ਇਸ ਸਮੇਂ ਵਿਕਟੋਰੀਆ ਦਾ ਪੂਰਬੀ ਗਿਪਸਲੈਂਡ ਖੇਤਰ ਜੰਗਲ ਦੀ ਅੱਗ ਨਾਲ਼ ਕਾਫੀ ਪ੍ਰਭਾਵਿਤ ਹੈ।
ਹਜ਼ਾਰਾਂ ਦੇ ਤਾਦਾਦ ਵਿੱਚ ਲੋਕਾਂ ਨੂੰ ਅੱਗ ਤੋਂ ਬਚਣ ਲਈ ਘਰ ਛੱਡਕੇ ਆਰਜ਼ੀ ਟਿਕਾਣਿਆਂ 'ਤੇ ਜਾਣਾ ਪਿਆ ਹੈ - ਉਨ੍ਹਾਂ ਦੀ ਭੋਜਨ-ਪਾਣੀ ਦੀਆਂ ਲੋੜ੍ਹਾਂ ਦੇ ਮੱਦਨਜ਼ਰ ਕਈ ਸਮਾਜ-ਸੇਵੀ ਸੰਸਥਾਵਾਂ ਅੱਗੇ ਆਈਆਂ ਹਨ।
ਇਸ ਦੌਰਾਨ ਪੂਰਬੀ ਗਿਪਸਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਬੇਰਨਜ਼ਡੇਲ ਸਥਿੱਤ ਇੱਕ ਭਾਰਤੀ ਰੈਸਟੋਰੈਂਟ 'ਦੇਸੀ ਗਰਿੱਲ' ਨੇ ਬੁਸ਼ਫਾਇਰ ਪੀੜਤਾਂ ਦੀ ਮਦਦ ਲਈ ਮੁਫ਼ਤ ਭੋਜਨ ਦੀ ਸਹੂਲਤ ਦੇਣ ਲਈ ਅੱਗੇ ਆਉਣ ਦਾ ਫੈਸਲਾ ਕੀਤਾ।

ਦੇਸੀ ਗਰਿੱਲ ਦੇ ਮਾਲਕ ਕੰਵਲਜੀਤ ਸਿੰਘ ਅਤੇ ਕਮਲਜੀਤ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਨਾ ਸਿਰਫ ਮੁਫਤ ਭੋਜਨ ਮੁਹੱਈਆ ਕਰਵਾਉਣਾ ਹੈ ਬਲਕਿ ਸਥਾਨਿਕ ਲੋਕਾਂ ਦੀ ਸੇਵਾ ਕਰਨਾ ਵੀ ਹੈ।
ਕੰਵਲਜੀਤ ਸਿੰਘ ਜੋਕਿ ਪਿਛਲੇ 6 ਸਾਲ ਤੋਂ ਇਸ ਇਲਾਕੇ ਦੇ ਵਸਨੀਕ ਹਨ, ਨੇ ਕਿਹਾ ਕਿ ਜਦੋਂ ਲੋਕਾਂ ਨੂੰ ਅਜਿਹੀ ਲੋੜ ਹੋਵੇ ਤਾਂ ਉਨ੍ਹਾਂ ਦੀ ਸੇਵਾ ਕਰਨਾ ਸਾਡਾ ਫਰਜ਼ ਬਣਦਾ ਹੈ।
ਸ੍ਰੀ ਸਿੰਘ ਇਸਨੂੰ ਕੋਈ 'ਮਾਣ ਵਾਲ਼ੀ ਗੱਲ' ਨਹੀਂ ਸਮਝਦੇ - "ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਅਸੀਂ ਤਾਂ ਉਹੀ ਕਰ ਰਹੇ ਹਾਂ ਜੋ ਅੱਜ ਦੂਜੇ ਆਸਟਰੇਲੀਅਨ ਲੋਕ ਵੀ ਕਰ ਰਹੇ ਹਨ - ਸੇਵਾ।
“ਕੱਲ ਰਾਤ ਬਹੁਤ ਜਿਆਦਾ ਬਿਜ਼ੀ ਰਹੀ ਸੀ। ਅਸੀਂ ਚਾਵਲ, ਕਰੀ ਅਤੇ ਪਾਸਟਾ ਪਕਾਉਣ ਵਿਚ ਵਲੰਟੀਅਰਾਂ ਦੀ ਮਦਦ ਕੀਤੀ ਅਤੇ ਭੋਜਨ ਨੂੰ ਘੱਟੋ ਘੱਟ 500 ਪਲਾਸਟਿਕ ਦੇ ਡੱਬਿਆਂ ਵਿੱਚ ਤਕਸੀਮ ਕੀਤਾ।”

