24 ਸਤੰਬਰ 2025 ਨੂੰ ਮੈਲਬਰਨ ਰਹਿੰਦੀ ਨੋਰਲਿਆਹ ਦਾ ਪੁੱਤਰ ‘ਲੇਵਾਈ’ ਇਸ ਦੁਨੀਆ ਤੋਂ ਚਲਾ ਗਿਆ।
ਉਹ ਉਸਤੋਂ ਪਹਿਲੇ ਦਿਨ ਆਪਣੇ ਮਾਮੇ ਨਾਲ ਕੰਮ ਕਰਨ ਗਿਆ ਸੀ ਅਤੇ ਘਰ ਆ ਕੇ ਉਸਨੂੰ ਆਪਣੀ ਧੋਣ ਵਿੱਚ ਅਕੜਾ ਮਹਿਸੂਸ ਹੋਇਆ ਅਤੇ ਉਸਦੀ ਸਿਹਤ ਵਿਗੜਨ ਲੱਗੀ।
ਨੋਰਲਿਆਹ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਨੂੰ ਉਸ ਸਮੇਂ ਲੱਗਾ ਕਿ ‘ਲੇਵਾਈ’ ਨੂੰ ਕੋਈ ਵਾਇਰਲ ਹੋਇਆ ਹੋਵੇਗਾ ਜੋ ਸਵੇਰ ਤੱਕ ਠੀਕ ਹੋ ਜਾਵੇਗਾ।
ਪਰ ਜਦੋਂ ਦੇਰ ਰਾਤ ਉਸਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਤਾਂ ਉਸਨੂੰ ਅੇਮਰਜੈਂਸੀ ਵਿੱਚ ਲਿਆਂਦਾ ਗਿਆ ਅਤੇ ਆਈ.ਸੀ.ਯੂ ਵਿੱਚ ਡਾਕਟਰਾਂ ਦੀ ਪੂਰੀ ਟੀਮ ਉਸਨੂੰ ਬਚਾਉਣ ਵਿੱਚ ਲੱਗ ਗਈ।
ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸਨੂੰ ਬਚਾਇਆ ਨਹੀਂ ਜਾ ਸਕਿਆ।
ਡਾਕਟਰਾਂ ਨੇ ਨੋਰਲਿਆਹ ਦੇ ਪਰਿਵਾਰ ਨੂੰ ਦੱਸਿਆ ਕਿ ਲੇਵਾਈ ਨੂੰ Meningococcal–B ਦੀ ਲਾਗ ਲੱਗੀ ਸੀ। ਇਹ ਲਾਗ ਇਹਨੀ ਘਾਤਕ ਹੈ ਕਿ ਕਈ ਵਾਰ ਕੁੱਝ ਘੰਟਿਆਂ ਅੰਦਰ ਹੀ ਇੱਕ ਵਿਅਕਤੀ ਦਾ ਦਿਮਾਗ ਸੋਜਸ਼ ਕਾਰਨ ਖ਼ਤਮ ਹੋ ਜਾਂਦਾ ਹੈ।
ਨੋਰਲਿਆਹ ਲਈ ਇਹ ਕਾਫੀ ਹੈਰਾਨੀ ਵਾਲੀ ਖ਼ਬਰ ਸੀ ਕਿਉਂਕਿ ਉਸ ਮੁਤਾਬਕ ਉਸਦੇ ਪੁੱਤਰ ਨੂੰ ਅਗਸਤ 2025 ਵਿੱਚ ਸਕੂਲ ਟੀਕਾਕਰਨ ਪ੍ਰੋਗਰਾਮ ਤਹਿਤ ਵੈਕਸੀਨ ਲਗਾਈ ਸੀ।
ਸਕੂਲ ਪ੍ਰੋਗਰਾਮ ਰਾਹੀਂ ਜੋ ਵੈਕਸੀਨ ਲਗਾਈ ਜਾਂਦੀ ਹੈ, ਉਹ Meningococcal ਦੇ ACWY ਕਿਸਮਾਂ ਨੂੰ ਕਵਰ ਕਰਦੀ ਹੈ ਅਤੇ ਲੇਵਾਈ ਨੂੰ Meningococcal–B ਦੀ ਲਾਗ ਲੱਗੀ ਸੀ ਜੋ ਵੈਕਸੀਨ ਵਿੱਚ ਸ਼ਾਮਲ ਨਹੀਂ ਸੀਨੋਰਲਿਆਹ
