ਮੈਲਬਰਨ ਦੀ ਤਰਨ ਕੌਰ ਦੋ ਧੀਆਂ ਦੀ ਮਾਂ ਹੈ ਅਤੇ ਉਹ ਆਪਣੇ ਪਰਿਵਾਰ ਤੇ ਬੱਚੀਆਂ ਨਾਲ ਬਹੁਤ ਖੁਸ਼ ਹੈ ਪਰ ਉਸ ਦਾ ਕਹਿਣਾ ਹੈ ਕਿ ਸਮਾਜ ਵੱਲੋਂ ਅਕਸਰ ਉਸ ਨੂੰ ਤੀਸਰਾ ਬੱਚਾ ਪੈਦਾ ਕਰਨ ਦਾ ਦਬਾਅ ਪਾਇਆ ਜਾਂਦਾ ਹੈ ਕਿਉਂਕਿ ਬਹੁਤੇ ਲੋਕਾਂ ਮੁਤਾਬਕ ਇੱਕ ਮੁੰਡੇ ਤੋਂ ਬਿਨਾਂ ਉਸਦਾ ਪਰਿਵਾਰ ਅਧੂਰਾ ਹੈ।
ਮੈਲਬਰਨ ਰਹਿੰਦੀ ਅਜਿਹੀ ਹੀ ਇੱਕ ਹੋਰ ਮਾਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਨੂੰ ਬਹੁਤ ਸਾਰੇ ਲੋਕ ਮੁੰਡਾ ਹੋਣ ਦੇ ਆਪਣੇ ਟੋਟਕੇ ਅਤੇ ਸਲਾਹਾਂ ਦਿੰਦੇ ਰਹਿੰਦੇ ਹਨ ਜਦਕਿ ਉਸ ਨੇ ਹੋਰ ਬੱਚੇ ਬਾਰੇ ਕਦੇ ਸੋਚਿਆ ਹੀ ਨਹੀਂ ਹੈ।
ਇਨ੍ਹਾਂ ਮਾਵਾਂ ਮੁਤਾਬਿਕ ਉਨ੍ਹਾਂ ਦਾ ਪਰਿਵਾਰ ਪੂਰਾ ਅਤੇ ਖੁਸ਼ ਹੈ ਪਰ ਬਹੁਤ ਸਾਰੇ ਖਾਸ ਕਰ ਵੱਡੀ ਉਮਰ ਦੇ ਲੋਕ ਉਨ੍ਹਾਂ ਨੂੰ ਵਿਚਾਰੇ ਦੀ ਨਜ਼ਰ ਨਾਲ ਦੇਖਦੇ ਹਨ।

Study shows that the increasing availability of non-invasive prenatal testing (NIPT), which can determine fetal sex as early as 10 weeks, has raised some ethical concerns regarding its potential misuse for sex-selective abortion. Source: Getty / Getty Images/Karl Tapales
ਪਰ ਇੱਕ ਤਾਜ਼ਾ ਅਧਿਐਨ ਵਿੱਚ ਅਸਿੱਧੇ ਤੌਰ ‘ਤੇ ਸਬੂਤ ਮਿਲੇ ਹਨ ਕਿ ਆਸਟ੍ਰੇਲੀਆ ਵਿੱਚ ਮੁੰਡਿਆਂ ਅਤੇ ਕੁੜੀਆਂ ਦੇ ਜਨਮ ਅਨੁਪਾਤ ਵਿੱਚ ਫਰਕ ਆ ਰਿਹਾ ਹੈ।
ਇਸ ਅਧਿਐਨ ਵਿੱਚ ਜਦੋਂ ਪ੍ਰਵਾਸੀ ਭਾਈਚਾਰਿਆਂ ਦੇ ਅੰਕੜੇ ਜਾਂਚੇ ਗਏ ਤਾਂ ਇਹ ਸਾਹਮਣੇ ਆਇਆ ਕਿ ਭਾਰਤੀ ਭਾਈਚਾਰੇ ਦੇ ਲੋਕ ਸਭ ਤੋਂ ਵੱਧ 'ਲਿੰਗ ਆਧਾਰਿਤ ਐਬੋਰਸ਼ਨ' ਕਰਵਾ ਰਹੇ ਹਨ।
ਇਸ ਅਧਿਐਨ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਉਨ੍ਹਾਂ ਮੁਲਕਾਂ ਵਿੱਚ ਗਿਣਿਆ ਜਾਂਦਾ ਹੈ ਜਿੱਥੇ ਮੁੰਡੇ ਦੇ ਜਨਮ ਨੂੰ ਕੁੜੀਆਂ ਤੋਂ ਬਿਹਤਰ ਸਮਝਿਆ ਜਾਂਦਾ ਹੈ ਅਤੇ ਦੇਸ਼ ਵਿੱਚ ਲਿੰਗ ਅਨੁਪਾਤ ਵਿੱਚ ਇੱਕ ਵੱਡਾ ਫਰਕ ਹੈ।
ਗਲੋਬਲ ਪਬਲਿਕ ਹੈਲਥ ਦੀ ਇਸ ਜਾਂਚ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਮਹਿਲਾਵਾਂ ਦੇ ਪਹਿਲੇ ਬੱਚੇ ਕੁੜੀਆਂ ਹਨ ਉਨ੍ਹਾਂ ਨੂੰ ਆਸਟ੍ਰੇਲੀਆ ਰਹਿੰਦੇ ਹੋਏ ਵੀ ਸਮਾਜ ‘ਚ ਇਹ ਦਬਾਅ ਮਹਿਸੂਸ ਹੁੰਦਾ ਹੈ ਕਿ ਜੇਕਰ ਉਹ ਮੁੰਡੇ ਨੂੰ ਜਨਮ ਨਹੀਂ ਦਿੰਦੇ ਤਾਂ ਉਨ੍ਹਾਂ ਦਾ ਪਰਿਵਾਰ ਅਧੂਰਾ ਹੈ।
ਕਾਬਿਲੇਗੌਰ ਹੈ ਗਰਭ ਅਵਸਥਾ ਦੇ 18 ਤੋਂ 22 ਹਫ਼ਤੇ ਦੌਰਾਨ ਬੱਚੇ ਦਾ ਲਿੰਗ ਪਤਾ ਲੱਗ ਜਾਂਦਾ ਹੈ।
ਆਸਟ੍ਰੇਲੀਆ ਦੇ ਬਹੁਤ ਸਾਰੇ ਰਾਜਾਂ ਵਿੱਚ 22 ਤੋਂ 24 ਹਫ਼ਤਿਆਂ ਦਾ ਗਰਭ ਹਟਾਉਣ ਦਾ ਕਾਨੂੰਨੀ ਤੌਰ ‘ਤੇ ਹਰ ਮਾਂ ਨੂੰ ਹੱਕ ਹੈ ਅਤੇ ਇਸ ਤੋਂ ਬਾਅਦ ਡਾਕਟਰ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਵੀ ਗਰਭ ਗਿਰਾਇਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ 2017 ਵਿੱਚ ਸੈਨੇਟਰ ਕੋਰੀ ਬਰਨਾਰਡੀ ਨੇ ਲਿੰਗ -ਚੋਣਵੇਂ ਗਰਭਪਾਤ ‘ਤੇ ਪਾਬੰਦੀ ਲਗਾਉਣ ਲਈ ਇੱਕ ਮਤਾ ਪੇਸ਼ ਕੀਤਾ ਸੀ ਪਰ ਇਸ ਮਤੇ ਨੂੰ ਵੋਟਿੰਗ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਲਿੰਗ ਆਧਾਰਿਤ ਗਰਭਪਾਤ ਦਾ ਆਸਟ੍ਰੇਲੀਆ ਵਿੱਚ ਕਦੇ ਕੋਈ ਸਬੂਤ ਨਹੀਂ ਮਿਲਿਆ ਸੀ।
ਸਿਹਤ ਵਿਭਾਗ ਵੱਲੋਂ 2019 ਵਿੱਚ ਪ੍ਰਕਾਸ਼ਿਤ ਕੀਤੀ ਗਈ ਮਹਿਲਾ ਸਿਹਤ ਰਣਨੀਤੀ 2020-30 ਦੇ ਮੁਤਾਬਿਕ ਗਰਭ ਦੀ ਟਰਮੀਨੇਸ਼ਨ ਦਾ ਸਭ ਨੂੰ ਬਰਾਬਰ ਹੱਕ ਹੋਣਾ ਚਾਹੀਦਾ ਹੈ ਜੋ ਕਿ ਮਾਵਾਂ ਦੀ ਜਿਨਸੀ ਅਤੇ ਪ੍ਰਜਣਨ ਸਿਹਤ ਲਈ ਮੁੱਖ ਮਾਪਦੰਡ ਹਨ।
ਪਰ ਇਸ ਨਵੇਂ ਅਧਿਐਨ ਦੇ ਨਤੀਜੇ ਜਨਤਕ ਸਿਹਤ ਪ੍ਰਣਾਲੀ ਦੇ ਫੈਸਲਿਆਂ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ।
'ਸੈਕਸ ਸਿਲੈਕਸ਼ਨ' ਯਾਨੀ ਚੋਣਵੇ ਲਿੰਗ ਦੀ ਸੋਚ ਕੇਵਲ ਇੱਥੋਂ ਤੱਕ ਹੀ ਸੀਮਤ ਨਹੀਂ ਹੈ। 'ਆਈ ਵੀ ਐਫ ਆਸਟ੍ਰੇਲੀਆ' ਤੋਂ 'ਫਰਟਿਲਟੀ ਸਪੈਸ਼ਲਿਸਟ' ਅਤੇ 'ਗਾਈਨੀਕੋਲੋਜਿਸਟ' ਰਾਬੀਆ ਸ਼ੇਖ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਭਾਈਚਾਰੇ ਦੇ ਬਹੁਤ ਮਰੀਜ਼ ਆਉਂਦੇ ਹਨ ਜੋ ਬਿਨਾਂ ਕਿਸੇ ਮੈਡੀਕਲ ਸਹਾਇਤਾ ਦੇ ਮਾਪੇ ਬਣ ਸਕਦੇ ਹਨ ਪਰ ਫਿਰ ਵੀ ਉਹ ਇੱਕ ਮੁੰਡੇ ਦੀ ਚਾਹ ‘ਚ ਚੋਣ ਕਰ ਕੇ ਆਈ ਵੀ ਐਫ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਗਲ਼ਤ ਫਹਿਮੀ ਹੁੰਦੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਮੁੰਡੇ ਦਾ ਭਰੂਣ ਗਰਭ ‘ਚ ਪਵਾ ਸਕਣਗੇ।

Dr. Rabia Shaikh is specialized in Advanced Laparoscopy / Egg Freezing / Endometriosis / Obstetrics / Recurrent Miscarriage at IVF Australia. Credit: Supplied by Dr. rabia Shaikh.
ਲਿੰਗ ਆਧਾਰਿਤ ਗਰਭਪਾਤ 'ਤੇ ਪਹਿਲਾਂ ਵੀ ਬਹੁਤ ਸਾਰੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ ਪਰ ਆਸਟ੍ਰੇਲੀਆ ਵਿੱਚ ਅਜਿਹੇ ਅਧਿਐਨ ਦਾ ਸਾਹਮਣੇ ਆਉਣਾ ਜਿਸ ਵਿੱਚ ਸਿੱਧੇੇ ਤੌਰ ‘ਤੇ ਭਾਰਤੀ ਭਾਈਚਾਰੇ ਦਾ ਜ਼ਿਕਰ ਹੋਵੇ ਤਾਂ ਇਸ ਨੂੰ ਹੈਰਾਨੀਜਨਕ ਕਿਹਾ ਜਾ ਸਕਦਾ ਹੈ।
ਪੂਰਾ ਪੋਡਕਾਸਟ ਸੁਨਣ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਸੁਣੋ..
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।