ਇਸ ਦੌਰਾਨ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਸੇਵਾਦਾਰ ਦੇਸੀ ਗਰਿੱਲ ਵਿੱਚ ਤਿਆਰ ਕੀਤੇ ਭੋਜਨ ਨੂੰ ਲੋੜਵੰਦਾ ਤੱਕ ਪਹੁੰਚਾਉਣ ਵਿੱਚ ਜੁਟੇ ਹੋਏ ਹਨ।
ਸ਼੍ਰੀ ਸਿੰਘ ਨੇ ਆਖਿਆ - “ਸਿੱਖ ਵਲੰਟੀਅਰਜ਼ ਨੂੰ ਭੋਜਨ ਤਿਆਰ ਕਰਨ ਲਈ ਸਥਾਨਕ ਤੌਰ 'ਤੇ ਸਹੂਲਤ ਚਾਹੀਦੀ ਸੀ। ਸਾਡੀ ਰਸੋਈ ਵਿੱਚ ਵੱਡੇ ਦੇਗੇ ਅਤੇ ਗੈਸ ਸਹੂਲਤਾਂ ਮੌਜੂਦ ਹਨ ਜੋ ਇਕੋ ਸਮੇਂ ਵਿੱਚ ਘੱਟੋ ਘੱਟ 250 ਲੋਕਾਂ ਲਈ ਖਾਣਾ ਪਕਾਉਣ ਦੇ ਸਮਰੱਥ ਹਨ।"
ਇਸ ਖਬਰ ਦੇ ਨਸ਼ਰ ਹੋਣ ਪਿੱਛੋਂ ਸਿੰਘ ਪਰਿਵਾਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਸਿਫਤ ਹੋ ਰਹੀ ਹੈ - ਐੱਸ ਬੀ ਐੱਸ ਆਸਟ੍ਰੇਲੀਆ ਵੱਲੋਂ ਇਸ ਪੋਸਟ ਨੂੰ ਆਪਣੀ ਫੇਸਬੁੱਕ ਉੱਤੇ ਸ਼ੇਅਰ ਕਰਨ ਪਿੱਛੋਂ ਕਈ ਲੋਕਾਂ ਨੇ ਉਨ੍ਹਾਂ ਦੀ ਇਸ ਭਾਵਨਾ ਨੂੰ ਆਪਣਾ ਸਤਿਕਾਰ ਦਿੱਤਾ ਹੈ।

ਸ਼੍ਰੀ ਸਿੰਘ ਨੇ ਆਖਿਆ – “ਮੈਨੂੰ ਖੁਸ਼ੀ ਹੈ ਕਿ ਸਾਡੇ ਸਟਾਫ ਨੇ ਵੀ ਇਸਨੂੰ ਕੰਮਾਂ ਵਰਗਾ ਕੰਮ ਨਾ ਜਾਣਕੇ ਸਗੋਂ ਸੇਵਾ-ਭਾਵਨਾ ਨਾਲ਼ ਅੱਗੇ ਆਉਣ ਦੀ ਵਚਨਬੱਧਤਾ ਦਿਖਾਈ ਹੈ।"
ਇਸ ਵਿੱਚ ਕੋਈ ਮਾਣ ਵਾਲ਼ੀ ਗੱਲ ਨਹੀਂ ਹੈ ਅਸੀਂ ਤਾਂ ਬੱਸ ਸਿੱਖ ਸਿਧਾਂਤਾਂ ਦੇ ਅਨੁਸਾਰ ਕੰਮ ਕਰ ਰਹੇ ਹਾਂ ਜੋ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਸੇਧ ਦਿੰਦਾ ਹੈ।
“ਸਾਡੇ ਕੋਲ ਇੱਕ ਦਿਨ ਵਿੱਚ 1000 ਲੋਕਾਂ ਲਈ ਖਾਣਾ ਬਣਾਉਣ ਦੀ ਸਮਰੱਥਾ ਹੈ। ਪਰ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿੰਨੀ ਕੁ ਜ਼ਰੂਰਤ ਹੈ। ਸਾਡੇ ਕੋਲ ਚਾਵਲ, ਆਟਾ ਅਤੇ ਦਾਲ ਦਾ ਭੰਡਾਰ ਹੈ ਜੋ ਅਸੀਂ ਸੋਚਦੇ ਹਾਂ ਕਿ ਅਗਲੇ ਹਫ਼ਤੇ ਤੱਕ ਲਈ ਕਾਫ਼ੀ ਹੈ।
ਕੰਵਲਜੀਤ ਸਿੰਘ ਦਾ ਪਰਿਵਾਰਕ ਪਿਛੋਕੜ ਪੰਜਾਬ ਵਿੱਚ ਰਾਏਕੋਟ ਕਸਬੇ ਲਾਗੇ ਸਥਿਤ ਕੁਤਬਾ ਪਿੰਡ ਦਾ ਹੈ।
Listen to SBS Punjabi Monday to Friday at 9 pm. Follow us on Facebook and Twitter.






