਤੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ‘ਤੇ ਸੇਰ-ਸੇਰ ਸ਼ੱਕਰ ਪਾਈ।
ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।

Lohri favourites: gachak, moongphali, reorhi. Source: Pixabay
ਕੁਝ ਲੋਕ ਇਸ ਗੱਲ ਨਾਲ ਸਹਿਮਤ ਹੋ ਸਕਦੇ ਹਨ ਕਿ ਦੁੱਲਾ ਭੱਟੀ ਦੇ ਜੀਵਨ ਦੇ ਬਿਰਤਾਂਤ ਅਧਿਕਾਰਤ ਤੌਰ 'ਤੇ ਦਸਤਾਵੇਜ਼ੀ ਇਤਿਹਾਸ ਤੋਂ ਗਾਇਬ ਹਨ। ਇਸ ਦੇ ਬਾਵਜੂਦ, ਉਸ ਦੀਆਂ ਕਹਾਣੀਆਂ ਪੰਜਾਬੀਆਂ ਦੇ ਮਨਾਂ ਅਤੇ ਦਿਲਾਂ ਵਿੱਚ ਚਾਰ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਵਸੀਆਂ ਹੋਈਆਂ ਹਨ ਅਤੇ ਪੰਜਾਬੀਆਂ ਦੇ ਪਰਵਾਸ ਦੇ ਨਾਲ ਹੀ ਇਹ ਕਹਾਣੀਆਂ ਵਿਦੇਸ਼ਾਂ ਵਿੱਚ ਵੀ ਘੁੰਮੀਆਂ ਹਨ ਇਸ ਤਰ੍ਹਾਂ ਲੋਹੜੀ ਦੀ ਕਹਾਣੀ ਕਈ ਪੀੜ੍ਹੀਆਂ ਤੋਂ ਦੂਰ-ਦੂਰ ਤੱਕ ਤੁਰੀ ਹੈ।
ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਅਤੇ ਲੋਹੜੀ ਬਾਰੇ ਪ੍ਰਚਲਿਤ ਹੋਰ ਕਹਾਣੀਆਂ ਬਾਰੇ ਜਾਨਣ ਲਈ ਇਹ ਪੌਡਕਾਸਟ ਸੁਣੋ...