ਆਸਟ੍ਰੇਲੀਆ ਵਿੱਚ ਪਿਛਲੇ ਕਈ ਸਾਲਾਂ ਤੋਂ ਵੱਸੇ ਪੰਜਾਬੀ ਮੂਲ ਦੇ ਈਸਾਈ ਲੋਕਾਂ ਨਾਲ ਗੱਲਬਾਤ ਕਰ ਕੇ ਅਸੀਂ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇੱਥੇ ਕ੍ਰਿਸਮਸ ਕਿਸ ਤਰ੍ਹਾਂ ਮਨਾਉਂਦੇ ਹਨ ਅਤੇ ਪੰਜਾਬ ਵਿਚਲੇ ਕ੍ਰਿਸਮਸ ਦੇ ਜਸ਼ਨਾਂ ਨੂੰ ਕਿੰਨਾ ਕੁ ਯਾਦ ਕਰਦੇ ਹਨ?
ਸਾਲ 2008 ਤੋਂ ਆਸਟ੍ਰੇਲੀਆ ਵੱਸੇ ਅਤੇ 2018 ਤੋਂ ਮੈਲਬਰਨ ਵਿਖੇ ਪੰਜਾਬੀ ਚਰਚ ਦੀ ਅਗਵਾਈ ਕਰ ਰਹੇ ਪਾਸਟਰ ਲਾਰੈਂਸ ਮਸੀਹ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਵਿਕਟੋਰੀਆ ਸੂਬੇ ਦੇ ਮੈਲਬਰਨ ਅਤੇ ਸ਼ੈਪਰਟਨ ਤੋਂ ਇਲਾਵਾ ਆਸਟ੍ਰੇਲੀਆ ਭਰ ਦੇ ਹੋਰਨਾਂ ਸ਼ਹਿਰਾਂ ਜਿਵੇਂ ਬ੍ਰਿਸਬੇਨ ਅਤੇ ਸਿਡਨੀ ਵਿੱਚ ਕ੍ਰਿਸਮਸ ਕੈਰੋਲ ਅਤੇ ਹੋਰਨਾਂ ਪ੍ਰੋਗਰਾਮਾਂ ਰਾਹੀਂ ਲੋਕਾਂ ਦੇ ਘਰ-ਘਰ ਜਾ ਕੇ ਕ੍ਰਿਸਮਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਲਾਰੈਂਸ ਮਸੀਹ ਨੇ ਦੱਸਿਆ ਕਿ ਜਦੋਂ ਉਹ ਆਸਟ੍ਰੇਲੀਆ ਆਏ ਸਨ ਤਾਂ ਇੱਥੇ ਪੰਜਾਬੀ ਜ਼ੁਬਾਨ ਵਾਲਾ ਕੋਈ ਚਰਚ ਨਹੀਂ ਸੀ, ਸਮਾਂ ਬੀਤਣ ਦੇ ਨਾਲ ਜਦੋਂ ਪੰਜਾਬੀ ਮੂਲ ਦੇ ਈਸਾਈ ਭਾਈਚਾਰੇ ਦੇ ਲੋਕਾਂ ਨਾਲ ਸੰਪਰਕ ਬਣਿਆ ਤਾਂ ਸਾਲ 2018 ਵਿੱਚ ਪੰਜਾਬੀ ਚਰਚ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤੋਂ ਬਾਅਦ ਹਰ ਸਾਲ ਕ੍ਰਿਸਮਸ ਦੇ ਜਸ਼ਨ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਏ ਜਾਂਦੇ ਹਨ।
ਇਸੇ ਤਰ੍ਹਾਂ ਪਿਛਲੇ ਕਰੀਬ 15 ਸਾਲਾਂ ਤੋਂ ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਪੰਜਾਬੀ ਮੂਲ ਦੇ ਜੌਹਨ ਮਸੀਹ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਨੇ ਪਿਛਲੇ ਦਿਨੀਂ ਇੱਕ ਪਾਰਕ ਵਿੱਚ ਕ੍ਰਿਸਮਸ ਦਾ ਸਮਾਗਮ ਆਯੋਜਿਤ ਕਰ ਕੇ ਸਭ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ ਪਰ ਉਨ੍ਹਾਂ ਨੂੰ ਅੱਜ ਵੀ ਪੰਜਾਬ ਦੀ ਕ੍ਰਿਸਮਸ ਰੌਣਕਾਂ ਯਾਦ ਆਉਂਦੀਆਂ ਹਨ ਕਿਉਂਕਿ ਇੱਥੇ ਪੰਜਾਬ ਵਾਂਗ ਜਸ਼ਨਾਂ ਦੇ ਖੁੱਲ੍ਹਾ ਸਮਾਂ ਹੋਣ ਦੀ ਬਜਾਏ ਰੁਝੇਂਵਿਆਂ ਦੇ ਮੁਤਾਬਿਕ ਪ੍ਰੋਗਰਾਮ ਉਲੀਕਣੇ ਪੈਂਦੇ ਹਨ।
ਪੰਜਾਬੀ ਭਾਈਚਾਰੇ ਦੇ ਇੱਕ ਹਿੱਸੇ ਵਲੋਂ ਅੰਕੁਰ ਨਰੂਲਾ ਮਿਨਿਸਟ੍ਰੀ ਮੈਲਬਰਨ ਦੇ ਬੈਨਰ ਹੇਠ ਮੈਲਬਰਨ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਗੀਤਾਂ-ਭਜਨਾਂ ਰਾਹੀਂ ਕ੍ਰਿਸਮਸ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਕ੍ਰਿਸਮਿਸ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।










