42-ਸਾਲਾ ਗੁਰਜਿੰਦਰ ਸਿੰਘ ਕਾਹਲੋਂ ਪਿਛਲੇ ਛੇ ਸਾਲਾਂ ਤੋਂ ਦੱਖਣੀ ਆਸਟ੍ਰੇਲੀਆ ਦੇ ਭਾਇਚਾਰੇ ਵਿੱਚ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਮੁਫ਼ਤ ਭੋਜਨ ਮੁਹਈਆ ਕਰਾਉਂਦੇ ਰਹੇ ਹਨ।
ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਦੁਆਰਾ ਕੀਤੀ ਜਾ ਰਹੀ 'ਨਿਰਸਵਾਰਥ ਸੇਵਾ' ਦੇ ਚਲਦਿਆਂ ਉਨ੍ਹਾਂ ਨੂੰ ਇਸ ਸਾਲ ਦੇ ਆਸਟ੍ਰੇਲੀਆ ਦਿਵਸ 'ਤੇ ਕਾਫੀ ਮਾਣ-ਸਨਮਾਨ ਹਾਸਿਲ ਹੋਇਆ ਹੈ।

ਸ਼੍ਰੀ ਕਾਹਲੋਂ ਨੇ ਆਪਣਾ ਪੁਰਸਕਾਰ ਹਾਸਿਲ ਕਰਨ ਪਿੱਛੋਂ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਕ 'ਵਿਸ਼ੇਸ਼ ਅਤੇ ਖੂਬਸੂਰਤ' ਪਲ ਹੈ।
“ਇਹ ਇੱਕ ਵੱਡਾ ਸਨਮਾਨ ਹੈ ਜਿਸ ਪਿੱਛੋਂ ਮੈਨੂੰ ਬਹੁਤ ਮਾਣ ਮਿਲਿਆ ਹੈ। ਇਸ ਨਾਲੋਂ ਵਧੀਆ ਅਤੇ ਖੂਬਸੂਰਤ ਅਹਿਸਾਸ ਹੋਰ ਨਹੀਂ ਹੋ ਸਕਦਾ ਕਿ ਇਹ ਮੈਨੂੰ ਮੇਰੇ ਭਾਈਚਾਰੇ ਦੀ ਸੇਵਾ ਲਈ ਮਿਲਿਆ ਹੈ।
“ਮੇਰਾ ਪਰਿਵਾਰ ਬਹੁਤ ਖੁਸ਼ ਹੈ। ਇਸ ਭਾਈਚਾਰੇ ਦਾ ਹਿੱਸਾ ਬਣਨ ਉੱਤੇ ਅਸੀਂ ਹਮੇਸ਼ਾਂ ਮਾਣ ਮਹਿਸੂਸ ਕੀਤਾ ਹੈ,” ਸ੍ਰੀ ਕਾਹਲੋਂ ਨੇ ਕਿਹਾ।
ਕਾਹਲੋਂ ਪਰਿਵਾਰ ਅਤੇ ਉਨ੍ਹਾਂ ਦੇ ਰੈਸਟੋਰੈਂਟ ਵੱਲੋਂ ਕਰੋਨਾ ਸੰਕਟ ਦੌਰਾਨ ਲਿਏਲ ਮੈਕਵੇਨ ਹਸਪਤਾਲ, ਮੈਡੀ-ਹੋਟਲਾਂ, ਵਿਦੇਸ਼ੀ ਯਾਤਰੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਐਮਰਜੈਂਸੀ ਸਟਾਫ ਨੂੰ ਲਾਕਡਾਊਨ ਦੇ ਚਲਦਿਆਂ ਮੁਫ਼ਤ ਭੋਜਨ ਦੀ ਸਹੂਲਤ ਦਿੱਤੀ ਗਈ ਸੀ।
ਇਹ ਸੇਵਾ ਰੂਪੀ ਕੰਮ ਉਨ੍ਹਾਂ ਆਸਟ੍ਰੇਲੀਅਨ ਸਿੱਖ ਸਪੋਰਟ ਦੀ ਟੀਮ ਨਾਲ਼ ਮਿਲਕੇ ਕੀਤਾ।

