ਪੰਜਾਬੀਆਂ ਲਈ ਤਿਓਹਾਰਾਂ ਦੀ ਰੌਣਕ ਅਤੇ ਇੰਨ੍ਹਾਂ ਨਾਲ ਜੁੜੇ ਰੀਤੀ-ਰਿਵਾਜ਼ ਬਹੁਤ ਅਹਿਮੀਅਤ ਰੱਖਦੇ ਹਨ - ਲੋਹੜੀ ਦੇ ਤਿਓਹਾਰ ਲਈ ਪੰਜਾਬੀਆਂ ਦੇ ਦਿਲਾਂ ਵਿੱਚ ਇੱਕ ਖ਼ਾਸ ਥਾਂ ਹੈ।
ਆਸਟ੍ਰੇਲੀਆ ਵਿੱਚ ਵੀ ਪੰਜਾਬੀ ਭਾਈਚਾਰੇ ਦੇ ਲੋਕ ਲੋਹੜੀ ਦੇ ਜਸ਼ਨ ਮਨਾਉਣ ਵਿੱਚ ਪੂਰਾ ਜ਼ੋਰ ਲਗਾ ਰਹੇ ਹਨ। ਐਸ ਬੀ ਐਸ ਪੰਜਾਬੀ ਵੱਲੋਂ ਕੁੱਝ ਅਜਿਹੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਜੋ ਲੋਹੜੀ ਦੇ ਤਿਓਹਾਰ ਦੀਆਂ ਤਿਆਰੀਆਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ।
ਇਹ ਵੀ ਜਾਣੋ

ਪੰਜਾਬੀ ਗੱਬਰੂਆਂ ਦੀ ਸ਼ਾਨ ਹੈ ਲੋਕ ਨਾਚ 'ਭੰਗੜਾ'
ਨਵੀਂ ਵਿਆਹੀ ਜੋੜੀ ਦੀ ਲੋਹੜੀ:
ਜਦੋਂ ਘਰ ਵਿੱਚ ਨਵੀਂ ਵਿਆਹੀ ਜੋੜੀ ਹੋਵੇ ਤਾਂ ਲੋਹੜੀ ਦਾ ਜਸ਼ਨ ਮਨਾਉਣਾ ਲਗਭਗ ਲਾਜ਼ਮੀ ਹੋ ਜਾਂਦਾ ਹੈ। ਮੈਲਬੌਰਨ ਵਸਦੇ ਚਰਨਜੀਤ ਸਿੰਘ ਦੇ ਪੁੱਤਰ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਉਹ ਆਪਣੇ ਬੇਟੇ ਅਤੇ ਨੁੰਹ ਦੀ ਪਹਿਲੀ ਲੋਹੜੀ ਮਨਾਉਣ ਲਈ ਬਹੁਤ ਉਤਸ਼ਾਹਿਤ ਹਨ।
ਉਹਨਾਂ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਜਿੱਥੇ ਉਹ ਪੰਜਾਬ ਦੀ ਲੋਹੜੀ ਨੂੰ ਬਹੁਤ ਯਾਦ ਕਰਦੇ ਹਨ ਪਰ ਆਸਟ੍ਰੇਲੀਆ ਵਿੱਚ ਰਹਿੰਦਿਆਂ ਵੀ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਪੰਜਾਬ ਵਰਗੀ ਲੋਹੜੀ ਇੱਥੇ ਵੀ ਮਨਾ ਸਕਣ।
ਕੁੜੀਆਂ ਦੀ ਲੋਹੜੀ:
