ਵਿਕਟੋਰੀਆ ਦੇ ਖੇਤਰੀ ਇਲਾਕੇ ਸ਼ੈਪਰਟਨ ਨਜ਼ਦੀਕ ਮ੍ਰਿਤਕ ਪਾਏ ਗਏ ਪੰਜਾਬੀ ਨੌਜਵਾਨ ਦਾ ਪਰਿਵਾਰ ਉਸ ਦੀ ਮੌਤ ਪਿਛਲੇ ਕਾਰਨਾਂ ਦੀ ਮੁਕੰਮਲ ਤੌਰ ਉੱਤੇ ਤਫਤੀਸ਼ ਚਾਹੁੰਦਾ ਹੈ।
ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਪੰਡੋਰੀ ਅਰਾਈਆਂ ਨਾਲ ਸਬੰਧ ਰੱਖਦਾ ਸਿਮਰਨਜੀਤ ਸਿੰਘ ਭੁੱਲਰ ਤਕਰੀਬਨ ਛੇ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਪੜ੍ਹਨ ਲਈ ਆਇਆ ਸੀ।
ਸਿਮਰਨਜੀਤ ਸਿੰਘ ਨੂੰ ਆਖਰੀ ਵਾਰ 29 ਅਪ੍ਰੈਲ ਨੂੰ ਕੋਬਰਮ ਇਲਾਕੇ ਵਿੱਚ ਰਾਤ ਨੌਂ ਵਜੇ ਦੇਖਿਆ ਗਿਆ ਸੀ।
ਪੁਲਿਸ ਵੱਲੋਂ ਉਸਨੂੰ ਗੁੰਮਸ਼ੁਦਾ ਮੰਨਕੇ, ਲੋਕਾਂ ਤੋਂ ਉਸਨੂੰ ਲੱਭਣ ਲਈ ਮਦਦ ਦੀ ਅਪੀਲ ਕੀਤੀ ਗਈ ਸੀ।
ਇਸ ਸਿਲਸਿਲੇ ਵਿੱਚ ਇੱਕ ਪੰਜਾਬੀ ਪੁਲਿਸ ਅਧਿਕਾਰੀ ਵੀ ਨਿਯੁਕਤ ਕੀਤੀ ਗਈ ਸੀ।
ਪਰਿਵਾਰ ਵੱਲੋਂ ਐਸ ਬੀ ਐਸ ਪੰਜਾਬੀ ਨਾਲ ਪਹਿਲਾਂ ਗੱਲ ਕਰਦਿਆਂ ਉਸਦੇ ਲਾਪਤਾ ਹੋਣ ਅਤੇ ਸੰਪਰਕ ਨਾ ਕਰਨ ਪਿੱਛੋਂ ਉਸਦੀ ਜਾਨ ਨੂੰ ਖਤਰੇ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਸੀ।
27-ਸਾਲਾ ਭੁੱਲਰ ਦੀ ਕਾਰ ਪੁਲਿਸ ਨੇ 3 ਮਈ ਨੂੰ ਕੈਟਾਮੈਟਾਆਈਟ ਇਲਾਕੇ ਵਿੱਚੋਂ ਸੜਕ ਲਾਗਿਓਂ ਬਰਾਮਦ ਕਰਨ ਪਿੱਛੋਂ ਫੋਰੈਂਸਿਕ ਤਫਤੀਸ਼ ਲਈ ਭੇਜੀ ਸੀ।
ਮ੍ਰਿਤਕ ਨੌਜਵਾਨ ਦੇ ਪਿਤਾ ਨਿਸ਼ਾਨ ਸਿੰਘ ਭੁੱਲਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਪੁਲਿਸ ਉੱਤੇ ਇਸ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ ਹਨ।

Simranjit Singh Bhullar came to Australia as an international student nearly six years ago. Source: Supplied
"ਅਸੀਂ ਵਾਰ-ਵਾਰ ਪੁਲਿਸ ਨੂੰ ਦੱਸਦੇ ਰਹੇ ਕਿ ਸਾਨੂੰ ਉਸਦੀ ਜਾਨ-ਸਲਾਮਤੀ ਨੂੰ ਲੈ ਕੇ ਚਿੰਤਾ ਹੈ। ਕੁਝ ਲੋਕਾਂ ਵੱਲੋਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਅਸੀਂ ਉਨ੍ਹਾਂ ਦੇ ਨਾਂ ਅਤੇ ਕੁਝ ਜਰੂਰੀ ਜਾਣਕਾਰੀ ਵਾਲ਼ੇ ਸੁਨੇਹਿਆਂ ਦੇ ਸਕ੍ਰੀਨਸ਼ਾਟ ਵੀ ਪੁਲਿਸ ਨੂੰ ਸਪੁਰਦ ਕੀਤੇ ਸਨ।"
ਸ੍ਰੀ ਭੁੱਲਰ ਨੇ ਕਿਹਾ ਕਿ ਪੁਲਿਸ ਵੱਲੋਂ ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਜਿਸ ਇਲਾਕੇ ਵਿੱਚੋਂ ਕਾਰ ਬਰਾਮਦ ਹੋਈ ਹੈ ਉਸ ਇਲਾਕੇ ਦੀ ਖੋਜੀ-ਕੁੱਤਿਆਂ ਤੇ ਹੈਲੀਕਾਪਟਰ ਜ਼ਰੀਏ ਪੂਰਨ ਰੂਪ ਵਿੱਚ ਛਾਣਬੀਣ ਕੀਤੀ ਗਈ ਹੈ।
Read this story in English:

Indian family alleges police negligence after body of their son found in regional Victoria
ਸ੍ਰੀ ਭੁੱਲਰ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਸੀ ਕਿ 'ਉਹ ਖੁਦ ਹੀ ਕਿਤੇ ਗਾਇਬ ਹੋਇਆ ਹੈ' - "ਅਸੀਂ ਪੁਲਿਸ ਨੂੰ ਦੱਸਿਆ ਸੀ ਕਿ ਸਾਨੂੰ ਖ਼ਦਸ਼ਾ ਹੈ ਕਿ ਸਾਡਾ ਪੁੱਤਰ ਕਤਲ ਕੀਤਾ ਗਿਆ ਹੈ। ਇਸਦੇ ਬਾਵਜੂਦ ਉਹਨਾਂ ਇਸ ਮਾਮਲੇ ਨੂੰ ਸੰਜਦੀਗੀ ਨਾਲ਼ ਨਹੀਂ ਲਿਆ," ਉਨ੍ਹਾਂ ਕਿਹਾ।
"ਸਾਨੂੰ ਹੈਰਾਨੀ ਹੈ ਕਿ ਸਾਡੇ ਬੇਟੇ ਦੀ ਲਾਸ਼ ਉਸਦੀ ਕਾਰ ਤੋਂ ਮਹਿਜ਼ ਦੋ ਕਿਲੋਮੀਟਰ ਦੂਰੀ 'ਤੇ ਪਾਈ ਗਈ ਹੈ। ਉੱਥੇ ਕੋਈ ਜੰਗਲ ਨਹੀਂ ਹੈ, ਇਹ ਇੱਕ ਪੱਧਰਾ ਇਲਾਕਾ ਹੈ ਜਿੱਥੇ ਛੋਟੀ-ਛੋਟੀ ਕਣਕ ਉੱਗੀ ਹੋਈ ਹੈ। ਇਹ ਸਾਰੇ ਹਾਲਾਤ ਪੁਲਿਸ ਵੱਲੋਂ ਚਲਾਏ ਜਾਂਚ ਅਤੇ ਖੋਜ ਅਭਿਆਨ ਦੇ ਨਿਕੰਮੇਪਣ ਵੱਲ ਇਸ਼ਾਰਾ ਕਰਦੇ ਹਨ।"
ਭੁੱਲਰ ਪਰਿਵਾਰ ਨਾਲ ਸਬੰਧ ਰੱਖਦੇ ਮੈਲਬੌਰਨ ਦੇ ਇੱਕ ਵਿਅਕਤੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਅਤੇ ਉਸਦੇ ਕੁਝ ਮਿੱਤਰ ਉਸ ਥਾਂ ਦੀ ਛਾਣਬੀਣ ਕਰਨ ਲਈ ਮੈਲਬੌਰਨ ਤੋਂ ਚੱਲਕੇ ਗਏ ਸਨ ਜਿਥੋਂ ਕਿ ਉਸਦੀ ਕਾਰ ਬਰਾਮਦ ਕੀਤੀ ਗਈ ਸੀ -
"ਸਾਨੂੰ ਪੁਲਿਸ ਵੱਲੋਂ ਇਹ ਨਿੱਜੀ ਖੋਜ ਅਭਿਆਨ ਚਲਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਹੋ ਸਕਦੇ ਕਿ ਇਸ ਪਿਛਲਾ ਕਾਰਨ ਕੋਵਿਡ ਪਾਬੰਧੀਆਂ ਹੋਣ।"
ਵਿਕਟੋਰੀਆ ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕੈਟਾਮੈਟਾਆਈਟ ਇਲਾਕੇ ਵਿੱਚ ਮਿਲੀ ਇੱਕ ਲਾਸ਼ ਨੂੰ ਕੋਰੋਨਰ ਦੀ ਤਫਤੀਸ਼ ਲਈ ਭੇਜਿਆ ਗਿਆ ਹੈ।

The family demands police to examine the circumstances leading to the death of their son in Melbourne. Source: Victoria Police
"ਇਸ ਲਾਸ਼ ਦੀ ਪਛਾਣ ਨਹੀਂ ਹੋ ਸਕੀ ਪਰ ਇਸ ਨੂੰ ਸਿਮਰਨਜੀਤ ਸਿੰਘ ਭੁੱਲਰ ਮੰਨਿਆ ਜਾ ਰਿਹਾ ਹੈ ਜੋ 3 ਮਈ ਤੋਂ ਲਾਪਤਾ ਸੀ।"
ਪੁਲਿਸ ਨੇ ਮੌਤ ਨੂੰ 'ਨਾਨ-ਸਸਪੇਸ਼ੀਅਸ' ਕਰਾਰ ਦਿੱਤਾ ਹੈ। ਖੋਜ-ਅਭਿਆਨ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਤਸੱਲੀ ਹੈ ਕਿ ਉਨ੍ਹਾਂ ਇਸ ਸਿਲਸਿਲੇ ਚ 'ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਯੋਗ ਖੋਜ ਪ੍ਰਕਿਰਿਆ ਵਰਤਦਿਆਂ ਵੱਡੇ ਪੱਧਰ 'ਤੇ ਉਸਨੂੰ ਲੱਭਣ ਲਈ ਅਭਿਆਨ ਚਲਾਇਆ'।
ਇਸ ਦੌਰਾਨ ਮ੍ਰਿਤਕ ਦੇਹ ਨੂੰ ਆਖਰੀ ਰਸਮਾਂ ਲਈ ਭਾਰਤ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉੱਘੇ ਸਮਾਜ ਸੇਵੀ ਮਨਜੀਤ ਬੋਪਾਰਾਏ ਵੱਲੋਂ ਪੀੜਤ ਪਰਿਵਾਰ ਦੀ ਮਦਦ ਲਈ ਭਾਈਚਾਰੇ ਦੀ ਸਹਾਇਤਾ ਨਾਲ ਵੀਹ ਹਜ਼ਾਰ ਡਾਲਰ ਦੀ ਰਕਮ ਇਕੱਠੀ ਕਰਨ ਲਈ ਫੇਸਬੁੱਕ ਉੱਤੇ ਇੱਕ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ।
ਪਰਿਵਾਰ ਵੱਲੋਂ ਇਸ ਮੌਤ ਦੀ ਉੱਚ-ਪੱਧਰੀ ਜਾਂਚ ਕਰਵਾਉਣ ਅਤੇ ਪੁਲਿਸ ਕਾਰਵਾਈ ਨੂੰ ਨਾ-ਕਾਫੀ ਮੰਨਕੇ, ਪੁਲਿਸ ਨੂੰ ਵੀ ਇਸ ਜਾਂਚ ਦੇ ਘੇਰੇ ਵਿੱਚ ਲਿਆਉਣ ਦੀ ਅਪੀਲ ਕੀਤੀ ਗਈ ਹੈ।

Source: Supplied
ਮ੍ਰਿਤਕ ਨੌਜਵਾਨ ਦੇ ਪਿਤਾ ਨਿਸ਼ਾਨ ਸਿੰਘ ਭੁੱਲਰ ਨਾਲ਼ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।