37-ਸਾਲਾ ਰਣਬੀਰ ਸਿੰਘ ਬੈਂਸ ਕੁਈਨਜ਼ਲੈਂਡ ਵਿਚਲੇ ਕੇਰਨਜ਼ ਤੇ ਲਾਗਲੇ ਇਲਾਕਿਆਂ ਵਿੱਚ ਐਂਡਰਿਊ ਦੇ ਨਾਂ ਨਾਲ ਜਾਣਿਆ ਜਾਂਦਾ ਇੱਕ ਮਿਹਨਤੀ ਨੌਜਵਾਨ ਹੈ।
ਉਹ ਬੈਂਸ ਪਰਿਵਾਰ ਦੀ ਆਸਟ੍ਰੇਲੀਆ ਵਸਦੀ ਪੰਜਵੀਂ ਪੁਸ਼ਤ ਵਿੱਚੋਂ ਹੈ ਜਿਸਨੇ ਖੇਤੀਬਾੜੀ ਵਿੱਚ ਆਪਣੀ ਲਗਨ ਸਦਕਾ ਇੱਕ ਵੱਖਰਾ ਮੁਕਾਮ ਸਿਰਜਿਆ ਹੈ।
ਇਸ ਵੇਲ਼ੇ ਬੈਂਸ ਪਰਿਵਾਰ ਦੀ ਖੇਤੀਬਾੜੀ, ਜੋ ਮਰੀਬਾ, ਗੋਰਡਨਵੇਲ ਤੇ ਟਾਲੀ ਜ਼ਿਲ੍ਹਿਆਂ ਦੇ 1500 ਏਕੜ ਵਿੱਚ ਫੈਲੀ ਹੋਈ ਹੈ, ਵਿੱਚੋਂ ਸਾਲਾਨਾ 60,000 ਟਨ ਗੰਨੇ ਦਾ ਝਾੜ ਨਿਕਲਦਾ ਹੈ।

Andrew Ranbir Singh Bains is a fourth-generation sugarcane farmer in Cairns in Far North Queensland. Source: Supplied
ਐਂਡਰਿਊ ਦੇ ਅੰਕਲ ਸਰਦਾਰ ਰਾਜਿੰਦਰ ਸਿੰਘ ਬੈਂਸ ਨੇ ਕੁਈਨਜ਼ਲੈਂਡ ਦੇ 'ਕੇਨਗਰੋਅਰਜ਼ ਬੋਰਡ ਆਫ਼ ਡਾਇਰੈਕਟਰਜ਼' ਵਿੱਚ 10 ਸਾਲਾਂ ਤੋਂ ਵੀ ਵੱਧ ਸਮੇਂ ਲਈ ਜਿੰਮੇਵਾਰੀ ਨਿਭਾਈ ਹੈ ਤੇ ਇਸ ਵੇਲੇ ਉਹ ‘ਫਾਰ ਨੌਰਥ ਸ਼ੂਗਰ ਮਿਲਿੰਗ’ ਦੇ ਡਾਇਰੈਕਟਰ ਹਨ।
ਆਸਟ੍ਰੇਲੀਆ ਵਿੱਚ ਸਥਾਪਤੀ ਦਾ ਮੁਢਲਾ ਸਮਾਂ

The sugarcane cultivation in Australia is dependent on heavy machinery. Source: Supplied
ਬੈਂਸ ਪਰਿਵਾਰ ਦੀ ਆਸਟ੍ਰੇਲੀਆ ਵਿੱਚ ਜੜ੍ਹ ਲਾਉਣ ਵਾਲੇ ਸਰਦਾਰ ਮੰਗਲ ਸਿੰਘ ਬੈਂਸ 1893 ਵਿੱਚ ਆਸਟ੍ਰੇਲੀਆ ਆਏ ਸਨ।
ਉਨ੍ਹਾਂ ਦਾ ਸਭ ਤੋਂ ਪਹਿਲਾਂ ਮੈਲਬੌਰਨ ਵਿੱਚ ਆਉਣਾ ਹੋਇਆ ਜਿਥੋਂ ਉਨ੍ਹਾਂ ਖੇਤਰੀ ਵਿਕਟੋਰੀਆ ਦਾ ਰੁਖ਼ ਕੀਤਾ ਜਿਸ ਦੌਰਾਨ ਉਹ ਕਾਫ਼ੀ ਸਮਾਂ ਇਕ ਹਾਕਰ (ਘੋੜਾ-ਗੱਡੀ ਦੁਕਾਨਦਾਰ) ਵਜੋਂ ਵਿਚਰਦੇ ਰਹੇ।
ਇਸ ਉਪਰੰਤ ਸਨ 1925 ਵਿੱਚ ਮੰਗਲ ਸਿੰਘ ਆਪਣੇ ਪੁੱਤਰ 'ਡੌਨ' ਦਲੀਪ ਸਿੰਘ ਨੂੰ ਵੀ ਭਾਰਤ ਤੋਂ ਲੈ ਆਏ।
ਖੇਤ-ਮਜਦੂਰ ਤੋਂ ਖੇਤ-ਮਾਲਿਕ ਬਣਨ ਦਾ ਸਫ਼ਰ

A file photo of Mangal Singh Bains who came to Australia in 1893. Source: Supplied
ਦਲੀਪ ਸਿੰਘ 1939 ਵਿੱਚ ਕੁਈਨਜ਼ਲੈਂਡ ਦੇ ਗੋਰਡਨਵੇਲ ਇਲਾਕੇ ਵਿੱਚ ਚਲੇ ਗਏ ਜਿਥੇ ਉਨ੍ਹਾਂ ਕਾਫੀ ਸਮਾਂ ਗੰਨਾ ਕੱਟਦਿਆਂ ਖੇਤ-ਮਜ਼ਦੂਰੀ ਕੀਤੀ।
1948 ਵਿੱਚ ਉਨ੍ਹਾਂ ਆਪਣੇ ਖੇਤ-ਮਾਲਕ ਜੌਰਜ ਪੈਰੀ ਤੋਂ 100 ਏਕੜ ਜ਼ਮੀਨ ਦੀ ਸਹਿ-ਮਾਲਕੀ ਲਈ ਜਿਸ ਪਿੱਛੋਂ ਬੈਂਸ ਪਰਿਵਾਰ ਦੇ ਖੇਤੀਬਾੜੀ ਵਿੱਚ 'ਪੈਰ ਲੱਗਣੇ' ਸ਼ੁਰੂ ਹੋ ਗਏ।
1951 ਵਿੱਚ ਦਲੀਪ ਸਿੰਘ ਆਪਣੇ ਜਲੰਧਰ ਜ਼ਿਲ੍ਹੇ ਵਿਚਲੇ ਜੱਦੀ ਪਿੰਡ ਬਿਲਗਾ ਤੋਂ ਆਪਣੇ ਪੁੱਤਰ (ਐਂਡਰਿਊ ਦੇ ਦਾਦਾ ਜੀ) ਗਿਆਨ ਸਿੰਘ ਬੈਂਸ ਨੂੰ ਆਸਟ੍ਰੇਲੀਆ ਲੈ ਆਏ।
ਗਿਆਨ ਸਿੰਘ ਬੈਂਸ ਨੇ ਆਪਣੇ ਪੁੱਤਰ ਰਾਜਿੰਦਰ ਸਿੰਘ ਤੇ ਸੁਰਿੰਦਰ ਸਿੰਘ ਨਾਲ ਮਿਲਕੇ ਖੇਤੀ ਲਈ ਜ਼ਮੀਨ ਖ਼ਰੀਦਣੀ ਜਾਰੀ ਰੱਖੀ ਅਤੇ ਇਸ ਤਰਾਂਹ ਸਮਾਂ ਪੈਂਦਿਆਂ ਖੇਤੀਬਾੜੀ ਵਿੱਚ ਆਪਣੀ ਨਿਰੰਤਰ ਮਿਹਨਤ ਸਦਕਾ ਬੈਂਸ ਪਰਿਵਾਰ ਖੇਤ-ਮਜ਼ਦੂਰ ਤੋਂ ਖੇਤ-ਮਾਲਕ ਬਣ ਗਿਆ ਸੀ।
ਗੰਨੇ ਦੀ ਕਾਸ਼ਤ ਵਿੱਚ ਰਿਕਾਰਡ-ਤੋੜ ਸਫਲਤਾ

A file photo of Don Daleep Singh with Qld cane farmer George Parry. Source: Supplied
1989 ਵਿੱਚ ਉਨ੍ਹਾਂ ਕੇਰਨਜ਼ ਤੋਂ 100 ਕਿਲੋਮੀਟਰ ਪੱਛਮ ਵਿੱਚ ਮਰੀਬਾ ਜ਼ਿਲ੍ਹੇ ਵਿੱਚ ਇੱਕ ਸੁੰਨਸਾਨ ਜੰਗਲੀ ਜ਼ਮੀਨ ਖਰੀਦੀ ਤੇ ਉਸ ਨੂੰ ਖੂਨ-ਪਸੀਨੇ ਨਾਲ ਬੁਲਡੋਜ਼ਰਾਂ ਦੀ ਵਰਤੋਂ ਕਰਕੇ ਖੇਤੀ ਯੋਗ ਬਣਾਇਆ ਤੇ ਫਿਰ ਓਥੇ ਗੰਨੇ ਦੀ ਕਾਸ਼ਤ ਸ਼ੁਰੂ ਕੀਤੀ।
1960 ਤੋਂ 1980 ਦੌਰਾਨ ਖੇਤੀਬਾੜੀ ਵਿੱਚ ਮਸ਼ੀਨੀਕਰਨ ਨੇ ਭਾਰੀ ਤਬਦੀਲੀ ਲਿਆਂਦੀ ਤੇ 1990ਵਿਆਂ ਤੱਕ ਆਉਂਦਿਆਂ ਗੰਨੇ ਦੀ ਕਟਾਈ ਵਿਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਵਿਕਸਤ ਹੋਈਆਂ ਜਿਸ ਨੂੰ ਬੈਂਸ ਪਰਿਵਾਰ ਸਮੇਂ-ਸਮੇਂ ਉੱਤੇ ਅਪਣਾਉਂਦਾ ਰਿਹਾ।
ਆਪਣੇ ਕੰਮ-ਕਾਰੋਬਾਰ ਨੂੰ ਵਧਾਉਣ ਲਈ ਬੈਂਸ ਪਰਿਵਾਰ ਨੇ 1993 ਤੋਂ ਠੇਕੇ ਉੱਤੇ ਗੰਨੇ ਦੀ ਕਟਾਈ ਕਰਨੀ ਵੀ ਸ਼ੁਰੂ ਕੀਤੀ।
ਪਰਿਵਾਰ ਦੇ ਦੱਸਣ ਮੁਤਾਬਿਕ 1995 ਵਿੱਚ 22 ਹਫਤਿਆਂ ਦੇ ਕਟਾਈ ਸੀਜ਼ਨ ਵਿੱਚ ਉਨ੍ਹਾਂ 150,000 ਟਨ ਗੰਨੇ ਦੀ ਕਟਾਈ ਕਰਕੇ ਇਲਾਕੇ ਵਿੱਚ ਇਕ ਨਵਾਂ ਰਿਕਾਰਡ ਸਥਾਪਤ ਕੀਤਾ।
ਪਰ ਖੇਤੀਬਾੜੀ ਵਿਚਲੀ ਸਫ਼ਲਤਾ ਹਮੇਸ਼ਾ ਇਕਸਾਰ ਨਹੀਂ ਹੁੰਦੀ, ਬੈਂਸ ਪਰਿਵਾਰ ਉੱਤੇ ਔਖੇ-ਸੌਖੇ ਵੇਲੇ ਆਉਂਦੇ ਰਹੇ ਪਰ ਉਹ ਇਨ੍ਹਾਂ ਚੁਣੌਤੀਆਂ ਨੂੰ ਪਰਿਵਾਰਕ ਸਾਂਝ, ਮਿਹਨਤ ਤੇ ਸਬਰ ਨਾਲ ਨਜਿੱਠਦੇ ਰਹੇ।

Gian Singh Bains with his sons Rajinder Singh and Srinder Singh (photo taken in 1990). Source: Supplied
ਨੌਜਵਾਨ ਪੀੜ੍ਹੀ ਦੀ ਖੇਤੀਬਾੜੀ ਵਿਚਲੀ ਸ਼ਮੂਲੀਅਤ
1990ਵਿਆਂ ਦੌਰਾਨ ਗੰਨੇ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਪਿੱਛੋਂ ਬੈਂਸ ਪਰਿਵਾਰ ਨੇ ਆਪਣੀ ਨੌਜਵਾਨ ਪੀੜ੍ਹੀ ਨੂੰ ਉੱਚ-ਵਿੱਦਿਆ ਪ੍ਰਾਪਤ ਕਰਨ ਤੇ ਸ਼ਹਿਰਾਂ ਵਿੱਚ ਨੌਕਰੀਆਂ ਕਰਨ ਲਈ ਉਤਸ਼ਾਹਤ ਕੀਤਾ।
ਇਸੇ ਕੋਸ਼ਿਸ਼ ਤਹਿਤ ਐਂਡਰਿਊ ਨੇ ਕਾਮਰਸ ਦੀ ਪੜ੍ਹਾਈ ਪਿੱਛੋਂ ਵੈਸਟਪੈਕ ਬੈਂਕ ਦੇ ਗਰੈਜੂਏਸ਼ਨ ਪ੍ਰੋਗਰਾਮ ਵਿੱਚ ਦਾਖਲਾ ਲੈਂਦਿਆਂ ਦੋ ਸਾਲ ਨੌਕਰੀ ਵੀ ਕੀਤੀ ਪਰ ਉਸਦਾ ਧਿਆਨ ਖੇਤੀਬਾੜੀ ਤੋਂ ਨਾ ਹਟਿਆ ਤੇ ਉਸਨੇ ਮੁੜ ਉਸੇ ਕਿੱਤੇ ਵਿੱਚ ਵਾਪਸੀ ਕੀਤੀ ਜਿਸ ਵਿੱਚ ਉਸਦੇ ਬਾਪ-ਦਾਦਿਆਂ ਨੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਸੀ।
2016 ਵਿੱਚ ਐਂਡਰਿਊ ਦੇ ਭਰਾ ਨੇ ਆਸਟ੍ਰੇਲੀਅਨ ਡਿਫੈਂਸ ਫੋਰਸਜ਼ ਵਿੱਚ ਪੰਜ ਸਾਲ ਨੌਕਰੀ ਕਰਨ ਉਪਰੰਤ ਖੇਤੀਬਾੜੀ ਵਿੱਚ ਵਾਪਸੀ ਕੀਤੀ।
ਬੈਂਸ ਪਰਿਵਾਰ ਲਈ ਇਹ ਸਮਾਂ ਹੁਣ ਖੇਤੀਬਾੜੀ ਵਿੱਚ ਕੁਝ ਵਖਰੇਵਾਂ ਲਿਆਉਣ ਦਾ ਸੀ।
ਇਸੇ ਮਕਸਦ ਤਹਿਤ ਉਨ੍ਹਾਂ ਕੇਰਨਜ਼ ਤੋਂ 150 ਕਿਲੋਮੀਟਰ ਦੂਰ ਦੱਖਣ ਵਿੱਚ ਟਾਲੀ ਦੇ ਇਲਾਕੇ ਵਿੱਚ ਕੇਲੇ ਦੀ ਪੈਦਾਵਾਰ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਜਿਸ ਲਈ ਉਹ ਮੌਜੂਦਾ ਦੌਰ ਵਿੱਚ 'ਕਾਮਯਾਬ ਕਿਸਾਨ' ਵਜੋਂ ਜਾਣੇ ਜਾ ਰਹੇ ਹਨ।
ਸਿੱਖ ਵਿਰਸੇ-ਵਿਰਾਸਤ ਨਾਲ ਸਾਂਝ ਰੱਖੀ ਬਰਕਰਾਰ

In a day’s work at banana plantations, near Cairns, FNQ. Source: Supplied
ਕੁਈਨਸਲੈਂਡ ਦੇ ਉਤਰੀ ਖੇਤਰੀ ਇਲਾਕਿਆਂ ਵਿੱਚ ਰਹਿੰਦਾ ਬੈਂਸ ਪਰਿਵਾਰ ਆਪਣੀਆਂ ਸਿੱਖ ਕਦਰਾਂ-ਕੀਮਤਾਂ, ਪੰਜਾਬੀ ਪਿਛੋਕੜ ਅਤੇ ਭਾਰਤੀ ਸੱਭਿਆਚਾਰ ਨੂੰ ਹਮੇਸ਼ਾਂ ਨਾਲ ਲੈਕੇ ਚੱਲਦਾ ਰਿਹਾ ਹੈ।
ਆਸਟ੍ਰੇਲੀਆ ਵੱਸਦੇ ਸਿੱਖ ਭਾਈਚਾਰੇ ਵਿੱਚ ਐਂਡ੍ਰਿਊ ਦੇ ਦਾਦਾ ਜੀ ਗਿਆਨ ਸਿੰਘ ਬੈਂਸ ਦਾ ਨਾਂ ਇੱਕ ਸਫਲ ਕਿਸਾਨ ਤੇ ਸਮਾਜ ਸੇਵੀ ਵਜੋਂ ਸਤਿਕਾਰ ਨਾਲ ਲਿਆ ਜਾਂਦਾ ਹੈ।
ਉਨ੍ਹਾਂ ਦੁਆਰਾ ਦਿੱਤੀ ਜ਼ਮੀਨ ਤੇ ਮਾਇਕ ਸਹਾਇਤਾ ਨਾਲ ਹੀ ਕੁਈਨਜ਼ਲੈਂਡ ਵਿੱਚ ਪਹਿਲਾ ਗੁਰਦੁਆਰਾ ਬਣਾਇਆ ਗਿਆ ਸੀ।
ਉਨ੍ਹਾਂ ਆਪਣੇ ਜਲੰਧਰ ਜ਼ਿਲ੍ਹੇ ਵਿਚਲੇ ਜੱਦੀ ਪਿੰਡ ਬਿਲਗਾ ਵਿੱਚ ਬੜੂ ਸਾਹਿਬ ਅਕੈਡਮੀ ਸਥਾਪਤ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਇਆ।
ਆਸਟ੍ਰੇਲੀਆ ਵਸਦੇ ਪੰਜਾਬੀ ਪਰਿਵਾਰਾਂ ਲਈ ਸਫਲਤਾ ਦੀ ਮਿਸਾਲ ਪੈਦਾ ਕਰਨ ਵਾਲ਼ਾ ਇਹ ਪ੍ਰਵਾਸੀ ਪਰਿਵਾਰ ਖੇਤਰੀ ਕੁਈਨਜ਼ਲੈਂਡ ਵਿੱਚ ਰਹਿੰਦਿਆਂ ਆਪਣੇ-ਆਪ ਨੂੰ ਕਾਫੀ ਖੁਸ਼ਕਿਸਮਤ ਮੰਨਦਾ ਹੈ।

Some members of Bains family during Andrew's marriage ceremony. Source: Supplied
“ਮੈਨੂੰ ਲਗਦਾ ਹੈ ਕਿ ਨੌਰਥ ਕੁਈਨਜ਼ਲੈਂਡ ਦੁਨੀਆ ਵਿੱਚ ਰਹਿਣ ਲਈ ਸਭ ਤੋਂ ਖੂਬਸੂਰਤ ਥਾਵਾਂ ਵਿਚੋਂ ਇੱਕ ਹੈ। ਅਸੀਂ ਕਿਸਮਤ ਵਾਲ਼ੇ ਹਾਂ ਕਿ ਸਾਡੇ ਬਾਪ-ਦਾਦਿਆਂ ਨੇ ਰਹਿਣ ਲਈ ਆਸਟ੍ਰੇਲੀਆ ਨੂੰ ਚੁਣਿਆ,” ਐਂਡਰਿਊ ਨੇ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਕਿਹਾ।
“ਮੈਂ ਜਾਣਦਾ ਹਾਂ ਕਿ ਵੱਡੇ ਸ਼ਹਿਰਾਂ ਵਿਚ ਨੌਜਵਾਨਾਂ ਲਈ ਵਧੇਰੇ ਮੌਕੇ ਹਨ ਪਰ ਉਨ੍ਹਾਂ ਲੋਕਾਂ ਲਈ ਜੋ ਜ਼ਮੀਨ ਅਤੇ ਖੇਤੀ ਨਾਲ ਪ੍ਰੇਮ ਰੱਖਦੇ ਹਨ ਇਥੇ ਵਸਣਾ ਇੱਕ ਖੂਬਸੂਰਤ ਮੌਕਾ ਹੈ ਜਿਸਨੂੰ ਕਿ ਸਾਡੇ ਪਰਿਵਾਰ ਨੇ ਵੀ ਅਜਾਈਂ ਨਹੀਂ ਜਾਣ ਦਿੱਤਾ।"

Andrew with his wife and children. Source: Supplied
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ: