ਆਸਟ੍ਰੇਲੀਆ ਦੇ ਵਿਦਿਅਕ ਅਦਾਰਿਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਉਮੀਦ ਨਾਲੋਂ ਹੌਲੀ ਦਰ ਨਾਲ ਵਾਪਸ ਆ ਰਹੇ ਹਨ।
ਆਸਟ੍ਰੇਲੀਆ ਦੇ ਸਿੱਖਿਆ, ਹੁਨਰ ਅਤੇ ਰੁਜ਼ਗਾਰ ਵਿਭਾਗ (ਡੀ ਈ ਐਸ ਈ) ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਸਾਲ ਦੀ ਸ਼ੁਰੁਆਤ ਤੋਂ ਲੈ ਕੇ ਮਾਰਚ 2022 ਤੱਕ 'ਕੰਮੈਂਸਮੇਂਟ' ਗਿਣਤੀ 123,900 ਸੀ ਜੋਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ ਦੋ ਪ੍ਰਤੀਸ਼ਤ ਵੱਧ ਹੈ।
ਜਨਵਰੀ 2022 ਵਿੱਚ ਵੀਜ਼ਾ ਪ੍ਰੋਸੈਸਿੰਗ ਸਮੇਂ ਵਿੱਚ ਕਾਫੀ ਢਿੱਲ ਵੇਖੀ ਗਈ, ਜੋ ਵਿਦਿਆਰਥੀ ਵੀਜ਼ਿਆਂ ਲਈ ਲੰਮੀ ਉਡੀਕ ਦਾ ਕਾਰਨ ਬਣ ਗਿਆ।
ਵਿਦਿਅਕ ਅਦਾਰਿਆਂ ਨਾਲ਼ ਜੁੜੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵੀਜ਼ਾ ਪ੍ਰੋਸੈਸਿੰਗ ਵਿੱਚਲੀ ਢਿੱਲ ਵੀ ਇਸ ਪਿਛਲਾ ਮੁੱਖ ਕਾਰਨ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ, ਬ੍ਰਾਇਟਨ ਇੰਸਟੀਚਿਊਟ ਆਫ ਟੈਕਨਾਲੋਜੀ ਮੈਲਬੌਰਨ ਦੇ ਸੀ ਈ ਓ, ਅੰਤਰਪ੍ਰੀਤ ਸੇਖੋਂ ਨੇ ਕਿਹਾ, "ਦਾਖਲੇ ਦਾ ਪੱਧਰ ਹੌਲੀ-ਹੌਲੀ ਵਧ ਰਿਹਾ ਹੈ, ਪਰ ਬਹੁਤ ਸਾਰੇ ਵੀਜ਼ੇ ਮਨਜ਼ੂਰ ਨਹੀਂ ਹੋ ਰਹੇ ਹਨ।"
ਸ੍ਰੀ ਸੇਖੋਂ ਦਾ ਕਾਲਜ ਜੋ 2004 ਵਿੱਚ ਸਥਾਪਿਤ ਹੋਇਆ ਸੀ, ਪਿਛਲੇ ਦੋ ਸਾਲਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਲਜ ਨੇ ਆਉਣ ਵਾਲੇ ਜੁਲਾਈ ਸੈਸ਼ਨ ਲਈ ਅਰਜ਼ੀਆਂ ਵਿੱਚ "ਥੋੜਾ ਜਿਹਾ ਵਾਧਾ" ਦੇਖਿਆ ਹੈ ਅਤੇ ਉਨ੍ਹਾਂ ਸਾਲ ਦੇ ਅੰਤ ਤੱਕ "ਰਿਕਵਰੀ" ਦੀ ਪੂਰੀ ਉਮੀਦ ਜ਼ਾਹਿਰ ਕੀਤੀ ਹੈ।
Read in English here
ਡੀ ਈ ਐਸ ਈ ਦੇ ਅਨੁਸਾਰ, ਮਾਰਚ 2022 ਵਿੱਚ ਸਾਲ ਦੀ ਸ਼ੁਰੂਆਤ ਤੋਂ ਮਾਰਚ ਤੱਕ 440,129 ਅੰਤਰਰਾਸ਼ਟਰੀ ਵਿਦਿਆਰਥੀ 'ਇਨਰੋਲ' ਹੋਏ ਸਨ, ਜੋ ਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ 15 ਪ੍ਰਤੀਸ਼ਤ ਘੱਟ ਹਨ ।
ਸ੍ਰੀ ਸੇਖੋਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਵਾਪਸ ਤਾਂ ਆ ਰਹੇ ਹਨ ਪਰ ਬਹੁਤ ਹੌਲੀ ਰਫ਼ਤਾਰ ਨਾਲ ।

ਪਹਿਲੀ ਤਿਮਾਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘੱਟ ਦਰ ਦੇ ਕਾਰਨ
ਐਸੋਸੀਏਸ਼ਨ ਆਫ ਆਸਟ੍ਰੇਲੀਅਨ ਐਜੂਕੇਸ਼ਨ ਰਿਪ੍ਰਜ਼ੈਂਟੇਟਿਵਜ਼ ਇਨ ਇੰਡੀਆ (ਏ.ਏ.ਈ.ਆਰ.ਆਈ.) ਦੇ ਪ੍ਰਧਾਨ ਰਵੀ ਲੋਚਨ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ 2022 ਦੀ ਪਹਿਲੀ ਤਿਮਾਹੀ ਵਿੱਚ ਮੁੱਖ ਤੌਰ 'ਤੇ ਉਹ ਵਿਦਿਆਰਥੀ ਸ਼ਾਮਲ ਸਨ ਜਿਨ੍ਹਾਂ ਕੋਲ ਪਹਿਲਾਂ ਹੀ ਵੀਜ਼ਾ ਸੀ, ਉਹ ਆਨਲਾਈਨ ਪੜ੍ਹਾਈ ਕਰ ਰਹੇ ਸਨ ਅਤੇ ਕੋਵਿਡ-19 ਪਾਬੰਦੀਆਂ ਕਾਰਨ ਯਾਤਰਾ ਕਰਨ ਦੇ ਯੋਗ ਨਹੀਂ ਸਨ।
"ਕੁਝ ਅਜਿਹੇ ਵਿਦਿਆਰਥੀ ਵੀ ਸਨ ਜਿਨ੍ਹਾਂ ਨੂੰ ਫਰਵਰੀ-ਮਾਰਚ ਦੇ ਦਾਖਲੇ ਲਈ ਵੀਜ਼ਾ ਮਿਲਿਆ ਸੀ। ਜਨਵਰੀ 2022 ਵਿੱਚ ਵੀਜ਼ਾ ਪ੍ਰੋਸੈਸਿੰਗ ਸਮੇਂ ਵਿੱਚ ਕਾਫੀ ਢਿੱਲ ਵੇਖੀ ਗਈ ਅਤੇ ਵਿਦਿਆਰਥੀਆਂ ਨੂੰ ਵੀਜ਼ੇ ਲਈ ਤਿੰਨ ਮਹੀਨਿਆਂ ਤੱਕ ਉਡੀਕ ਕਰਨੀ ਪਈ।"
"ਏ ਏ ਈ ਆਰ ਆਈ ਨੂੰ ਗ੍ਰਹਿ ਮਾਮਲਿਆਂ ਦੁਆਰਾ ਅਪ੍ਰੈਲ 2022 ਵਿੱਚ ਸੂਚਿਤ ਕੀਤਾ ਗਿਆ ਸੀ ਕਿ ਉਸ ਸਮੇਂ ਪ੍ਰੋਸੈਸਿੰਗ ਦਾ ਸਮਾਂ ਔਸਤਨ 10 ਹਫ਼ਤਿਆਂ ਦਾ ਸੀ। ਇਹੀ ਕਾਰਨ ਸਨ ਕਿ ਕੁਝ ਵਿਦਿਆਰਥੀਆਂ ਨੂੰ ਜੁਲਾਈ 2022 ਤੱਕ ਆਪਣੇ ਦਾਖਲੇ ਨੂੰ ਮੁਲਤਵੀ ਕਰਨਾ ਪਿਆ,"ਰਵੀ ਲੋਚਨ ਨੇ ਕਿਹਾ।
ਆਸਟ੍ਰੇਲੀਆ ਦਾ ਅੰਤਰਰਾਸ਼ਟਰੀ ਵਿਦਿਆਰਥੀ ਖੇਤਰ ਨਿਸ਼ਚਤ ਰੂਪ ਤੋਂ ਠੀਕ ਹੋ ਰਿਹਾ ਹੈ
ਏ ਈ ਈ ਆਰ ਆਈ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ 'ਤੇ ਮਹਾਂਮਾਰੀ ਦੇ ਵੱਡੇ ਪ੍ਰਭਾਵ ਦੇ ਬਾਵਜੂਦ, ਇਹ ਖੇਤਰ ਹੌਲੀ ਹੌਲੀ ਵਾਪਸੀ ਲਈ ਸਥਾਪਤ ਹੋ ਰਿਹਾ ਹੈ।
“ਵੀਜ਼ਾ ਪ੍ਰੋਸੈਸਿੰਗ ਦਾ ਸਮਾਂ ਵੀ ਪਹਿਲਾਂ ਨਾਲੋਂ ਘੱਟ ਗਿਆ ਹੈ,” ਉਨ੍ਹਾਂ ਦੱਸਿਆ।
"ਸਾਨੂੰ ਉਮੀਦ ਹੈ ਕਿ ਜੁਲਾਈ 2022 ਦੇ ਦਾਖਲੇ ਵਿੱਚ ਦੱਖਣੀ ਏਸ਼ੀਆ ਤੋਂ ਵਿਦਿਆਰਥੀਆਂ ਦੀ ਚੰਗੀ ਸੰਖਿਆ ਦੇਖਣ ਨੂੰ ਮਿਲੇਗੀ ।"
“ਮੈਂ ਇਹ ਵੀ ਉਮੀਦ ਕਰ ਰਿਹਾ ਹਾਂ ਕਿ 2023 ਤੱਕ, ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਮਹਾਂਮਾਰੀ ਤੋਂ ਪਹਿਲਾਂ ਵਾਲੇ ਦੇ ਪੱਧਰਾਂ 'ਤੇ ਵਾਪਸ ਆ ਜਾਵੇਗੀ," ਉਨ੍ਹਾਂ ਕਿਹਾ।
ਹੋਰ ਵੇਰਵੇ ਲੈਣ ਲਈ ਇਸ ਆਡੀਓ ਲਿੰਕ 'ਤੇ ਕਲਿੱਕ ਕਰੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।







