ਮੈਟਾ ਟੈਕ ਸਮੂਹ ਹੁਣ ਆਪਣੇ ਸਟਾਫ ਦੀ ਕਟੌਤੀ ਕਰਨ ਜਾ ਰਿਹਾ ਹੈ। ਮੈਟਾ ਤੋਂ ਪਹਿਲਾਂ ਇਸਦੇ ਵਿਰੋਧੀ ਪਲੇਟਫਾਰਮ ਟਵਿੱਟਰ ਨੇ ਵੀ ਕੁੱਝ ਅਜਿਹਾ ਹੀ ਕੀਤਾ ਸੀ। ਫੇਸਬੁੱਕ ਅਤੇ ਇੰਟਾਗ੍ਰਾਮ ਦੀ ਮਾਲਕ ਮੈਟਾ ਕੰਪਨੀ ਵੱਲੋਂ 11,000 ਨੌਕਰੀਆਂ ਦੀ ਕਟੌਤੀ ਕੀਤੀ ਜਾ ਸਕਦੀ ਹੈ ਜੋ ਕਿ ਇਸ ਦੇ ਕੁੱਲ ਕਾਮਿਆਂ ਦਾ 13 ਫੀਸਦ ਬਣਦਾ ਹੈ। ਇਹ ਫੈਸਲਾ ਇਸ ਸਾਲ ਇਸਦੇ ਸਟਾਕ ਦੀ ਕੀਮਤ ਵਿੱਚ 71 ਪ੍ਰਤੀਸ਼ਤ ਦੀ ਗਿਰਾਵਟ ਆਉਣ ਤੋਂ ਬਾਅਦ ਲਿਆ ਗਿਆ ਹੈ।
ਕਿਸੇ ਸਮੇਂ ਸੋਸ਼ਲ ਮੀਡੀਆ ਉੱਤੇ ਹਾਵੀ ਰਹਿਣ ਵਾਲੀ ਮੈਟਾ ਕੰਪਨੀ ਨੇ ਆਪਣੀ ਪਹਿਲੀ ਸਟਾਫ ਕਟੌਤੀ ਦਾ ਐਲਾਨ ਕੀਤਾ ਹੈ।
ਇੱਕ ਕੰਪਨੀ ਵਿਆਪੀ ਈਮੇਲ ਵਿੱਚ ਸੀ ਈ ਓ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਉਹਨਾਂ ਨੇ ਸੋਚਿਆ ਸੀ ਕਿ ਮਹਾਂਮਾਰੀ ਨਾਲ ਤਕਨੀਕੀ ਵਿਭਾਗ ਉੱਤੇ ਖ਼ਾਸ ਪ੍ਰਭਾਵ ਨਹੀਂ ਪਵੇਗਾ ਪਰ ਉਹ ਗਲ਼ਤ ਸਨ।
ਲਗਭਗ 2.9 ਬਿਲੀਅਨ ਸਰਗਰਮ ਉਪਭੋਗਤਾਵਾਂ ਨਾਲ ਫੇਸਬੁੱਕ ਅਜੇ ਵੀ ਦੁਨੀਆ ਦਾ ਸਭ ਤੋਂ ਵੱਡਾ ਸੋਸ਼ਲ ਮੀਡੀਆ ਪਲੇਟਫਾਰਮ ਹੈ।
ਪਰ ਇਸ ਸਾਲ ਪਹਿਲੀ ਵਾਰ ਇਸਦੇ ਮੈਂਬਰਾਂ ਵਿੱਚ ਗਿਰਾਵਟ ਆਈ ਹੈ।
ਅਤੇ ਇਸਦੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਟਿਕ-ਟੋਕ ਨੂੰ ਕਿਹਾ ਜਾ ਸਕਦਾ ਹੈ।
ਚੀਨ ਦੇ ਇਸ ਵੀਡੀਓ ਪਲੇਟਫਾਰਮ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਹੈਰਾਨੀਜਨਕ ਪ੍ਰਸਿੱਧੀ ਹਾਸਲ ਕਰ ਲਈ ਸੀ।
ਦੱਸਣਯੋਗ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਮੈਟਾ ਕੰਪਨੀ ਦਾ ਫੋਕਸ ਆਪਣੀ ਵਰਚੁਅਲ ਰਿਐਲਿਟੀ ਮੇਟਾਵਰਸ ਬਣਾਉਣ ਵੱਲ ਹੋ ਗਿਆ ਹੈ। ਸ਼੍ਰੀ ਜ਼ੁਕਰਬਰਗ ਨੂੰ ਲੱਗਦਾ ਹੈ ਇਹ ਤਕਨੀਕ ਇੱਕ ਦਿਨ ਸਮਾਰਟਫੋਨਜ਼ ਦੀ ਥਾਂ ਲੈ ਲਵੇਗੀ।
ਇਸ ਨੂੰ ਵਿਕਸਿਤ ਕਰਨ ਲਈ ਮੈਟਾ ਸਾਲਾਨਾ 15 ਬਿਲੀਅਨ ਡਾਲਰ ਤੋਂ ਵੱਧ ਖਰਚ ਕਰ ਰਿਹਾ ਹੈ ਜਿਸ ਤੋਂ ਨਿਵੇਸ਼ਕ ਚਿੰਤਤ ਨਜ਼ਰ ਆ ਰਹੇ ਹਨ।
ਇਹ ਤਕਨੀਕੀ ਦਿੱਗਜ ਇਸਦੇ ਸਟਾਕ ਮੁੱਲ ਦੇ ਦੋ ਤਿਹਾਈ ਤੋਂ ਇਲਾਵਾ ਇਸ ਸਾਲ ਪਹਿਲਾਂ ਹੀ 14.5 ਬਿਲੀਅਨ ਡਾਲਰ ਗੁਆ ਚੁੱਕਾ ਹੈ।