ਪਹਿਲੇ ਸਮਿਆਂ ਵਿੱਚ ਅਕਸਰ ਕੁੜੀਆਂ ਅਤੇ ਮੁੰਡਿਆਂ ਦੀਆਂ ਟੋਲੀਆਂ ਉਸ ਘਰ ਲੋਹੜੀ ਮੰਗਣ ਜਾਂਦੀਆਂ ਹੁੰਦੀਆਂ ਸਨ ਜਿਸ ਘਰ ਵਿੱਚ ਨਵਾਂ ਵਿਆਹ ਜਾਂ ਮੁੰਡਾ ਹੋਇਆ ਹੋਵੇ।
ਹੁਣ ਜ਼ਮਾਨਾ ਕਾਫੀ ਬਦਲ ਗਿਆ ਹੈ। ਹੁਣ ਮੁੰਡਿਆਂ ਦੀ ਲੋਹੜੀ ਦੇ ਨਾਲ ਨਾਲ ਕੁੜੀਆਂ ਦੀ ਲੋਹੜੀ ਵੀ ਮਨ੍ਹਾਈ ਜਾਂਦੀ ਹੈ। ਮੈਲਬੌਰਨ ਦੀ ਰਿੰਪੀ ਕੌਰ ਆਪਣੀ ਬੇਟੀ ‘ਰੌਣਕ ਕੌਰ’ ਦੀ ਪਹਿਲੀ ਲੋਹੜੀ ਨੂੰ ਲੈ ਕੇ ਜਸ਼ਨ ਦੀਆਂ ਤਿਆਰੀਆਂ ਕਰ ਰਹੀ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਸਦੀ ਬੇਟੀ ਦਾ ਨਾਂ ਉਹਨਾਂ 'ਰੌਣਕ' ਇਹੀ ਸੋਚ ਕੇ ਰੱਖਿਆ ਸੀ ਕਿ ਉਹ ਘਰ ਵਿੱਚ ਰੌਣਕਾਂ ਲਗਾਵੇਗੀ ਅਤੇ ਇਹ ਮੌਕਾ ਉਹਨਾਂ ਨੂੰ ਲੋਹੜੀ ਦੇ ਤਿਓਹਾਰ ਨਾਲ ਮਿਲਿਆ ਹੈ।
ਪਤੰਗਬਾਜ਼ੀ ਦੀ ਯਾਦ:
ਮੁੰਡਿਆਂ ਲਈ ਲੋਹੜੀ ਦੀ ਰੌਣਕ ਬਿਨ੍ਹਾਂ ਪਤੰਗ ਉਡਾਇਆਂ ਪੂਰੀ ਨਹੀਂ ਹੁੰਦੀ। ਹਾਲਾਂਕਿ ਪੰਜਾਬ ਅਤੇ ਆਸਟ੍ਰੇਲੀਆ ਦਾ ਮਾਹੌਲ ਅਤੇ ਮੌਸਮ ਬਹੁਤ ਵੱਖਰੇ ਹਨ।
ਐਡੀਲੇਡ ਰਹਿੰਦੇ ਅਕਾਸ਼ਦੀਪ ਸਿੰਘ ਨੂੰ ਆਸਟ੍ਰੇਲੀਆ ਆਏ ਹੁਣ ਕੁੱਝ ਸਾਲ ਹੋ ਚੁੱਕੇ ਹਨ। ਉਹ ਅਕਸਰ ਲੋਹੜੀ ਦੇ ਤਿਓਹਾਰ ਉੱਤੇ ਪੰਜਾਬ ਜਾਂਦੇ ਹਨ ਪਰ ਇਸ ਵਾਰ ਉਹ ਪੰਜਾਬ ਨਹੀਂ ਜਾ ਸਕੇ।
ਉਹਨਾਂ ਦੱਸਿਆ ਕਿ ਉਹ ਪਤੰਗ ਉਡਾਉਣ ਦੇ ਬਹੁਤ ਸ਼ੌਕੀਨ ਹਨ ਅਤੇ ਲੋਹੜੀ ਬਚਪਨ ਤੋਂ ਹੀ ਉਹਨਾਂ ਦਾ ਮਨਪਸੰਦੀਦਾ ਤਿਓਹਾਰ ਰਿਹਾ ਹੈ ਪਰ ਇਸ ਵਾਰ ਪੰਜਾਬ ਨਾ ਜਾ ਸਕਣ ਕਾਰਨ ਉਹ ਕੁੱਝ ਨਿਰਾਸ਼ ਹਨ ਪਰ ਫਿਰ ਵੀ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਤਿਓਹਾਰ ਦੀ ਖੁਸ਼ੀ ਸਾਂਝੀ ਜ਼ਰੂਰ ਕਰਨਗੇ।