ਨਵੀਂ ਦਿੱਲੀ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦਾ ਸਭ ਤੋਂ ਵੱਧ ਰੁਝੇਵੇਂ ਵਾਲ਼ੇ ਹਵਾਈ ਅੱਡਿਆਂ ਵਿੱਚੋਂ ਇੱਕ ਹੈ।
ਕਰੋਨਾਵਾਇਰਸ ਚੁਣੌਤੀਆਂ ਦੇ ਬਾਵਜੂਦ 'ਵੰਦੇ ਭਾਰਤ' ਮਿਸ਼ਨ ਅਤੇ ਬਹੁਤ ਸਾਰੀਆਂ ਨਿੱਜੀ ਚਾਰਟਰ ਉਡਾਣਾਂ ਲਗਾਤਾਰ ਦੁਨੀਆ ਭਰ ਤੋਂ ਹਜ਼ਾਰਾਂ ਯਾਤਰੀਆਂ ਨੂੰ ਭਾਰਤ ਦੀ ਰਾਜਧਾਨੀ ਲੈਕੇ ਆ ਰਹੀਆਂ ਹਨ।
ਇਸ ਦੌਰਾਨ ਆਸਟ੍ਰੇਲੀਆ ਰਹਿੰਦੇ ਰਾਜਿੰਦਰ ਸਿੰਘ ਜੋਸ਼ਨ ਦੇ ਬਜ਼ੁਰਗ ਮਾਪਿਆਂ ਨੇ ਹਾਲ ਹੀ ਵਿੱਚ ਇੱਕ ਚਾਰਟਰ ਫਲਾਈਟ ਰਾਹੀਂ ਮੈਲਬੌਰਨ ਤੋਂ ਨਵੀਂ ਦਿੱਲੀ ਲਈ ਯਾਤਰਾ ਕੀਤੀ ਸੀ।
ਸ੍ਰੀ ਸਿੰਘ ਨੇ ਕਿਹਾ ਕਿ ਉਸਦੇ ਮਾਪੇ ਮਾਨਸਿਕ ਤੌਰ ਉੱਤੇ ਇਸ 'ਚੁਣੌਤੀ ਭਰੀ' ਯਾਤਰਾ ਲਈ ਤਿਆਰ ਸਨ ਅਤੇ ਹੁਣ ਪੰਜਾਬ ਆਪਣੇ ਘਰ ਵਾਪਸ ਪਹੁੰਚਕੇ ਖੁਸ਼ੀ ਮਹਿਸੂਸ ਕਰ ਰਹੇ ਹਨ - “ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੁਝ ਮੁਸ਼ਕਿਲਾਂ ਆਉਣ ਦੀ ਸੰਭਾਵਨਾ ਸੀ ਪਰ ਸਾਨੂੰ ਤਸੱਲੀ ਹੈ ਕਿ ਅਸੀਂ ਇਹ ਸਫ਼ਰ ਕਰਨ ਦਾ ਫੈਸਲਾ ਲਿਆ।"

ਸ੍ਰੀ ਸਿੰਘ ਨੇ ਕਿਹਾ ਕਿ ਟਰਮੀਨਲ ਤੋਂ ਬਾਹਰ ਜਾਣ ਤੋਂ ਪਹਿਲਾਂ ਇਮੀਗ੍ਰੇਸ਼ਨ ਅਤੇ ਹੋਰ ਕੋਵਿਡ ਨਿਯਮਾਂ ਦੀ ਪਾਲਣਾ ਲਈ ਕੁਝ ਜ਼ਿਆਦਾ ਸਮਾਂ ਲੱਗ ਰਿਹਾ ਹੈ।
“ਮੇਰੇ ਮਾਪਿਆਂ ਨੂੰ ਟਰਮੀਨਲ ਤੋਂ ਬਾਹਰ ਜਾਣ ਲਈ ਤਕਰੀਬਨ 8 ਘੰਟੇ ਦਾ ਸਮਾਂ ਲੱਗਿਆ। ਇਹ ਹੋਰ ਬਜ਼ੁਰਗਾਂ ਲਈ ਔਖਾ ਕੰਮ ਹੋ ਸਕਦਾ ਹੈ ਪਰ ਮੇਰੇ ਮਾਪੇ ਮੌਜੂਦਾ ਸਥਿਤੀ ਦੇ ਚਲਦਿਆਂ ਠੀਕ-ਠਾਕ ਰਹੇ।"
“ਦਿੱਲੀ ਆਉਣ ਵਾਲੇ ਯਾਤਰੀਆਂ ਦਾ ਵੱਡਾ ਹਿੱਸਾ ਪੰਜਾਬ ਨਾਲ਼ ਸਬੰਧਿਤ ਹੈ ਅਤੇ ਇਸ ਲਈ ਉਨ੍ਹਾਂ ਨੂੰ ਇਮੀਗ੍ਰੇਸ਼ਨ ਡੈਸਕ ਰਾਹੀਂ ਲੰਘਣ ਲਈ ਕੁਝ ਲੰਮੀ ਕਤਾਰਾਂ ਅਤੇ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।”
ਨਵੀਂ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਦੁਆਰਾ ਨਿਰਧਾਰਤ ਕੋਵਿਡ-ਹਦਾਇਤਾਂ ਦੇ ਅਨੁਸਾਰ ਹੁਣ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਤਹਿ ਕੀਤੇ ਸਵੈ-ਰਿਪੋਰਟਿੰਗ ਫਾਰਮ ਨੂੰ ਭਰਨਾ ਪਵੇਗਾ।
ਉਨ੍ਹਾਂ ਦੀ ਵੈਬਸਾਈਟ ਮੁਤਾਬਿਕ, “ਏਅਰ ਸੁਵਿਧਾ ਅੰਤਰਰਾਸ਼ਟਰੀ ਯਾਤਰੀਆਂ ਲਈ ਆਪਣੀ ਸਿਹਤ ਦੀ ਮੌਜੂਦਾ ਸਥਿਤੀ ਦੀ ਘੋਸ਼ਣਾ ਕਰਨ ਲਈ ਲਾਜ਼ਮੀ ਸਵੈ-ਰਿਪੋਰਟਿੰਗ ਫਾਰਮ ਜਮ੍ਹਾ ਕਰਾਉਣ ਦੀ ਇੱਕ ਆਨਲਾਈਨ ਪ੍ਰਣਾਲੀ ਹੈ। ਇਹ ਫਾਰਮ ਲਾਜ਼ਮੀ ਹੈ ਅਤੇ ਬੋਰਡਿੰਗ ਤੋਂ ਪਹਿਲਾਂ ਭਰਨਾ ਚਾਹੀਦਾ ਹੈ।"
ਕਿਸੇ ਵੀ ਉਡਾਣ ਵਿੱਚ ਚੜ੍ਹਨ ਤੋਂ ਪਹਿਲਾਂ ਫਾਰਮ ਨੂੰ 72 ਘੰਟਿਆਂ ਲਈ ਸਹਾਇਕ ਦਸਤਾਵੇਜ਼ਾਂ ਨਾਲ ਭਰਿਆ ਅਤੇ ਜਮਾਂ ਕੀਤਾ ਜਾ ਸਕਦਾ ਹੈ।
ਯਾਤਰੀ ਲਾਜ਼ਮੀ ਸੰਸਥਾਗਤ ਕੁਆਰੰਟੀਨ ਤੋਂ ਛੋਟ ਵੀ ਮੰਗ ਸਕਦੇ ਹਨ ਬਸ਼ਰਤੇ ਜੇ ਹੇਠ ਲਿਖੀਆਂ ਪੰਜ ਸਥਿਤੀਆਂ ਵਿਚੋਂ ਕੋਈ ਵੀ ਉਹਨਾਂ ਤੇ ਲਾਗੂ ਹੁੰਦੀ ਹੋਵੇ:
- ਗਰਭਵਤੀ ਮਾਵਾਂ
- ਜੇ ਪਰਿਵਾਰ ਵਿਚ ਕੋਈ ਮੌਤ ਹੋਈ ਹੈ
- ਜੇ ਉਹ ਗੰਭੀਰ ਬਿਮਾਰੀ ਤੋਂ ਪੀੜਤ ਹਨ
- 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ਼ ਸਫ਼ਰ ਕਰਦੇ ਮਾਪੇ, ਅਤੇ
- ਜੇ ਤੁਹਾਡੇ ਕੋਲ਼ ਕੋਵਿਡ-19 ਦਾ ਨੈਗੇਟਿਵ ਟੈਸਟ ਸਰਟੀਫਿਕੇਟ ਹੈ।
ਨਵੀਂ ਦਿੱਲੀ ਏਅਰਪੋਰਟ ਦੁਆਰਾ ਕੋਵਿਡ-19 ਯਾਤਰਾ ਸਬੰਧੀ ਤਾਜ਼ਾ ਅਪਡੇਟ ਜਾਨਣ ਲਈ ਇਥੇ ਕਲਿੱਕ ਕਰੋ।
ਦਿੱਲੀ ਹਵਾਈ ਅੱਡੇ ਨਾਲ਼ ਸਬੰਧਿਤ ਯਾਤਰੀ-ਤਜ਼ੁਰਬੇ ਦਾ ਪੋਡਕਾਸਟ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਨੂੰ ਕਲਿੱਕ ਕਰੋ।
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।







