ਪੈਰਨੀਲ ਜੈਨਸਨ ਨੂੰ ਸਾਲ ਕੂ ਪਹਿਲਾਂ ਚੋਥੇ ਪੜਾਅ ਵਿੱਚ ਪਹੁੰਚ ਚੁੱਕੇ ਫੇਫੜਿਆਂ ਦੇ ਕੈਂਸਰ ਬਾਰੇ ਪਤਾ ਚਲਿਆ ਸੀ।
ਪਿਛਲੇ ਕੁੱਝ ਮਹੀਨਿਆਂ ਤੋਂ ਇਸ 70 ਸਾਲਾ ਮਰੀਜ ਦਾ ਇਲਾਜ ਇਮੂਨੋਥੇਰੇਪੀ ਜਿਸ ਵਿੱਚ ਟੈਸੈਂਟਰਿਕ ਅਤੇ ਅਵਾਸਤਿਨ ਨਾਮਕ ਦਵਾਈਆਂ ਦੁਆਰਾ ਇਲਾਜ ਕੀਤਾ ਜਾ ਰਿਹਾ ਹੈ। ਮਿਸ ਜੈਨਸਨ ਦੀ ਸਿਹਤ ਵੀ ਇਸ ਇਲਾਜ ਕਾਰਨ ਕਾਫੀ ਸੁਧਰ ਗਈ ਹੈ, ਉਸ ਦਾ ਟਿਊਮਰ ਕਾਫੀ ਛੋਟਾ ਹੋ ਗਿਆ ਹੈ, ਅਤੇ ਉਹ ਹੁਣ ਸਰਗਰਮੀ ਭਰਿਆ ਜੀਵਨ ਜੀਉਣ ਵਲ ਵਧ ਰਹੀ ਹੈ।
ਇਹਨਾਂ ਦਵਾਈਆਂ ਦੀ ਕੀਮਤ ਇੱਕ ਵਾਰ ਲਈ ਗਿਆਰਾਂ ਹਜ਼ਾਰ ਡਾਲਰ ਹੈ ਅਤੇ ਪੂਰੇ ਇਲਾਜ ਲਈ ਇਸ ਨੂੰ 16 ਵਾਰੀ ਖਰੀਦਣ ਦਾ ਮਤਲਬ ਹੈ 1 ਲੱਖ 90 ਹਜਾਰ ਡਾਲਰ ਦੀ ਕੀਮਤ ਤਾਰਨੀ। ਪਰ 1 ਅਕਤੂਬਰ ਤੋਂ ਇਹਨਾਂ ਦਵਾਈਆਂ ਦੀ ਕੀਮਤ ਵਿੱਚ ਕਟੌਤੀ ਕੀਤੇ ਜਾਣ ਨਾਲ ਇਹ ਹੁਣ ਇੱਕ ਵਾਰੀ ਵਾਸਤੇ ਸਿਰਫ 40 ਡਾਲਰਾਂ ਦੀ ਮਿਲ ਜਾਵੇਗੀ। ਅਤੇ ਜਿਹਨਾਂ ਕੋਲ ਕੰਸੈਸ਼ਨ ਕਾਰਡ ਹਨ ਉਹਨਾਂ ਨੂੰ ਇਹ 6 ਡਾਲਰ ਤੇ ਪੰਜਾਹ ਸੈਂਟ ਦੀ ਮਿਲੇਗੀ। ਮਿਸ ਜੈਨਸਨ ਅਨੁਸਾਰ ਅਜਿਹਾ ਸਾਰੇ ਹੀ ਆਸਟ੍ਰੇਲੀਅਨ ਲੋਕਾਂ ਦੇ ਹੱਕ ਵਿੱਚ ਹੋਇਆ ਹੈ।
ਤਕਰੀਬਨ 50 ਹਜਾਰ ਆਸਟ੍ਰੇਲੀਅਨ ਲੋਕਾਂ ਨੂੰ ਹੁਣ ਘੱਟ ਰੇਟ ਤੇ ਦਵਾਈਆਂ ਮਿਲ ਸਕਣਗੀਆਂ ਕਿਉਂਕਿ ਕਾਫੀ ਸਾਰੀਆਂ ਹੋਰ ਨਵੀਆਂ ਦਵਾਈਆਂ ਨੂੰ ਫਾਰਮਾਸੂਟੀਕਲ ਬੈਨਿਫਿਟਸ ਸਕੀਮ ਦੇ ਅੰਦਰ ਲਿਆਂਦਾ ਗਿਆ ਹੈ। ਇਹਨਾਂ ਵਿੱਚ ਫੇਫੜਿਆਂ ਦਾ ਕੈਂਸਰ, ਲਿਊਕਿਮੀਆ, ਦੌਰੇ ਪੈਣੇ ਅਤੇ ਹਾਈ ਕੋਲੈਸਟਰੋਲ ਆਦਿ ਦੀਆਂ ਦਵਾਈਆਂ ਸ਼ਾਮਲ ਹਨ। ਪ੍ਰਧਾਨ ਮੰਤਰੀ ਸਕੋਟ ਮੌਰੀਸਨ ਦਾ ਕਹਿਣਾ ਹੈ ਕਿ ਇਸ ਸਾਰੇ ਨਾਲ ਇਹ ਸਿੱਧ ਹੁੰਦਾ ਹੈ ਕਿ ਆਸਟ੍ਰੇਲੀਆ ਆਪਣੇ ਵਸਨੀਕਾਂ ਦੀ ਸਿਹਤ ਪ੍ਰਤੀ ਬਹੁਤ ਸੰਜੀਦਾ ਹੈ।
ਇਸ ਕਦਮ ਦਾ ਆਸਟ੍ਰੇਲੀਅਨ ਮੈਡੀਕਲ ਐਸੋਸ਼ਿਏਸ਼ਨ ਵਲੋਂ ਵੀ ਸਵਾਗਤ ਕੀਤਾ ਗਿਆ ਹੈ। ਪਰ ਨਾਲ ਹੀ ਇਸ ਦੇ ਪ੍ਰਧਾਨ ਟੋਨੀ ਬਾਰਟਨ ਨੇ ਮੰਗ ਕੀਤੀ ਹੈ ਕਿ ਕੁੱਝ ਹੋਰ ਦਵਾਈਆਂ ਨੂੰ ਵੀ ਇਸ ਪੀ ਬੀ ਐਸ ਸਕੀਮ ਅਧੀਨ ਲਿਆਉਣਾ ਚਾਹੀਦਾ ਹੈ।
ਵਿਰੋਧੀ ਧਿਰ ਵਲੋਂ ਵੀ ਇਹਨਾਂ ਸੂਚੀਆਂ ਦਾ ਸਵਾਗਤ ਕੀਤਾ ਗਿਆ ਹੈ, ਅਤੇ ਨਾਲ ਹੀ ਲੇਬਰ ਨੇ ਸਰਕਾਰ ਦੀ ਪ੍ਰਕਿਰਿਆ ਉੱਤੇ ਵੀ ਚਿੰਤਾ ਜਾਹਰ ਕੀਤੀ ਹੈ। ਸਿਹਤ ਬੁਲਾਰੇ ਕਰਿਸ ਬੋਵਨ ਨੇ ਸਿਹਤ ਮੰਤਰੀ ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਇੱਕ ਆਮ ਪ੍ਰਕਿਰਿਆ ਹੋਣੀ ਚਾਹੀਦੀ ਸੀ।