ਨਿਊਜ਼ੀਲੈਂਡ ਵਿਚਲੇ ਭਾਰਤੀ ਟਰੱਕ ਡਰਾਈਵਰ ਗੁਰਜੀਤ ਸਿੰਘ ਰੰਧਾਵਾ ਨੇ ਰੁਜ਼ਗਾਰ ਸਬੰਧੀ ਮੁੱਦਿਆਂ ਨੂੰ ਸੁਲਝਾਉਣ ਵਾਲੀ ਐਮਪਲੋਇਰ ਰੀਲੇਸ਼ਨਜ਼ ਅਥਾਰਟੀ (ਈ ਆਰ ਏ) ਕੋਲ ਸ਼ਿਕਾਇਤ ਕੀਤੀ ਸੀ ਕਿ ਉਸਦੇ ਸਾਬਕਾ ਬੌਸ, ਵੀਰ ਐਂਟਰਪ੍ਰਾਈਜਜ਼ ਦੇ ਜਰਨੈਲ ਸਿੰਘ ਧਾਲੀਵਾਲ, ਨੇ ਉਸਨੂੰ ਨਾ-ਸਿਰਫ ‘ਗਲਤ ਢੰਗ’ ਨਾਲ਼ ਨੌਕਰੀ ਤੋਂ ਕੱਢਿਆ ਬਲਕਿ ਉਸਦੀ ਪੂਰੀ ਤਨਖਾਹ ਵੀ ਨਹੀਂ ਦਿਤੀ।
ਐਸ ਬੀ ਐਸ ਪੰਜਾਬੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਉਸਨੂੰ 23 ਮਾਰਚ, 2020 ਨੂੰ ਨਿਊਜ਼ੀਲੈਂਡ ਵਿਚਲੇ ਕੋਵਿਡ-ਲਾਕਡਾਊਨ ਦੇ ਪਹਿਲੇ ਹੀ ਦਿਨ "ਕੰਮ ਤੋਂ ਵਿਹਲਾ" ਕਰ ਦਿੱਤਾ ਗਿਆ ਸੀ।
ਉਸਦਾ ਦਾਅਵਾ ਹੈ ਕਿ ਉਸ ਦੇ ਬੌਸ ਵੱਲੋਂ ਉਸਨੂੰ ਕਥਿਤ ਤੌਰ ਉੱਤੇ ਓਦੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਦੋਂ ਉਸਨੇ ਕੰਮ ਵਾਲ਼ੇ ਵਟਸਐਪ ਗਰੁੱਪ ਵਿੱਚ ਆਪਣੇ ਛੇ ਸਾਥੀਆਂ ਨਾਲ ਕੋਵਿਡ-19 ਦੌਰਾਨ ਕੰਮ ਦੇ ਅਧਿਕਾਰਾਂ ਅਤੇ ਤਨਖਾਹਾਂ ਦੇ ਹੱਕ ਸੰਬੰਧੀ ਇੱਕ ਆਨਲਾਈਨ ਖ਼ਬਰ ਸਾਂਝੀ ਕੀਤੀ ਸੀ।
"ਇਸ ਖ਼ਬਰ ਵਿੱਚ ਕੋਈ ਵੀ ਇਤਰਾਜ਼ਯੋਗ ਗੱਲ ਨਹੀਂ ਸੀ। ਇਸ ਲੇਖ ਵਿੱਚ ਇਹੀ ਵਿਚਾਰ ਕੀਤੀ ਗਈ ਸੀ ਕਿ ਕੀ ਰੁਜ਼ਗਾਰਦਾਤਾ ਨੂੰ ਲਾਕਡਾਉਨ ਦੌਰਾਨ ਵੀ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣੀ ਚਾਹੀਦੀ ਹੈ ਜਾਂ ਨਹੀਂ," ਉਸਨੇ ਕਿਹਾ।
"ਮੇਰੇ ਵੱਲੋਂ ਇਹ ਖਬਰ ਸਾਂਝੀ ਕਰਨ ਪਿੱਛੋਂ ਉਸਨੇ ਇਸੇ ਗਰੁੱਪ ਵਿੱਚ ਕੁਝ ਹੀ ਮਿੰਟਾਂ ਬਾਅਦ ਲਿਖ ਦਿੱਤਾ ਕਿ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।"
ਇਸ ਦੌਰਾਨ ਉਸਦੇ ਰੁਜ਼ਗਾਰਦਾਤਾ ਸ੍ਰੀ ਧਾਲੀਵਾਲ ਨੇ ਈ ਆਰ ਏ ਨੂੰ ਦੱਸਿਆ ਕਿ ਉਸਨੇ ਇੱਕ ਈਮੇਲ ਰਾਹੀਂ ਵੀ ਨੋਟਿਸ ਭੇਜਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਉਸਨੂੰ ਵੀਰ ਐਂਟਰਪ੍ਰਾਈਜਜ਼ ਵਿੱਚ ਨੌਕਰੀ ਕਰਦਿਆਂ 'ਗੈਰ-ਹਾਜ਼ਰੀਆਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ” ਕਰਕੇ ਬਰਖਾਸਤ ਕਰ ਰਿਹਾ ਹੈ।

Truckie Gurjit Singh Randhawa lost his job for sharing this story. Source: Stuff, NZ
ਈ-ਮੇਲ ਨੋਟਿਸ ਵਿੱਚ ਇਹ ਵੀ ਲਿਖਿਆ ਗਿਆ ਕਿ ਦੋ 'ਆਨ-ਡਿਊਟੀ' ਹਾਦਸਿਆਂ ਲਈ ਉਸਦੀ ਤਨਖਾਹ ਕੱਟੀ ਜਾ ਰਹੀ ਹੈ, ਜੋ ਇਸ ਟਰੱਕ ਡਰਾਈਵਰ ਨੇ ਅਕਤੂਬਰ 2018 ਅਤੇ ਜਨਵਰੀ 2019 ਵਿੱਚ ਕੀਤੇ ਸਨ।
ਮੈਨੂੰ ਇਹ ਗੱਲ ਠੀਕ ਨਹੀਂ ਲੱਗੀ। ਕ਼ਾਨੂੰਨ ਵੀ ਕਹਿੰਦਾ ਹੈ ਕਿ ਕੰਮ ਉੱਤੇ ਹੋਏ ਨੁਕਸਾਨ ਦੀ ਭਰਪਾਈ ਕਾਮਿਆਂ ਤੋਂ ਨਹੀਂ ਕੀਤੀ ਜਾਣੀ ਚਾਹੀਦੀ।
ਮੈਨੂੰ ਇਸ ਤੋਂ ਸਾਫ਼ ਜ਼ਾਹਰ ਹੋਇਆ ਕਿ ਉਹ ਮੈਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਅਤੇ ਦੂਜੇ ਡਰਾਈਵਰਾਂ ਨੂੰ ਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਆਵਾਜ਼ ਚੁੱਕਣ ਵਾਲਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ,” ਸ੍ਰੀ ਰੰਧਾਵਾ ਨੇ ਕਿਹਾ।
ਇਸ ਦੌਰਾਨ ਸ੍ਰੀ ਧਾਲੀਵਾਲ ਦੇ ਬਚਾਅ ਪੱਖ ਵਜੋਂ ਦਲੀਲ ਦਿੱਤੀ ਗਈ ਕਿ ਕੰਪਨੀ ਉਸਨੂੰ "ਸਮੇਂ ਦੇ ਪਾਬੰਦ ਨਾ ਹੋਣ ਕਰਕੇ, ਟਰੱਕ ਨੂੰ ਨੁਕਸਾਨ ਪਹੁੰਚਾਉਣ ਬਦਲੇ ਤੇ ਕੰਮ ਘਟਣ" ਅਤੇ ਕੋਵਿਡ ਦੇ ਔਖੇ ਸਮੇਂ "ਕੁਝ ਭੜਕਾਊ ਟਿੱਪਣੀਆਂ" ਪੋਸਟ ਕਰਨ ਲਈ ਨੌਕਰੀ ਤੋਂ ਕੱਢਣ ਦਾ ਹੱਕ ਰੱਖਦੀ ਸੀ।

Image used for representation purpose only Source: Supplied
"ਉਹ ਆਪਣੀ ਵਟਸਐਪ ਪੋਸਟ ਰਾਹੀਂ ਦੂਜੇ ਡਰਾਈਵਰਾਂ ਨੂੰ ਬੁਰੀ ਤਰਾਂਹ ਭੜਕਾ ਰਿਹਾ ਸੀ।"
ਪਰ ਈ ਆਰ ਏ ਨੇ ਆਪਣਾ ਫੈਸਲਾ ਸੁਣਾਉਂਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਾਪਰੇ ਦੋ ਹਾਦਸਿਆਂ ਲਈ ਤਨਖਾਹ ਦੀ ਕਟੌਤੀ “ਗੈਰਕਾਨੂੰਨੀ” ਸੀ।
ਸ੍ਰੀ ਰੰਧਾਵਾ ਨੇ ਈ ਆਰ ਏ ਨੂੰ ਦੱਸਿਆ - "ਮੈਂ ਸਮੇਂ ਦਾ ਬਹੁਤ ਪਾਬੰਦ ਸੀ ਅਤੇ ਕਦੇ ਵੀ ਛੁੱਟੀ ਦੀ ਮੰਗ ਨਹੀਂ ਕੀਤੀ। ਮੈਨੂੰ ਕੁਝ ਛੋਟੇ ਹਾਦਸਿਆਂ ਲਈ ਵੀ ਕਟੌਤੀ ਦਾ ਸਾਹਮਣਾ ਕਰਨਾ ਪਿਆ। ਪਰ ਬੌਸ ਦੀ ਸਖਤ ਕਾਰਵਾਈ ਤੋਂ ਬਾਅਦ ਮੈਂ ਬਹੁਤ ਅਪਮਾਨਿਤ ਅਤੇ ਸ਼ਰਮਿੰਦਾ ਮਹਿਸੂਸ ਕੀਤਾ।"
ਸ੍ਰੀ ਰੰਧਾਵਾ ਦਾ ਕਹਿਣਾ ਹੈ ਕਿ ਉਨਾਂ ਮੁਆਵਜ਼ਾ ਲੈਣ ਲਈ ਨਹੀਂ ਬਲਕਿ ਇਨਸਾਫ ਦੀ ਮੰਗ ਕਰਨ ਲਈ ਈ ਆਰ ਏ ਕੋਲ਼ ਸ਼ਿਕਾਇਤ ਕੀਤੀ ਸੀ।
"ਤੁਹਾਨੂੰ ਆਪਣੇ ਹੱਕਾਂ ਲਈ ਖੜ੍ਹਨਾ ਚਾਹੀਦਾ ਹੈ। ਕਾਨੂੰਨ ਇਸ ਦੇਸ਼ ਦੇ ਸਥਾਈ ਵਸਨੀਕਾਂ ਅਤੇ ਆਰਜ਼ੀ ਵੀਜ਼ਾ-ਧਾਰਕਾਂ ਲਈ ਇੱਕ ਬਰਾਬਰ ਹੈ," ਉਨ੍ਹਾਂ ਕਿਹਾ।
ਈ ਆਰ ਏ ਨੇ ਇਸ ਕੇਸ ਦੀ ਸੁਣਵਾਈ ਪਿੱਛੋਂ ਸ੍ਰੀ ਧਾਲੀਵਾਲ ਨੂੰ ਆਪਣੇ ਟਰੱਕ ਡਰਾਈਵਰ ਦੀ "ਅਣਉਚਿਤ ਬਰਖਾਸਤਗੀ, ਤਨਖਾਹ ਵਿਚਲੀ ਰੋਕ ਅਤੇ ਗੈਰਕਾਨੂੰਨੀ ਕਟੌਤੀ" ਲਈ $20,500 ਅਦਾ ਕਰਨ ਦੇ ਨਾਲ-ਨਾਲ ਕਰਾਊਨ ਨੂੰ 3000 ਡਾਲਰ ਦਾ ਜ਼ੁਰਮਾਨਾ ਦੇਣ ਦਾ ਵੀ ਹੁਕਮ ਦਿੱਤਾ ਹੈ।
ਇਸ ਅਦਾਇਗੀ ਵਿਚ “ਅਪਮਾਨ, ਮਾਣ-ਸਨਮਾਨ ਅਤੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ” ਲਈ $10,000, ਘੱਟ ਤਨਖਾਹ ਦੇ $6750 ਅਤੇ ਗੈਰਕਾਨੂੰਨੀ ਕਟੌਤੀ, ਛੁੱਟੀਆਂ ਦੀ ਤਨਖਾਹ ਅਤੇ ਵਿਆਜ ਦੇ ਲਈ $3801 ਸ਼ਾਮਲ ਹਨ।
ਸ੍ਰੀ ਰੰਧਾਵਾ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਸੰਤੁਸ਼ਟ ਹਨ ਅਤੇ ਉਹ ਇਸ ਤਹਿਤ ਪ੍ਰਵਾਸੀ ਕਾਮਿਆਂ ਨੂੰ ਕੰਮ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦੇਣਾ ਚਾਹੁੰਦੇ ਹਨ।

Image used for representation purpose only. Source: Pixabay
ਹਾਲਾਂਕਿ, ਉਸਦੇ ਸਾਬਕਾ ਬੌਸ ਸ੍ਰੀ ਧਾਲੀਵਾਲ ਨੂੰ ਲਗਦਾ ਹੈ ਕਿ ਈ ਆਰ ਏ ਦਾ ਫੈਸਲਾ ‘ਅਨਿਆਂਪੂਰਨ’ ਸੀ ਕਿਉਂਕਿ ਉਸਨੇ ਆਪਣੇ ਟਰੱਕ ਡਰਾਈਵਰ ਨੂੰ ਕਾਨੂੰਨੀ ਤੌਰ ‘ਤੇ ਦੋ ਹਫ਼ਤਿਆਂ ਦਾ ਨੋਟਿਸ ਦੇਕੇ ਹੀ ਬਰਖਾਸਤ ਕੀਤਾ ਸੀ।
ਉਸਨੇ ਖਬਰ ਅਦਾਰੇ ਸਟੱਫ ਨੂੰ ਦੱਸਿਆ ਕਿ ਇਹ ਫੈਸਲਾ "ਇਕ-ਪਾਸੜ" ਸੀ ਅਤੇ ਈ ਆਰ ਏ ਹਮੇਸ਼ਾਂ ਮਾਲਕਾਂ ਨਾਲੋਂ ਕਰਮਚਾਰੀਆਂ ਦਾ "ਪੱਖ ਪੂਰਦੀ ਹੈ"। ਉਸਦਾ ਪੂਰਾ ਬਿਆਨ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਆਸਟ੍ਰੇਲੀਆ ਵਿੱਚ ਕੰਮ ਦੇ ਅਧਿਕਾਰਾਂ ਬਾਰੇ ਜ਼ਰੂਰੀ ਜਾਣਕਾਰੀ
ਫੇਅਰ ਰਕ ਓਮਬਡਸਮੈਨ ਸਾਰੇ ਕਾਮਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਨੂੰ ਸਮਝਣ ਵਿਚ ਸਹਾਇਤਾ ਲਈ ਮੁਫਤ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਸਾਰੇ ਪ੍ਰਵਾਸੀ ਕਾਮਿਆਂ ਅਤੇ ਵੀਜ਼ਾ-ਧਾਰਕਾਂ ਦੇ ਕੰਮ ਦੇ ਸਥਾਨ 'ਤੇ ਬਰਾਬਰ ਦੇ ਅਧਿਕਾਰ ਹਨ।
ਜੇ ਤੁਹਾਨੂੰ ਲਗਦਾ ਹੈ ਕਿ ਤੁਹਾਡਾ ਕੰਮ 'ਤੇ ਸ਼ੋਸ਼ਣ ਹੋ ਰਿਹਾ ਹੈ ਜਾਂ ਇਹੋ ਜਿਹੀ ਕੋਈ ਹੋਰ ਗੱਲ ਹੈ ਤਾਂ www.fairwork.gov.au ‘ਤੇ ਜਾਓ ਜਾਂ ਉਨ੍ਹਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਮੁਫਤ ਸਲਾਹ ਅਤੇ ਸਹਾਇਤਾ ਲਈ 13 13 94 'ਤੇ ਫੇਅਰ ਵਰਕ ਇਨਫੋਲਾਇਨ ਨੂੰ ਕਾਲ ਕਰੋ। ਮੁਫਤ ਦੁਭਾਸ਼ੀਆ ਸੇਵਾ 13 14 50 'ਤੇ ਉਪਲਬਧ ਹੈ।
ਸ੍ਰੀ ਰੰਧਾਵਾ ਨਾਲ਼ ਪੰਜਾਬੀ ਵਿੱਚ ਰਿਕਾਰਡ ਕੀਤੀ ਇੰਟਰਵਿਊ ਸੁਣਨ ਲਈ ਇਸ ਆਡੀਓ ਬਟਨ 'ਤੇ ਕਲਿਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।