ਐਨ ਐਸ ਡਬਲਿਊ ਦੇ ਮੇਨਸਟਰੀਮ ਸਕੂਲਾਂ ਵਿੱਚ ਬਤੌਰ ਅਧਿਆਪਕ ਵਜੋਂ ਸੇਵਾ ਨਿਭਾ ਰਹੀ ਦਲਜੀਤ ਕੌਰ ਬਾਂਸਲ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅੰਤਾਂ ਦੀ ਲਗਨ ਹੈ। ਇਸ ਲਈ ਉਹ ਹਰੇਕ ਹਫਤਾਅੰਤ ਦੇ ਇੱਕ ਦਿਨ ਹਿਲਸ ਸਪੋਰਟਸ ਹਾਈ ਸਕੂਲ ਵਿੱਚ ਉਚੇਚਾ ਪੰਜਾਬੀ ਪੜਾਉਣ ਲਈ ਸਮਾਂ ਕਢਦੇ ਹਨ।
ਐਨ ਐਸ ਡਬਲਿਊ ਸਰਕਾਰ ਵਲੋਂ ਸਾਲ 2014 ਵਿੱਚ ਪੰਜਾਬੀ ਦਾ ਵਿਸ਼ਾ ਹਾਈ ਸਕੂਲਾਂ ਵਿੱਚ ਪੜਾਉਣ ਦਾ ਉਪਰਾਲਾ ਅਰੰਭਿਆ ਗਿਆ ਸੀ ਅਤੇ ਸਾਲ 2016 ਤੋਂ ਲੈ ਕਿ ਹੁਣ ਤੱਕ ਮਿਸ ਬਾਂਸਲ ਲਗਾਤਾਰ ਸੈਵਨ ਹਿਲਸ ਵਿੱਚ ਚਲਣ ਵਾਲੇ ਇਕਲੋਤੇ ਪੰਜਾਬੀ ਦੇ ਸਕੂਲ ਵਿੱਚ ਸੇਵਾ ਕਰ ਰਹੇ ਹਨ।
‘ਮੈਨੂੰ ਆਪਣੇ ਵਿਦਿਆਰਥੀਆਂ ਉੱਤੇ ਬੜਾ ਮਾਣ ਹੈ ਜਿਹੜੇ ਹਰੇਕ ਸ਼ਨੀਵਾਰ ਨੂੰ ਉਚੇਚਾ ਪੰਜਾਬੀ ਸਿਖਣ ਲਈ ਆਉਂਦੇ ਹਨ। ਇਹ ਸਾਰੇ ਹੀ ਪੰਜਾਬੀ ਲਈ ਬਹੁਤ ਲਗਾਅ ਰਖਦੇ ਹਨ ਅਤੇ ਬੜੇ ਸ਼ੌਂਕ ਨਾਲ ਆਪਣੇ ਘਰ ਵਿੱਚ ਦਿੱਤੇ ਹੋਏ ਪੰਜਾਬੀ ਸਿਖਣ ਵਾਲੇ ਕੰਮ ਦਿਲ ਲਗਾ ਕੇ ਕਰਦੇ ਹਨ’, ਮਿਸ ਬਾਂਸਲ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਦੱਸਿਆ।
‘ਇਸ ਸਾਲ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ ਹਨ। ਸਾਡੇ 12 ਵਿੱਚੋਂ 3 ਸਿਖਿਆਰਥੀਆਂ ਨੇ ਬੈਂਡ ਸਿਕਸ ਹਾਸਲ ਕੀਤੇ, 7 ਨੇ ਬੈਂਡ ਫਾਈਵ ਅਤੇ 2 ਨੇ ਬੈਂਡ ਫੋਰ ਪ੍ਰਾਪਤ ਕੀਤੇ ਹਨ’।
ਦਲਜੀਤ ਕੌਰ ਬਾਂਸਲ ਨੇ ਚਿੰਤਾ ਜਾਹਰ ਕਰਦੇ ਹੋਏ ਕਿਹਾ, ‘ਸ਼ਾਨਦਾਰ ਨਤੀਜਿਆਂ ਦੇ ਬਾਵਜੂਦ ਪੰਜਾਬੀ ਸਿੱਖਣ ਵਾਲੇ ਸਿਖਿਆਰਥੀ ਲਗਾਤਾਰ ਘਟਦੇ ਹੀ ਜਾ ਰਹੇ ਹਨ। ਸਾਲ 2014, ਜਦੋਂ ਹਾਈ ਸਕੂਲ ਲਈ ਪੰਜਾਬੀ ਸ਼ੁਰੂ ਕੀਤੀ ਗਈ ਸੀ, 21 ਸਿਖਿਆਰਥੀਆਂ ਨੇ ਪੰਜਾਬੀ ਨੂੰ ਵਿਸ਼ੇ ਵਜੋਂ ਲਿਆ ਸੀ, ਜੋ ਕਿ ਇਸ ਸਾਲ ਘਟਦੇ ਹੋਏ ਸਿਰਫ 12 ਰਹਿ ਗਈ ਹੈ’।
‘ਪੰਜਾਬੀ ਸਿਖਾਉਣ ਲਈ ਕਿਤਾਬਾਂ ਅਤੇ ਹੋਰ ਚੀਜਾਂ ਦੀ ਭਾਲ ਲਈ ਬਹੁਤ ਜਦੋ-ਜਹਿਦ ਕਰਨੀ ਪੈਂਦੀ ਹੈ। ਮੈਂ ਜਦੋਂ ਵੀ ਭਾਰਤ ਜਾਂਦੀ ਹਾਂ ਤਾਂ ਉੱਥੋਂ ਢੇਰਾਂ ਹੀ ਪੰਜਾਬੀ ਦੀਆਂ ਕਿਤਾਬਾਂ ਆਪਣੇ ਨਾਲ ਲਿਆਉਂਦੀ ਹਾਂ’।
ਮਿਸ ਬਾਂਸਲ ਨੇ ਸਾਰੇ ਪੰਜਾਬੀ ਭਾਈਚਾਰੇ ਨੂੰ ਜਿੱਥੇ ਵਿਦਿਆਰਥੀਆਂ ਵਲੋਂ ਲਏ ਸ਼ਾਨਦਾਰ ਅੰਕਾਂ ਲਈ ਵਧਾਈ ਦਿੱਤੀ ਉਥੇ ਨਾਲ ਹੀ ਇਹ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਇੱਕ ਵਿਸ਼ੇ ਵਜੋਂ ਲੈਣ ਲਈ ਜਰੂਰ ਹੀ ਪ੍ਰੇਰਣ, ਨਹੀਂ ਤਾਂ ਸਰਕਾਰ ਇਸ ਨੂੰ ਕਦੀ ਵੀ ਬੰਦ ਕਰ ਸਕਦੀ ਹੈ।