ਸੁਖਪ੍ਰੀਤ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਬਾਕੀ ਪ੍ਰਵਾਸੀਆਂ ਵਾਂਗ ਉਸਦੇ ਵੀ ਅਸਟ੍ਰੇਲੀਆ ਵਿਚਲੇ ਸ਼ੁਰੂਆਤੀ ਸਾਲ ਸੰਘਰਸ਼ ਕਰਦਿਆਂ ਹੀ ਲੰਘੇ ਹਨ।
"ਹਰ ਪੰਜਾਬੀ ਵਾਂਗ ਮੈਂ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਤੇ ਪੰਜਾਬੀਅਤ ਨਾਲ ਜੋੜ ਕੇ ਰੱਖਣ ਲਈ ਫ਼ਿਕਰਮੰਦ ਰਹਿੰਦੀ ਸੀ।
"ਮੇਰੇ ਇਸੇ ਫਿਕਰ ਨੇ ਹੀ ਮੈਨੂੰ ਪੰਜਾਬੀਅਤ ਨਾਲ਼ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਹੁਣ ਆਪਣੇ ਆਲੇ ਦੁਆਲੇ ਇੱਕ ਨਵਾਂ ਪੰਜਾਬ ਉੱਸਰਦਾ ਦੇਖ ਮੈਨੂੰ ਬੜੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ," ਉਸਨੇ ਕਿਹਾ।

ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਸੁਖਪ੍ਰੀਤ ਨੇ ਦੱਸਿਆ ਕਿ ਉਹ ਅਕਸਰ ਹੀ ਕਾਲਜ ਅਤੇ ਯੂਨੀਵਰਸਿਟੀ ਵਿੱਚ ਹੋਣ ਵਾਲੀਆਂ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ ਕਰਦੀ ਸੀ ਜਿਸ ਸਦਕਾ ਉਸਨੇ ਆਸਟ੍ਰੇਲੀਆ ਵਿੱਚ ਕੁਝ ਇਹੋ ਜਿਹਾ ਰੰਗ ਬੰਨਣ ਦਾ ਸੁਪਨਾ ਬੁਣਿਆ।
"ਅਸੀਂ 2015 ਵਿੱਚ ਪਹਿਲੀ ਵਾਰ ਐਡੀਲੇਡ 'ਚ ਹੋਏ ਇੱਕ ਇੰਡੀਅਨ ਮੇਲੇ ਵਿੱਚ ਗਿੱਧੇ ਦੀ ਟੀਮ ਬਣਾ ਪੇਸ਼ਕਾਰੀ ਦਿੱਤੀ ਸੀ। ਅਸੀਂ ਕੁੜੀਆਂ ਦੀ ਲੁੱਡੀ ਵੀ ਤਿਆਰ ਕਰਵਾਈ ਸੀ ਜਿਸ ਦਾ ਸਫਲ ਪ੍ਰਦਰਸ਼ਨ ਅਸੀਂ 2016 ਦੀਆਂ ਸਿੱਖ ਖੇਡਾਂ ਦੌਰਾਨ ਕੀਤਾ ਸੀ।"

ਸੁਖਪ੍ਰੀਤ ਨੇ ਦੱਸਿਆ ਕਿ ਪੰਜਾਬੀਅਤ ਲਈ ਨਿੱਘੇ ਪਿਆਰ ਨੇ ਉਸਨੂੰ ਇੱਕ ਸਕੂਲ ਖੋਲਣ ਲਈ ਪ੍ਰੇਰਿਆ ਜਿਸ ਤੋਂ ਬਾਅਦ "ਸਾਂਝ ਪੰਜਾਬ ਦੀ" ਨਾਮ ਦੀ ਮੁਨਾਫ਼ਾ-ਰਹਿਤ ਸੰਸਥਾ ਹੋਂਦ ਵਿੱਚ ਆਈ।
"ਸਾਂਝ ਪੰਜਾਬ ਦੀ ਵਿੱਚ ਅਸੀਂ ਸ਼ੁਰੂਆਤੀ ਦੌਰ ਵਿੱਚ ਬੱਚਿਆਂ ਨੂੰ ਪੰਜਾਬੀ ਲੋਕ ਨਾਚ, ਪੰਜਾਬੀ ਖੇਡਾਂ, ਪੰਜਾਬੀ ਤਿਉਹਾਰ ਤੇ ਕਦਰਾਂ ਕੀਮਤਾਂ ਬਾਰੇ ਸਿਖਾਉਣਾ ਸ਼ੁਰੂ ਕੀਤਾ। ਅਤੇ ਹੁਣ ਸਾਡੀ ਸੰਸਥਾ ਵਲੋਂ ਕਰਵਾਏ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਨਾ ਸਿਰਫ ਬੱਚੇ ਤੇ ਉਨ੍ਹਾਂ ਦੇ ਮਾਪੇ ਬਲਕਿ ਪੰਜਾਬ ਤੋਂ ਆਏ ਉਨ੍ਹਾਂ ਦੇ ਬਜ਼ੁਰਗ ਵੀ ਭਾਗ ਲੈਂਦੇ ਹਨ।"
ਆਪਣੀ ਸੰਸਥਾ ਬਾਰੇ ਗੱਲ ਕਰਦਿਆਂ ਸੁਖਪ੍ਰੀਤ ਨੇ ਦੱਸਿਆ ਕਿ ਇਸ ਸਾਲ ਤੋਂ ਇਸ ਨਾਲ ਜੁੜੇ ਬੱਚਿਆਂ ਲਈ ਪੰਜਾਬੀ ਭਾਸ਼ਾ ਦਾ ਵਿਸ਼ਾ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਅਸਟ੍ਰੇਲੀਆ ਵੱਸਦੇ ਬੱਚਿਆਂ ਦੀ ਲੋੜ ਅਨੁਸਾਰ ਕਿਤਾਬਾਂ ਤਿਆਰ ਕੀਤੀਆਂ ਗਈਆਂ ਹਨ ਜਿਸ ਵਿੱਚ ਪੰਜਾਬੀ ਗੁਰਮੁਖੀ ਅੱਖਰ ਬੋਧ ਤੋਂ ਇਲਾਵਾ ਬੱਚਿਆਂ ਦੇ ਸ਼ੌੰਕ ਤੇ ਜ਼ਰੂਰਤ ਅਨੁਸਾਰ ਕਵਿਤਾ ਅਤੇ ਕਹਾਣੀਆਂ ਵੀ ਸ਼ਾਮਿਲ ਨੇ ਜਿਸ ਨਾਲ ਬੱਚੇ ਪੰਜਾਬ, ਪੰਜਾਬੀਅਤ ਤੇ ਪੰਜਾਬੀ ਕਦਰਾਂ ਕੀਮਤਾਂ ਤੋਂ ਵਾਕਿਫ਼ ਹੋਣਗੇ।
- With input from Paras Nagpal
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