ਉਨ੍ਹਾਂ ਦਾ ਚਾਹਤ ਰੈਸਟੋਰੈਂਟ ਮਹਾਂਮਾਰੀ ਦੌਰਾਨ ਲੋੜਵੰਦ ਭਾਈਚਾਰੇ ਨੂੰ 3,000 ਤੋਂ ਵੀ ਵੱਧ ਕਰਿਆਨੇ ਦੀਆਂ ਕਿੱਟਾਂ ਵੰਡਣ ਲਈ ਕੇਂਦਰ ਵੀ ਬਣਾਇਆ ਗਿਆ ਸੀ।
ਮੁਫ਼ਤ ਭੋਜਨ ਸਹੂਲਤ ਬਾਰੇ ਬੋਲਦਿਆਂ ਸ੍ਰੀ ਕਾਹਲੋਂ ਨੇ ਕਿਹਾ,"ਅਸੀਂ ਇਸਨੂੰ ਛੋਟੇ ਪੈਮਾਨੇ 'ਤੇ ਸ਼ੁਰੂ ਕੀਤਾ ਜਿਸ ਵਿੱਚ ਰੋਜ਼ਾਨਾ ਪ੍ਰਤੀ ਦਿਨ 30 ਤੋਂ 50 ਖਾਣੇ ਵਾਲ਼ੇ ਬਕਸੇ ਵੰਡੇ ਗਏ। ਪਰ ਜਿਵੇਂ ਹੀ ਲੋੜ ਵਧੀ, ਅਸੀਂ ਆਸਟ੍ਰੇਲੀਅਨ ਸਿੱਖ ਸਪੋਰਟ ਦੇ ਸਹਿਯੋਗ ਨਾਲ ਇਸ ਨੂੰ ਰੋਜ਼ਾਨਾ 300 ਤੋਂ ਵੀ ਵੱਧ ਖਾਣ ਵਾਲੇ ਬਕਸੇ ਤੱਕ ਵਧਾ ਦਿੱਤਾ ਸੀ।"
“ਅਸੀਂ ਨਹੀਂ ਚਾਹੁੰਦੇ ਕਿ ਕੋਈ ਖਾਲੀ ਪੇਟ ਸੌਂਵੇ। ਅਸੀਂ ਮਦਦ ਲਈ ਮੌਜੂਦ ਹਾਂ, ਇਹ ਦੱਸਣ ਲਈ ਅਸੀਂ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਵੀ ਕੀਤਾ ਜਿਸ ਪਿੱਛੋਂ ਬਹੁਤ ਸਾਰੇ ਲੋੜਵੰਦ ਲੋਕਾਂ ਨੇ ਸਾਡੇ ਨਾਲ਼ ਸੰਪਰਕ ਕੀਤਾ।"
ਆਸਟ੍ਰੇਲੀਅਨ ਸਿੱਖ ਸਪੋਰਟ ਵਲੰਟੀਅਰ ਅਮਰੀਕ ਸਿੰਘ ਥਾਂਦੀ ਅਤੇ ਦਲਜੀਤ ਸਿੰਘ ਬਕਸ਼ੀ ਨੇ ਸ੍ਰੀ ਕਾਹਲੋਂ ਦੀ ਇੱਕ ‘ਰੋਲ ਮਾਡਲ’ ਵਜੋਂ ਸ਼ਲਾਘਾ ਕੀਤੀ ਹੈ।
“ਉਹ ਬਹੁਤ ਹੀ ਨੇਕਦਿਲ ਅਤੇ ਹਲੀਮੀ ਨਾਲ਼ ਪੇਸ਼ ਆਉਣ ਵਾਲ਼ੇ ਇਨਸਾਨ ਹਨ। ਉਹ ਸਥਾਨਿਕ ਭਾਈਚਾਰੇ ਨੂੰ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
“ਸਾਨੂੰ ਉਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ ਉੱਤੇ ਬਹੁਤ ਮਾਣ ਹੈ ਜਿਸ ਕਾਰਨ ਉਨ੍ਹਾਂ ਨੂੰ ਇਸ ਵਾਰ ਦਾ ਆਸਟ੍ਰੇਲੀਆ ਦਿਵਸ ਸਨਮਾਨ ਵੀ ਮਿਲਿਆ ਹੈ,” ਉਨ੍ਹਾਂ ਕਿਹਾ।

ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਕਾਹਲੋਂ ਕ੍ਰਿਸਮਸ ਦੇ ਦਿਨਾਂ ਵਿੱਚ ਆਪਣੇ ਰੈਸਟੋਰੈਂਟ ਤੋਂ ਮੁਫਤ ਖਾਣਾ ਵੰਡਣ ਦੇ ਨਾਲ਼-ਨਾਲ਼ ਐਡੀਲੇਡ ਸ਼ਹਿਰ ਦੇ ਲਾਈਟ ਸਕੁਏਰ ਅਤੇ ਹਰਟਲ ਸਕੁਏਰ ਵਿਖੇ ਬੇਘਰੇ ਲੋਕਾਂ ਨੂੰ ਮੁਫ਼ਤ ਨਾਸ਼ਤਾ ਵੀ ਕਰਵਾਉਂਦੇ ਹਨ।
ਪੰਜਾਬ ਵਿੱਚ ਗੁਰਦਾਸਪੁਰ ਜਿਲੇ ਦੇ ਧਾਰੀਵਾਲ਼ ਪਿੰਡ ਦੇ ਪਿਛੋਕੜ ਵਾਲ਼ੇ ਸ਼੍ਰੀ ਕਾਹਲੋਂ ਨੇ ਇਸ ਇੰਟਰਵਿਊ ਵਿੱਚ ਆਪਣੀ ਪਰਵਾਸ ਯਾਤਰਾ ਦੌਰਾਨ ਆਈਆਂ ਮੁਸ਼ਿਕਲਾਂ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਇੱਕ ਡੀਜ਼ਲ ਮਕੈਨਿਕ ਵਜੋਂ ਪੇਸ਼ੇਵਰ ਸ਼ੁਰੂਆਤ ਕੀਤੀ ਤੇ 2013 ਵਿੱਚ ਗਰਦਨ 'ਤੇ ਗੰਭੀਰ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਕਈ ਨਿੱਜੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।
“ਮੈਂ ਕਾਫੀ ਉਦਾਸ ਅਤੇ ਪ੍ਰੇਸ਼ਾਨ ਸੀ। ਮੈਂ ਮੁਸ਼ਕਿਲ ਨਾਲ ਤੁਰਦਾ ਸੀ ਅਤੇ ਬਾਥਰੂਮ ਜਾਣਾ ਵੀ ਬਹੁਤ ਵੱਡੀ ਚੁਣੌਤੀ ਸੀ। ਇਨ੍ਹਾਂ ਹਾਲਾਤਾਂ ਦੇ ਚਲਦਿਆਂ ਪਰਿਵਾਰ ਪਾਲਣਾ ਇੱਕ ਵੱਡੀ ਚੁਣੌਤੀ ਸੀ,” ਉਨ੍ਹਾਂ ਕਿਹਾ।

ਇਹਨਾਂ ਚੁਣੌਤੀ ਭਰੇ ਹਾਲਾਤਾਂ ਵਿੱਚੋਂ ਗੁਜ਼ਰਦਿਆਂ ਆਪਣੇ ਇੱਕ ਦੋਸਤ ਦੀ ਸਲਾਹ ਉੱਤੇ ਉਨ੍ਹਾਂ ਭਾਰਤੀ-ਆਸਟ੍ਰੇਲੀਅਨ ਭਾਈਚਾਰੇ ਲਈ ਘਰੋ-ਘਰ ਟਿਫਿਨ ਸੇਵਾ ਸ਼ੁਰੂ ਕੀਤੀ।
ਆਪਣੀ ਪਤਨੀ ਦੇ ਸਹਿਯੋਗ ਨਾਲ਼ ਸ਼ੁਰੂ ਕੀਤਾ ਇਹ ਕੰਮ ਜਦੋਂ 'ਚੱਲ-ਨਿਕਲਿਆ' ਤਾਂ ਉਨ੍ਹਾਂ 2014 ਵਿੱਚ ਵੇਸਟ ਰਿਚਮੰਡ ਵਿੱਚ ‘ਚਾਹਤ’ ਨਾਂ ਦਾ ਆਪਣਾ ਰੈਸਟੋਰੈਂਟ ਸ਼ੁਰੂ ਕੀਤਾ।
“ਅਸੀਂ ਬਹੁਤ ਔਖਾ ਸਮਾਂ ਵੀ ਵੇਖਿਆ ਹੈ। ਕਈ ਵਾਰ ਸਾਨੂੰ ਸੜਕਾਂ ਕਿਨਾਰੇ ਪਾਰਕਾਂ ਵਿੱਚ ਵੀ ਸੌਣਾ ਪਿਆ ਹੈ। ਪਰ ਹੁਣ ਇਹ ਬੀਤੇ ਸਮੇਂ ਦੀ ਗੱਲ ਹੈ। ਜ਼ਿੰਦਗੀ ਹੁਣ ਖੂਬਸੂਰਤ ਹੈ ਅਤੇ ਸ਼ੁਕਰ ਹੈ ਕਿ ਰੱਬ ਨੇ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਕਿਸੇ ਲੋੜਵੰਦ ਦੇ ਕੰਮ ਆ ਸਕੀਏ," ਉਨ੍ਹਾਂ ਕਿਹਾ।

ਇਸ ਦੌਰਾਨ ਆਸਟ੍ਰੇਲੀਆ ਦਿਵਸ ਪਰਿਸ਼ਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਜਾਨ ਚੋਰਲੀ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਅਸਾਧਾਰਣ ਦੱਖਣੀ ਆਸਟ੍ਰੇਲੀਅਨ ਲੋਕਾਂ ਦੀ ਉਸ ਵਚਨਬੱਧਤਾ ਨੂੰ ਮਾਨਤਾ ਦਿੰਦੇ ਹਨ ਜਿਸ ਤਹਿਤ ਉਹ ਆਪਣੇ ਭਾਈਚਾਰਿਆਂ ਦਾ ਧਿਆਨ ਰੱਖਦੇ ਹਨ।
“ਆਸਟ੍ਰੇਲੀਆ ਦਿਵਸ ਅਵਾਰਡ ਸਾਰੇ ਦੱਖਣੀ ਆਸਟ੍ਰੇਲੀਆ ਦੇ ਲੋਕਾਂ ਦੁਆਰਾ ਕੀਤੇ ਗਏ ਉੱਤਮ ਯਤਨਾਂ ਨੂੰ ਮਾਨਤਾ ਦਿੰਦਾ ਹੈ। 2021 ਦੇ ਇਨਾਮ ਪ੍ਰਾਪਤ ਕਰਨ ਵਾਲਿਆਂ ਦੀਆਂ ਕੁਝ ਖ਼ਾਸ ਕਾਰਵਾਈਆਂ ਹਨ ਜੋ ਉਨ੍ਹਾਂ ਦੇ ਆਸਪਾਸ ਦੇ ਲੋਕਾਂ ਦੀ ਜ਼ਿੰਦਗੀ ਨੂੰ ਨਿਖਾਰਦੀਆਂ ਹਨ," ਉਨ੍ਹਾਂ ਕਿਹਾ।
“ਇਹ ਉਹ ਹੀਰੋ ਹਨ ਜਿਨ੍ਹਾਂ ਨੂੰ ਅਸੀਂ ਆਸਟ੍ਰੇਲੀਆ ਦਿਵਸ 'ਤੇ ਮਾਣ ਦਿੰਦੇ ਹਾਂ ਅਤੇ ਮੈਂ ਸਾਰੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਭਾਈਚਾਰੇ ਲਈ ਪਾਏ ਯੋਗਦਾਨ ਲਈ ਵਧਾਈ ਦਿੰਦੀ ਹਾਂ।”
ਦੱਖਣੀ ਆਸਟ੍ਰੇਲੀਆ ਦੇ ਅਵਾਰਡ ਜੇਤੂਆਂ ਦੀ ਪੂਰੀ ਸੂਚੀ ਜਾਣਨ ਲਈ ਇਸ ਲਿੰਕ 'ਤੇ ਕਲਿਕ ਕਰੋ।

ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਗੁਰਜਿੰਦਰ ਸਿੰਘ ਕਾਹਲੋਂ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ:
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ










