ਦਿਲਪ੍ਰੀਤ ਸਿੰਘ ਪਿਛਲੇ ਇੱਕ ਸਾਲ ਤੋਂ ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਕਲੇਟਨ ਵਿੱਚ 'ਦੋ ਮਾਸੀ ਦੇ ਮੁੰਡੇ' ਫੂਡ ਟਰੱਕ ਚਲਾ ਰਹੇ ਹਨ।
ਕਰੋਨਾਵਾਇਰਸ ਪਾਬੰਦੀਆਂ ਦੌਰਾਨ ਮਿਲੀ 'ਕਾਰੋਬਾਰੀ ਸਫਲਤਾ' ਪਿੱਛੋਂ ਉਨ੍ਹਾਂ ਇਸ ਕੰਮ ਨੂੰ ਹੋਰ ਵਧਾਉਣ ਬਾਰੇ ਸੋਚਿਆ ਹੈ ਜਿਸਦੇ ਚਲਦਿਆਂ ਉਹ ਉਤਰੀ ਇਲਾਕੇ ਐਪਿੰਗ ਵਿੱਚ ਵੀ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ।
"ਮੈਂ ਇਸ ਕਾਰੋਬਾਰ ਤੋਂ ਕਾਫੀ ਸੰਤੁਸ਼ਟ ਹਾਂ। ਪਿਛਲੇ ਸਾਲ ਇੱਕ ਵਾਰ ਤਾਂ ਲੱਗਿਆ ਸੀ ਕਿ ਕੋਵਿਡ ਦੇ ਨੁਕਸਾਨ ਤੋਂ ਬਾਹਰ ਆਉਣਾ ਬਹੁਤ ਮੁਸ਼ਕਲ ਹੋਵੇਗਾ ਪਰ ਭਾਈਚਾਰੇ ਨੇ ਗਾਹਕਾਂ ਵਜੋਂ ਮੇਰਾ ਬਹੁਤ ਸਾਥ ਦਿੱਤਾ ਜਿਸ ਦੇ ਚਲਦਿਆਂ ਹੁਣ ਮੈਂ ਇਸ ਕੰਮ ਨੂੰ ਹੋਰ ਵਧਾਉਣ ਬਾਰੇ ਸੋਚ ਰਿਹਾ ਹਾਂ," ਉਨ੍ਹਾਂ ਕਿਹਾ।

ਅਜੋਕੇ ਸਮੇਂ ਦੌਰਾਨ ਫੂਡ ਵੈਨ ਜਾਂ ਟਰੱਕ ਦੇ ਕੰਮ ਦੀ ਸਫਲਤਾ ਪਿਛਲੇ ਕਾਰਨਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਨੇੜੇ ਮਿਲਦੀ ਸਹੂਲਤ ਤੇ ਵਾਇਰਸ ਦੇ ਫੈਲਾਅ ਤੋਂ ਕੁਝ ਹੱਦ ਤੱਕ ਮਿਲਦੀ 'ਸੁਰੱਖਿਆ' ਏਸ ਪਿਛਲੇ ਦੋ ਮੁੱਖ ਕਾਰਕ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਭਾਈਚਾਰੇ ਵਿੱਚ ਫੂਡ ਵੈਨ ਜਾਂ ਫੂਡ ਟਰੱਕ ਦੀ ਮਕਬੂਲੀਅਤ ਕਾਫੀ ਵਧ ਰਹੀ ਹੈ ਅਤੇ ਇਸਦੇ ਚੱਲਦਿਆਂ ਮੈਲਬੌਰਨ ਦੇ ਪੱਛਮੀ ਇਲਾਕਿਆਂ ਵਿੱਚ ਇਹ ਕੰਮ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ।
ਇਹਨਾਂ ਥਾਵਾਂ ਉੱਤੇ ਮੱਛੀ ਦੇ ਪਕੌੜੇ, ਚਿਕਨ ਤੇ ਪਨੀਰ ਟਿੱਕਾ, ਲੈਮਬ ਕਟਲੈਟਸ, ਛੋਲੇ-ਭਟੂਰੇ, ਸੈਂਡਵਿਚ, ਸਟਫ਼ਡ ਪਰੌਂਠੇ ਆਦਿ ਦੀ ਭਾਰੀ ਮੰਗ ਹੈ।
ਦਿਲਪ੍ਰੀਤ ਨੇ ਦੱਸਿਆ ਕਿ ਇਨ੍ਹਾਂ ਕਾਰੋਬਾਰਾਂ ਵਿੱਚ ਰੈਸਟੋਰੈਂਟਾਂ ਵਾਂਗ ਉਨ੍ਹਾਂ ਨੂੰ ਵੱਧ ਕਿਸਮ ਦੇ ਖਾਣੇ ਪਰੋਸਣ ਦੀ ਲੋੜ ਨਹੀਂ ਹੁੰਦੀ ਸਗੋਂ ਉਨ੍ਹਾਂ ਦਾ ਧਿਆਨ ਕੁਝ ਖ਼ਾਸ 'ਗਰੇਵੀ-ਰਹਿਤ' ਖਾਣਿਆਂ ਵੱਲ ਜ਼ਿਆਦਾ ਹੁੰਦਾ ਹੈ ਜੋ ਲੋਕ ਆਪਣੀ ਕਾਰ ਵਿੱਚ ਬੈਠਕੇ ਜਾਂ ਉਸੇ ਥਾਂ ਖੜ੍ਹਕੇ ਆਸਾਨੀ ਨਾਲ ਖਾ ਸਕਦੇ ਹਨ।

ਫੂਡ ਵੈਨ ਜਾਂ ਫੂਡ ਟਰੱਕ ਦੀ ਗਿਣਤੀ ਵਧਣ ਪਿਛਲੇ ਕਾਰਨ
ਕਰੋਨਾਵਾਇਰਸ ਪਾਬੰਦੀਆਂ ਦੌਰਾਨ ਕਈ ਰੈਸਟੋਰੈਂਟ ਅਤੇ ਕੈਫ਼ੇ ਜਾਂ ਤਾਂ ਬੰਦ ਹੋ ਗਏ ਜਾਂ ਬੰਦ ਹੋਣ ਦੀ ਕਗਾਰ ਉੱਤੇ ਸਨ।
ਬਹੁਤ ਸਾਰੇ ਕੰਮ-ਕਾਰੋਬਾਰ ਕਿਸੇ ਸਮੇਂ ਸਿਰਫ 'ਟੇਕਵੇ' ਤੱਕ ਹੀ ਸੀਮਤ ਰਹਿ ਗਏ ਸਨ; ਭਾਵੇਂ ਮੈਲਬੌਰਨ ਨੂੰ ਛੱਡਕੇ ਆਸਟ੍ਰੇਲੀਆ ਵਿੱਚ ਇਸ ਵੇਲੇ ਹਾਲਾਤ ਸਾਜ਼ਗਰ ਕਹੇ ਜਾ ਸਕਦੇ ਹਨ ਪਰ ਮੌਜੂਦਾ ਕਾਰੋਬਾਰੀਆਂ ਨੂੰ ਇਸ ਤਰ੍ਹਾਂ ਦੁਬਾਰਾ ਹੋਣ ਦਾ ਡਰ ਨਿਰੰਤਰ ਸਤਾਉਂਦਾ ਰਹਿੰਦਾ ਹੈ।
ਬ੍ਰਿਸਬਨ ਤੋਂ ਇਸ ਸਨਅਤ ਦੇ ਮਾਹਿਰ ਨਵਨੀਸ਼ ਬਾਂਸਲ ਨੇ ਦੱਸਿਆ ਕਿ ਗਾਹਕਾਂ ਦੀ ਘਾਟ, ਲੰਮੇ ਸਮੇਂ ਦੀ ਲੀਜ਼ ਜਾਂ ਥਾਂ ਦੇ ਕਿਰਾਏ ਭਰਨ ਪ੍ਰਤੀ ਅਸਮਰੱਥਤਾ ਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਬੰਦ ਹੋਣ ਕਰਕੇ ਕਾਮਿਆਂ ਦੀ ਕਮੀ ਨੇ ਹਾਸਪੀਟੈਲਿਟੀ ਸਨਅਤ ਨੂੰ ਵੱਡੀ ਢਾਹ ਲਾਈ ਹੈ।
ਇਸ ਵਰਤਾਰੇ ਦੇ ਚਲਦਿਆਂ ਕੰਮਕਾਰ ਵਿੱਚ ਘਾਟੇ ਖਾ ਚੁੱਕੇ ਫੂਡ ਇੰਡਸਟਰੀ ਦੇ ਕੁਝ ਲੋਕਾਂ ਨੇ ਫੂਡ ਟਰੱਕ ਨੂੰ ਹੱਲ ਵਜੋਂ ਵਰਤਿਆ ਹੈ।
"ਫੂਡ ਇੰਡਸਟਰੀ ਵਿਚਲੀ ਇਹ ਲੋੜ ਜਾਂ ਤਬਦੀਲੀ ਅਮਰੀਕਾ ਵਿੱਚ ਇਸੇ ਤਰਾਂਹ ਦੇ ਆਏ ਬਦਲਾਅ ਤੋਂ ਵੀ ਆਈ ਪ੍ਰਤੀਤ ਹੁੰਦੀ ਹੈ। ਫੂਡ ਵੈਨ ਜਾਂ ਫੂਡ ਟਰੱਕ ਕਾਰੋਬਾਰ ਦਾ ਮੁੱਖ ਫਾਇਦਾ ਇਹ ਹੈ ਕਿ ਤੁਸੀਂ ਰੈਸਟੋਰੈਂਟਾਂ ਵਾਂਗ ਮਹਿੰਗੇ ਕਿਰਾਏ ਜਾਂ ਲੀਜ਼, ਬੇਲੋੜੇ ਵਾਧੂ ਖਰਚੇ ਤੇ ਵੱਧ ਗਿਣਤੀ ਵਿੱਚ ਰੱਖੇ ਜਾਣ ਵਾਲੇ ਕਾਮੇ ਤੇ ਉਨ੍ਹਾਂ ਦੀਆਂ ਸੰਭਾਵੀ ਤਨਖ਼ਾਹਾਂ ਤੋਂ ਬਚ ਜਾਂਦੇ ਹੋ," ਉਨ੍ਹਾਂ ਕਿਹਾ।
"ਵੱਡੀ ਗੱਲ, ਫੂਡ ਵੈਨ ਕਾਰੋਬਾਰੀ ਮਹਿਸੂਸ ਕਰਦੇ ਨੇ ਕਿ ਅਗਰ ਕੰਮ ਵਿੱਚ ਘਾਟਾ ਵੀ ਪੈਂਦਾ ਹੈ ਤਾਂ ਇਹ ਸਹਿਣਯੋਗ ਹੋਵੇਗਾ ਜਦਕਿ ਰੈਸਟੋਰੈਂਟਾਂ ਵਿਚਲੇ ਘਾਟੇ ਕਈ ਵਾਰ ਤੁਹਾਨੂੰ ਦੀਵਾਲੀਆ ਤੱਕ ਹੋਣ ਲਈ ਮਜਬੂਰ ਕਰ ਦਿੰਦੇ ਹਨ।"
ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਮਹਾਂਮਾਰੀ ਦੇ ਇਸ ਇਕ ਸਾਲ ਦੌਰਾਨ 'ਨਥਿੰਗ ਟੂ ਲੂਜ਼' ਪਾਲਿਸੀ ਤੇ ਚੱਲਦਿਆਂ ਇਸ ਸਨਅਤ ਵਿਚਲੇ ਬਹੁਤ ਸਾਰੇ ਲੋਕਾਂ ਨੇ ਫੂਡ ਵੈਨ ਜਾਂ ਫੂਡ ਟਰੱਕ ਕਾਰੋਬਾਰ ਵਿੱਚ ਕਿਸਮਤ ਅਜ਼ਮਾਉਣ ਦਾ ਫੈਸਲਾ ਲਿਆ ਜਿਸਦੇ ਚਲਦਿਆਂ ਸੈਂਕੜੇ-ਹਜ਼ਾਰਾਂ ਨਵੇਂ ਕਾਰੋਬਾਰਾਂ ਨੇ ਇਸ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਕਾਰੋਬਾਰ ਸ਼ੁਰੂ ਕਰਨ ਦੌਰਾਨ ਚੁਣੌਤੀਆਂ ਅਤੇ ਧਿਆਨ-ਰੱਖਣ ਯੋਗ ਗੱਲਾਂ
ਫੂਡ ਵੈਨ ਕਾਰੋਬਾਰ ਸ਼ੁਰੂ ਕਰਨ ਵੇਲੇ ਕੁਝ ਨੁਕਤੇ ਵਿਚਾਰਨੇ ਕਾਫੀ ਜ਼ਰੂਰੀ ਹਨ - ਕਿਹੜੀ ਥਾਂ ਤੇ ਕਿਹੜੇ ਭੋਜਨ ਇਸਦੇ ਦੋ ਜ਼ਰੂਰੀ ਪਹਿਲੂ ਹਨ।
ਦਿਲਪ੍ਰੀਤ ਸਿੰਘ ਨੇ ਕਿਹਾ ਕਿ 'ਗੋ ਵੇਅਰ ਪੀਪਲ ਗੋ' ਦੇ ਸਿਧਾਂਤ ਤੇ ਚੱਲਦਿਆਂ ਥਾਂ ਦੀ ਚੋਣ ਕਰਨਾ ਕਾਫੀ ਅਹਿਮ ਹੋ ਜਾਂਦਾ ਹੈ।
"ਜਿਸ ਥਾਂ ਟਰੱਕ ਜਾਂ ਵੈਨ ਖੜ੍ਹਾਉਣੀ ਹੈ ਉਸ ਥਾਂ ਦਾ ਕਿਰਾਇਆ, ਕਾਰਾਂ ਖੜ੍ਹਾਉਣ ਲਈ ਵਾਧੂ ਪਾਰਕਿੰਗ, ਸੜਕ ਸੁਰੱਖਿਆ ਅਤੇ ਮੁਖ ਸੜਕੀ ਆਵਾਜਾਈ ਤੋਂ ਦਿਖਦੇ ਹੋਣਾ ਅਤੇ ਅਸਾਨ ਪਹੁੰਚ ਵੀ ਇਸਦੇ ਜ਼ਰੂਰੀ ਨੁਕਤੇ ਹਨ," ਉਨ੍ਹਾਂ ਸਲਾਹ ਦਿੰਦਿਆਂ ਕਿਹਾ।
"ਇਸ ਤੋਂ ਇਲਾਵਾ ਆਪਣੇ ਸੰਭਾਵੀ ਬਜਟ 'ਤੇ ਵੀ ਧਿਆਨ ਦੇਣ ਦੀ ਲੋੜ ਹੈ। ਇੱਕ ਆਮ ਫੂਡ ਵੈਨ ਜਾਂ ਟਰੱਕ ਲੋੜੀਂਦੀਆਂ ਸਹੂਲਤਾਂ ਦੇ ਚਲਦਿਆਂ 50,000 ਡਾਲਰ ਤੋਂ ਲੈ ਕੇ ਇੱਕ ਲੱਖ ਡਾਲਰ ਤੱਕ ਦੀ ਕੀਮਤ ਦਾ ਹੋ ਸਕਦਾ ਹੈ। ਪਰ ਇਸ ਤੋਂ ਇਲਾਵਾ ਲਾਗਤ ਅਤੇ ਉਪਰਲੇ ਖ਼ਰਚਿਆਂ ਦੀ ਭਰਪਾਈ ਲਈ 'ਬਫਰਿੰਗ ਰਾਸ਼ੀ' ਤਹਿਤ ਆਪਣੇ ਕੋਲ ਇਕ ਲੱਖ ਡਾਲਰ ਤਕ ਦੀ ਵਾਧੂ ਰਾਸ਼ੀ ਹਰ ਵਕਤ ਸਟਾਕ ਵਿੱਚ ਰੱਖਣੀ ਵੀ ਲਾਹੇਵੰਦ ਹੋ ਸਕਦੀ ਹੈ।

ਗਿੱਲ ਈਲਵਾਲੀਆ ਜੋ ਮੈਲਬੌਰਨ ਵਿੱਚ ਫੂਡ ਵੈਨ ਤੇ ਫੂਡ ਟਰੱਕ ਬਣਾਉਣ ਵਾਲਾ ਕੰਮ-ਕਾਰੋਬਾਰ ਚਲਾਉਂਦੇ ਹਨ, ਨੇ ਆਖਿਆ ਕਿ ਨਵਾਂ ਵਹੀਕਲ ਖ਼ਰੀਦਣ ਵੇਲੇ ਕਾਰੋਬਾਰੀ ਇਸ ਗੱਲ ਵੱਲ ਜ਼ਰੂਰ ਧਿਆਨ ਜ਼ਰੂਰ ਦੇਣ ਕਿ ਇਹ ਵਹੀਕਲ ਸੁਰੱਖਿਆ ਨਿਯਮਾਂ ਤਹਿਤ ਸਬੰਧਤ 'ਸੇਫਟੀ' ਅਦਾਰਿਆਂ ਤੋਂ 'ਸਰਟੀਫਾਈਡ' ਜਾਂ ਪ੍ਰਵਾਨਤ ਹੋਵੇ।
ਸ਼੍ਰੀ ਈਲਵਾਲੀਆ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਉਹ 50 ਤੋਂ ਵੀ ਵੱਧ 'ਫੂਡ ਵੈਨ ਤੇ ਫੂਡ ਟਰੱਕ' ਬਣਾ ਚੁੱਕੇ ਹਨ ਤੇ ਮਾਰਕੀਟ ਵਿੱਚ ਆਏ ਇਸ 'ਬੂਮ' ਦੇ ਚਲਦਿਆਂ ਇਸ ਮੰਗ ਨੂੰ ਪੂਰਾ ਕਰਨਾ ਕਾਫ਼ੀ ਚੁਣੌਤੀਪੂਰਨ ਰਿਹਾ ਹੈ।

ਦਲਬੀਰ ਸਿੰਘ 'ਗੁਲਸ਼ਨ' ਜੋ ਨਿਊ ਸਾਊਥ ਵੇਲਜ਼ ਦੇ ਖੇਤਰੀ ਸ਼ਹਿਰ ਟੈਮਵਰਥ ਵਿਚ ਫੂਡ ਵੈਨ ਦਾ ਕਾਰੋਬਾਰ ਚਲਾ ਰਹੇ ਹਨ, ਨੇ ਵੀ ਵਹੀਕਲ ਖਰੀਦਣ ਵੇਲ਼ੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਇੱਕ ਲੰਬਾ ਸਮਾਂ 'ਫੂਡ' ਇੰਡਸਟਰੀ ਵਿੱਚ ਕੰਮ ਕਰਨ ਪਿੱਛੋਂ ਉਨ੍ਹਾਂ ਹਾਲ ਹੀ ਵਿੱਚ ਫੂਡ ਟਰੱਕ ਪਾਉਣ ਦਾ ਫ਼ੈਸਲਾ ਲਿਆ ਸੀ।
ਇਸ ਕਾਰੋਬਾਰ ਵਿੱਚ ਰੈਸਟੋਰੈਂਟ ਦੇ ਮੁਕਬਲੇ ਇਨਵੈਸਟਮੈਂਟ ਕਾਫੀ ਘੱਟ ਸੀ, ਬਹੁਤੇ ਕਾਮੇ ਰੱਖਣ ਦਾ ਫ਼ਿਕਰ ਨਹੀਂ ਸੀ ਤੇ ਲੀਜ਼ ਜਾਂ ਕਿਰਾਏ ਦੇ ਮੁੱਲ ਵਿੱਚ ਵੀ ਜ਼ਮੀਨ-ਅਸਮਾਨ ਦਾ ਫ਼ਰਕ ਸੀ।
"ਸਾਡੀ ਪਹਿਲ ਹਮੇਸ਼ਾਂ ਤੋਂ ਇਸ ਕਾਰੋਬਾਰ ਲਈ ਸੀ। ਸਾਡੇ ਸ਼ਹਿਰ ਉਤੇ ਮਹਾਂਮਾਰੀ ਦਾ ਅਸਰ ਕਾਫ਼ੀ ਘੱਟ ਸੀ ਪਰ ਫਿਰ ਵੀ ਆਪਣੇ ਆਪ ਨੂੰ ਹਮੇਸ਼ਾ ਚੁਣੌਤੀਪੂਰਨ ਸਮੇਂ ਲਈ ਤਿਆਰ ਰੱਖਣਾ ਚਾਹੀਦਾ ਹੈ," ਉਨ੍ਹਾਂ ਕਿਹਾ।
ਸ੍ਰੀ ਗੁਲਸ਼ਨ ਹੁਣ ਇਸ ਕਾਰੋਬਾਰ ਵਿਚਲੀ ਆਮਦਨ ਤੋਂ ਖੁਸ਼ ਹਨ - "ਵੱਧ ਗੁੜ ਪਾਇਆਂ ਮਿੱਠਾ ਹੋਣਾ ਸੁਭਾਵਕ ਹੈ। ਆਪਣੀ ਮਿਹਨਤ, ਕੁਆਲਿਟੀ ਤੇ ਰੱਬ ਦੇ ਭਰੋਸੇ ਅਸੀਂ ਇਸ ਕੰਮ ਵਿਚਲੀ ਕਾਮਯਾਬੀ ਤੋਂ ਕਾਫੀ ਖੁਸ਼ ਹਾਂ।"
ਪੂਰੀ ਜਾਣਕਾਰੀ ਲਈ ਦਲਬੀਰ ਸਿੰਘ, ਦਿਲਪ੍ਰੀਤ ਸਿੰਘ, ਨਵਨੀਸ਼ ਬਾਂਸਲ ਅਤੇ ਗਿੱਲ ਈਲਵਾਲੀਆ ਨਾਲ਼ ਕੀਤੀਆਂ ਇਹ ਇੰਟਰਵਿਊਜ਼ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ:






