16-ਸਾਲਾ ਜੈਸਮਿਨ ਕੌਰ ਨੂੰ ਸੋਮਵਾਰ 18 ਜਨਵਰੀ ਨੂੰ ਐਡੀਲੇਡ ਦੇ ਗਵਰਨਰ ਵੱਲੋਂ ਸਾਲ 2021 ਦਾ ਆਸਟ੍ਰੇਲੀਆ ਦਿਵਸ ਸਨਮਾਨ ਦਿੱਤਾ ਗਿਆ ਹੈ।
ਮਨੁੱਖੀ ਸੇਵਾਵਾਂ ਮੰਤਰੀ ਮਿਸ਼ੇਲ ਲੈਂਸਿੰਕ ਵੱਲੋਂ ਇਹ ਪੁਰਸਕਾਰ ਉਸਨੂੰ ਸਕੂਲ ਭਾਈਚਾਰੇ ਲਈ ਰੋਲ ਮਾਡਲ ਵਜੋਂ ਮਿਲਿਆ ਹੈ।
ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਇਹ ਉਸ ਲਈ ਅਤੇ ਉਸਦੇ ਪਰਿਵਾਰ ਲਈ ਇੱਕ ‘ਮਾਣ ਅਤੇ ਖੁਸ਼ੀ ਦਾ ਪਲ’ ਸੀ।

ਉਸਨੇ ਕਿਹਾ ਕਿ ਭਾਸ਼ਾਵਾਂ ਅਤੇ ਸਭਿਆਚਾਰ ਪ੍ਰਤੀ ਉਸਦੀਆਂ 'ਕੋਸ਼ਿਸ਼ਾਂ ਅਤੇ ਵਚਨਬੱਧਤਾ' ਨੇ ਉਸ ਨੂੰ ਐਡੀਲੇਡ ਹਾਈ ਸਕੂਲ ਵਿੱਚ ਇੱਕ 'ਅੰਤਰਰਾਸ਼ਟਰੀ ਦੂਤ' ਦੀ ਭੂਮਿਕਾ ਨੂੰ ਸਵੀਕਾਰਨ ਅਤੇ ਅਪਨਾਉਣ ਵਿੱਚ ਸਹਾਇਤਾ ਕੀਤੀ ਹੈ।
“ਇਹ ਭੂਮਿਕਾ ਸਥਾਨਕ ਸਕੂਲ ਅਤੇ ਦੱਖਣੀ ਆਸਟ੍ਰੇਲੀਆ ਦੇ ਭਾਈਚਾਰੇ ਦੇ ਅੰਦਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਕਰਨ 'ਤੇ ਕੇਂਦ੍ਰਤ ਹੈ,” ਉਸਨੇ ਕਿਹਾ।
"ਮੈਂ ਸਕੂਲ ਅਤੇ ਕਮਿਊਨਿਟੀ ਪ੍ਰੋਗਰਾਮਾਂ ਵਿੱਚ ਬਹੁਤ ਸਾਰੀਆਂ ਸਵੈ-ਸੇਵੀ ਭੂਮਿਕਾਵਾਂ ਦੁਆਰਾ ਸਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਵਿੱਚ ਸ਼ਾਮਲ ਹੁੰਦੀ ਰਹੀ ਹਾਂ ਜਿੱਥੇ ਮੈਂ ਕੈਂਸਰ ਕੌਂਸਲ ਅਤੇ ਕੈਨ: ਡੂ 4 ਕਿਡ ਵਰਗੀਆਂ ਸੰਸਥਾਵਾਂ ਲਈ ਫੰਡ ਇਕੱਠਾ ਕਰਨ ਵਿੱਚ ਵੀ ਸਹਾਇਤਾ ਕੀਤੀ।"

ਇਸ ਦੌਰਾਨ ਆਸਟ੍ਰੇਲੀਆ ਦਿਵਸ ਪਰਿਸ਼ਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਜਾਨ ਚੋਰਲੀ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਅਸਾਧਾਰਣ ਦੱਖਣੀ ਆਸਟ੍ਰੇਲੀਅਨ ਲੋਕਾਂ ਦੀ ਉਸ ਵਚਨਬੱਧਤਾ ਨੂੰ ਮਾਨਤਾ ਦਿੰਦੇ ਹਨ ਜਿਸ ਤਹਿਤ ਉਹ ਆਪਣੇ ਭਾਈਚਾਰਿਆਂ ਦਾ ਧਿਆਨ ਰੱਖਦੇ ਹਨ।
“ਆਸਟ੍ਰੇਲੀਆ ਦਿਵਸ ਅਵਾਰਡ ਸਾਰੇ ਦੱਖਣੀ ਆਸਟ੍ਰੇਲੀਆ ਦੇ ਲੋਕਾਂ ਦੁਆਰਾ ਕੀਤੇ ਗਏ ਉੱਤਮ ਯਤਨਾਂ ਨੂੰ ਮਾਨਤਾ ਦਿੰਦਾ ਹੈ। 2021 ਦੇ ਇਨਾਮ ਪ੍ਰਾਪਤ ਕਰਨ ਵਾਲਿਆਂ ਦੀਆਂ ਕੁਝ ਖ਼ਾਸ ਕਾਰਵਾਈਆਂ ਹਨ ਜੋ ਉਨ੍ਹਾਂ ਦੇ ਆਸਪਾਸ ਦੇ ਲੋਕਾਂ ਦੀ ਜ਼ਿੰਦਗੀ ਨੂੰ ਨਿਖਾਰਦੀਆਂ ਹਨ," ਉਨ੍ਹਾਂ ਕਿਹਾ।
“ਇਹ ਉਹ ਹੀਰੋ ਹਨ ਜਿਨ੍ਹਾਂ ਨੂੰ ਅਸੀਂ ਆਸਟ੍ਰੇਲੀਆ ਦਿਵਸ 'ਤੇ ਮਾਣ ਦਿੰਦੇ ਹਾਂ ਅਤੇ ਮੈਂ ਸਾਰੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਭਾਈਚਾਰੇ ਲਈ ਪਾਏ ਯੋਗਦਾਨ ਲਈ ਵਧਾਈ ਦਿੰਦੀ ਹਾਂ।”
ਜੈਸਮਿਨ ਜੋ ਤਿੰਨ ਸਾਲ ਦੀ ਉਮਰ ਵਿੱਚ ਚੰਡੀਗੜ੍ਹ ਤੋਂ ਆਸਟ੍ਰੇਲੀਆ ਆ ਗਈ ਸੀ, ਉਸ ਸਮੇਂ ਸਿਰਫ ਪੰਜਾਬੀ ਹੀ ਬੋਲ ਸਕਦੀ ਸੀ।
ਉਸਦੀ ਮਾਂ ਮਨਦੀਪ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸ ਨੂੰ ਜੈਸਮਿਨ ਦੇ ਭਾਸ਼ਾਵਾਂ ਪ੍ਰਤੀ ਉਸ ਸ਼ੌਕ ਦਾ ਅਹਿਸਾਸ ਹੋ ਗਿਆ ਜਦੋਂ ਉਸ ਨੇ ਸਹਿਜੇ ਹੀ ਅੰਗਰੇਜ਼ੀ ਸਿੱਖਣੀ ਅਤੇ ਬੋਲਣੀ ਸ਼ੁਰੂ ਕਰ ਦਿੱਤੀ ।
"ਇਸ ਪਿੱਛੋਂ ਉਸਨੇ ਕਦੇ ਵੀ ਪਿੱਛੇ ਮੁੜ੍ਹਕੇ ਨਹੀਂ ਵੇਖਿਆ ਅਤੇ ਉਹ ਸਕੂਲ ਵਿਚ ਆਪਣੇ ਸਾਰੇ ਵਿਸ਼ਿਆਂ ਵਿੱਚ ਚੰਗੇ ਅੰਕ ਲੈਂਦੀ ਰਹੀ ਹੈ।"

ਸ੍ਰੀਮਤੀ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਸਾਹਿਤ ਅਤੇ ਪੜ੍ਹਾਈ ਦੀ ਹੋਰ ਖੇਤਰਾਂ ਵਿੱਚ ਵੀ ਬਹੁਤ ਰੁਚੀ ਦਿਖਾਈ ਹੈ।
ਉਨ੍ਹਾਂ ਕਿਹਾ, “ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਉਸਨੇ ਯੂਨਾਨੀ, ਫ੍ਰੈਂਚ ਅਤੇ ਸਪੈਨਿਸ਼ ਦੀ ਪੜ੍ਹਾਈ ਵੀ ਕੀਤੀ ਹੈ।”
ਜੈਸਮਿਨ ਜੋ ਇੱਕ ਨਿਊਰੋਲੋਜਿਸਟ ਬਣਨਾ ਚਾਹੁੰਦੀ ਹੈ ਇਸ ਸਾਲ ਸਕੂਲ ਤੋਂ ਬਾਅਦ ਯੂਨੀਵਰਸਿਟੀ ਪੱਧਰ 'ਤੇ ਨਰਸਿੰਗ ਦੀ ਪੜ੍ਹਾਈ ਕਰਨਾ ਲੋਚਦੀ ਹੈ।
ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਜੈਸਮਿਨ ਕੌਰ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ:
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ









