Key Points
- ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ ਨੇ 2021 ਮਰਦਮਸ਼ੁਮਾਰੀ ਵਿੱਚ ਪਛਾਣੀਆਂ ਗਈਆਂ ਦਸ ਸਿਹਤ ਸਥਿਤੀਆਂ ਦਾ ਅਧਿਐਨ ਕਰਦੀ ਇੱਕ ਰਿਪੋਰਟ ਜਾਰੀ ਕੀਤੀ ਹੈ।
- ਵੀਅਤਨਾਮ, ਦੱਖਣੀ ਕੋਰੀਆ, ਨੇਪਾਲ ਅਤੇ ਚੀਨ ਤੋਂ ਬਾਅਦ ਲੰਬੇ ਸਮੇਂ ਦੀਆਂ ਬਿਮਾਰੀਆਂ ਦੇ ਸਭ ਤੋਂ ਘੱਟ ਪਸਾਰੇ ਲਈ ਭਾਰਤੀ ਪ੍ਰਵਾਸੀ ਆਸਟ੍ਰੇਲੀਆ ਵਿੱਚ ਪੰਜਵੇਂ ਸਥਾਨ 'ਤੇ ਹਨ।
- ਪੰਜਾਬੀ (17%), ਗੁਜਰਾਤੀ (18%) ਕੋਰੀਅਨ (16%) ਅਤੇ ਮੈਂਡਰਿਨ (16%) ਬੋਲਣ ਵਾਲਿਆਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਲੰਬੇ ਸਮੇਂ ਦੀਆਂ ਬਿਮਾਰੀਆਂ ਸਭ ਤੋਂ ਘੱਟ ਹਨ।
- ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਜਨਮੇ ਲੋਕਾਂ ਤੋਂ ਬਾਅਦ ਭਾਰਤ ਦੇ ਜੰਮੇ ਲੋਕਾਂ ਦਾ ਡਾਇਬੀਟੀਜ਼ ਵਿੱਚ ਤੀਜਾ ਨੰਬਰ ਹੈ।
ਇਸ ਨਵੀਂ ਸਰਕਾਰੀ ਰਿਪੋਰਟ ਰਾਹੀਂ ਜਿੱਥੇ ਆਸਟ੍ਰੇਲੀਅਨਾਂ ਦੇ ਸੱਭਿਆਚਾਰਕ ਸਿਹਤ ਅੰਤਰਾਂ ਦਾ ਖੁਲਾਸਾ ਹੋਇਆ ਹੈ ਉੱਥੇ ਐਸ ਬੀ ਐਸ ਪੰਜਾਬੀ ਨੇ ਭਾਰਤੀ ਮੂਲ ਦੇ ਪਰਵਾਸੀਆਂ ਦੀ ਸਹਿਤ ਸਥਿਤੀ ਜਾਨਣ ਦੀ ਕੋਸ਼ਿਸ਼ ਕੀਤੀ ਹੈ।
ਰਿਪੋਰਟ ਅਨੁਸਾਰ 80 ਲੱਖ ਤੋਂ ਵੱਧ ਆਸਟ੍ਰੇਲੀਅਨਾਂ ਦੇ ਵਿੱਚ ਕੋਈ ਨਾ ਕੋਈ ਪੁਰਾਣੀ ਸਿਹਤ ਸਥਿਤੀ ਪਛਾਣੀ ਗਈ ਹੈ ਅਤੇ ਕੁਝ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਸਮੂਹ ਦੂਜਿਆਂ ਨਾਲੋਂ ਜ਼ਿਆਦਾ ਬੀਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ।
ਅੰਕੜਿਆਂ 'ਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਤੋਂ ਬਾਹਰ ਜਨਮ ਦੇ 20 ਸਭ ਤੋਂ ਆਮ ਵਿਦੇਸ਼ੀ ਦੇਸ਼ਾਂ ਦੇ ਪ੍ਰਵਾਸੀਆਂ ਦੀ ਸਿਹਤ ਆਮ ਤੌਰ ਤੇ ਆਸਟ੍ਰੇਲੀਆ ਵਿੱਚ ਜਨਮੇ ਲੋਕਾਂ ਨਾਲੋਂ ਕਾਫੀ ਬਿਹਤਰ ਹੈ। ਖਾਸ ਕਰਕੇ ਲੰਬੇ ਸਮੇਂ ਦੀ ਸਿਹਤ ਸਥਿਤੀਆਂ ਦੀ ਦਰ 'ਚ ਭਾਰਤੀ ਆਸਟਰੇਲਿਆਈ ਲੋਕਾਂ ਦੇ ਅੰਕੜੇ ਕਾਫੀ ਘੱਟ ਹਨ ਪਰ ਸ਼ੂਗਰ ਦੀ ਬਿਮਾਰੀ ਦਾ ਪ੍ਰਸਾਰ ਪਾਕਿਸਤਾਨ ਅਤੇ ਸ਼੍ਰੀਲੰਕਾ 'ਤੋਂ ਬਾਅਦ ਤੀਜੇ ਨੰਬਰ ਤੇ ਹੈ।

Credit: Source: Australian Institute of Health and Welfare.
ਖੋਜ ਦਾ ਵਿਸ਼ਲੇਸ਼ਣ ਕਰਦੇ ਹੋਏ ਡਾਕਟਰ ਕਮਲ ਨੇ ਦੱਸਿਆ ਕਿ ਅੰਕੜਿਆਂ ਦੇ ਹਿਸਾਬ ਨਾਲ ਭਾਵੇਂ ਭਾਰਤੀ ਮੂਲ ਦੇ ਆਸਟ੍ਰੇਲੀਅਨਾਂ ਦੀ ਔਸਤਨ ਸਹਿਤ ਸਥਿਤੀ ਹੋਰ ਭਾਈਚਾਰਿਆਂ ਨਾਲੋਂ ਕਾਫੀ ਬਿਹਤਰ ਹੈ ਪਰ ਸ਼ੂਗਰ ਅਤੇ ਦਿਲ ਨਾਲ ਸੰਬੰਧਿਤ ਰੋਗਾਂ ਦੀ ਦਰ ਵੱਧ ਰਹੀ ਹੈ।
ਡਾ ਕਮਲ ਨੇ ਜਿੱਥੇ ਇਸ ਰਿਪੋਰਟ ਬਾਰੇ ਡੂੰਗਾਈ 'ਚ ਹੋਰ ਜਾਣਕਾਰੀ ਦਿੱਤੀ, ਉੱਥੇ ਉਨ੍ਹਾਂ ਨੇ ਭਾਰਤੀਆਂ ਦੇ ਖਾਣੇ-ਦਾਣੇ 'ਤੇ ਚਾਨਣਾ ਪਾਉਂਦੇ ਹੋਏ, ਸ਼ੂਗਰ ਦੀ ਸਮੱਸਿਆ ਨੂੰ ਠੱਲ ਪਾਉਣ ਦੇ ਨੁਕਤੇ ਵੀ ਸਾਂਝੇ ਕੀਤੇ।