SKAI (Sharing Knowledge about Immunisation) ਦੀ ਵੈੱਬਸਾਈਟ ਦੇ ਮੁਤਾਬਕ ਆਸਟ੍ਰੇਲੀਆ ‘ਚ ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਨੋਰਦਰਨ ਟੈਰੀਟਰੀ ਵਿੱਚ ਇਹ ਵੈਕਸੀਨ ਮੁਫਤ ਹੈ ਅਤੇ ਸਕੂਲ ਵੈਕਸੀਨ ਪ੍ਰੋਗਰਾਮ ਦਾ ਹਿੱਸਾ ਹੈ।
ਪਰ ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਵੈਸਟਰਨ ਆਸਟ੍ਰੇਲੀਆ ਵਿੱਚ ਇਹ ਵੈਕਸੀਨ ਕੁੱਝ ਖਾਸ ਵਰਗਾਂ ਨੂੰ ਛੱਡ ਕੇ ਬਾਕੀਆਂ ਲਈ ਮੁਫਤ ਨਹੀਂ ਹੈ ਅਤੇ ਨਾ ਹੀ ਇਹ ਰਾਸ਼ਟਰੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਹੈ।

ਨੋਰਲਿਆਹ ਨੇ ਫੈਸਲਾ ਲਿਆ ਕਿ ਉਹ ਕਿਸੇ ਹੋਰ ਬੱਚੇ ਨੂੰ ਆਪਣੇ ਬੱਚੇ ਦੀ ਤਰ੍ਹਾਂ ਇਸ ਬਿਮਾਰੀ ਦੀ ਲਾਗ ਕਾਰਨ ਮਾੜੇ ਨਤੀਜੇ ਭੁਗਤਣ ਨਹੀਂ ਦਵੇਗੀ।
ਉਸ ਵੱਲੋਂ ਇੱਕ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਜਿਸ ‘ਤੇ ਕਰੀਬ 40 ਹਜ਼ਾਰ ਤੋਂ ਵੱਧ ਦਸਤਖ਼ਤ ਹੋ ਚੁੱਕੇ ਹਨ।।

ਨੋਰਲਿਆਹ ਇਸ ਪਟੀਸ਼ਨ ਰਾਹੀਂ ਮੰਗ ਕਰ ਰਹੀ ਹੈ ਕਿ ਵੈਕਸੀਨ ਨੂੰ ਮੁਫ਼ਤ ਕੀਤਾ ਜਾਵੇ ਅਤੇ ਨਾਲ ਹੀ ਇਸਨੂੰ ਰਾਸ਼ਟਰੀ ਟੀਕਾਕਰਨ ਸੂਚੀ ਵਿੱਚ ਵੀ ਸਾਮਲ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਲਾਗ ਤੋਂ ਵੱਧ ਤੋਂ ਵੱਧ ਬਚਾਅ ਹੋ ਸਕੇ।
ਹਾਲਾਂਕਿ ਇਹ ਬਦਲਾਅ ਇਹਨਾਂ ਆਸਾਨ ਨਹੀਂ ਹੈ। ਰਾਸ਼ਟਰੀ ਟੀਕਾਕਰਨ ਵਿੱਚ ਬਦਲਾਅ ਕਰਨਾ ਇੱਕ ਲੰਬੀ ਪ੍ਰਤੀਕਿਰਿਆ ਹੈ।
ਐਸ ਬੀ ਐਸ ਪੰਜਾਬੀ ਵੱਲੋਂ ਇਸ ਪਟੀਸ਼ਨ ਨੂੰ ਲੈ ਕੇ ‘ਰੋਇਲ ਆਸਟ੍ਰੇਲੀਅਨ ਕਾਲੇਜ ਆਫ ਜੀਪੀਜ਼’ (RACGP) ਦੇ ਨਾਲ ਵੀ ਸੰਪਰਕ ਕੀਤਾ ਗਿਆ ਜਿਹਨਾਂ ਵੱਲੋਂ ਇਸ ਪਟੀਸ਼ਨ ਦੇ ਹੱਕ ਵਿੱਚ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।
RACGP ਦਾ ਮੰਨਣਾ ਹੈ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ‘ਤੇ ਕੋਈ ਫੈਸਲਾ ਲੈਣਾ ਚਾਹੀਦਾ ਹੈ।
ਇਸ ਪਟੀਸ਼ਨ ‘ਤੇ ਬਰਵਿਕ ਤੋਂ ਮੈਂਬਰ ਪਾਰਲੀਮੈਂਟ ਬਰੈਡ ਬੈਟਿਨ ਨੇ ਜਵਾਬ ਦਿੰਦਿਆਂ ਇਹ ਵਾਅਦਾ ਕੀਤਾ ਹੈ ਕਿ ਜੇਕਰ ਜੈਸ ਵਿਲਸਨ ਲਿਬਰਲ ਅਤੇ ਨੈਸ਼ਨਲਜ਼ ਦੀ ਸਰਕਾਰ ਆਵੇਗੀ ਤਾਂ ਉਹ ਰਾਸ਼ਟਰੀ ਟੀਕਾਕਰਨ ਸੂਚੀ ਵਿੱਚ Meningococcal–B ਨੂੰ ਵੀ ਸ਼ਾਮਲ ਕਰਨਗੇ।
ਇਸ ਤੋਂ ਇਲਾਵਾ ਵਿਕਟੋਰੀਆ ਦੇ ਸਿਹਤ ਵਿਭਾਗ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਟੀਕਾਕਰਨ ਸਬੰਧੀ ਫੈਸਲਾ ਚੀਫ ਹੈਲਥ ਆਫੀਸਰ ਦੀ ਸਲਾਹ ਨਾਲ ਹੁੰਦਾ ਹੈ।
ਵਿਕਟੋਰੀਆ ਸਰਕਾਰ ਕੋਮਨਵੈਲਥ ਸਰਕਾਰ ਅਤੇ ਗਲੈਕਸੋ ਸਮਿਥ ਕਲਾਈਨ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ‘ਤੇ ਟੀਕਿਆਂ ਦੀ ਪੂਰੀ ਸੂਚੀ ਦਾ ਮੁੜ ਮੁਲਾਂਕਣ ਕਰਨ ਦੀ ਵਕਾਲਤ ਕਰ ਰਹੀ ਹੈ।ਵਿਕਟੋਰੀਆ ਸਿਹਤ ਵਿਭਾਗ
ਨੋਰਲਿਆਹ ਵੀ ਚੀਫ ਹੈਲਥ ਆਫੀਸਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਸਨੇ ਦੱਸਿਆ ਕਿ ਸਿਹਤ ਵਿਭਾਗ ਦੇ ਮੰਤਰੀ ਮੈਰੀ-ਐਨੇ ਥੋਮਸ ਨਾਲ ਵੀ ਸੰਪਰਕ ਕੀਤਾ ਗਿਆ ਹੈ।
ਉਸਨੇ ਦੱਸਿਆ ਕਿ ਉਸਨੂੰ ਕਾਫੀ ਸਹਿਯੋਗ ਮਿਲ ਰਿਹਾ ਹੈ ਪਰ ਕਾਨੂੰਨੀ ਤੌਰ ‘ਤੇ ਇਹ ਬਦਲਾਅ ਲਿਆਉਣ ਦੀ ਪ੍ਰਤੀਕਿਰਿਆ ਕਾਫੀ ਲੰਬੀ ਹੈ। ਪਰ ਉਹ ਹਾਰ ਨਹੀਂ ਮੰਨੇਗੀ।
ਐਸ ਬੀ ਐਸ ਪੰਜਾਬੀ ਵੱਲੋਂ ਵੀ ਸਿਹਤ ਮੰਤਰੀ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਅਜੇ ਤੱਕ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।














