SKIP TO MAIN CONTENT

ਚਾਰ ਦਹਾਕਿਆਂ ਤੋਂ ਫੁੱਟਬਾਲ ਪ੍ਰਤੀ ਸਮਰਪਿਤ ਮੈਲਬਰਨ ਦੇ ਸਤਿੰਦਰ ਸੰਘੇੜਾ ਨਾਲ ਮੁਲਾਕਾਤ

Web Pics (5).jpg
Source: Supllied by Satinder Sanghera Credit: Australian Fustal Association

ਸਤਿੰਦਰ ਸੰਘੇੜਾ ਲਈ ਫੁੱਟਬਾਲ ਸਿਰਫ਼ ਇੱਕ ਖੇਡ ਨਹੀਂ, ਸਗੋਂ ਲੋਕਾਂ ਨੂੰ ਜੋੜਨ, ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਅਤੇ ਇੱਕ ਮਜ਼ਬੂਤ ਭਾਈਚਾਰਕ ਸਾਂਝ ਬਣਾਉਣ ਦਾ ਸਾਧਨ ਰਹੀ ਹੈ। 1970 ਦੇ ਦਹਾਕੇ ਵਿੱਚ ਛੋਟੀ ਉਮਰ ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਏ ਸਤਿੰਦਰ ਨੂੰ ਸਕੂਲੀ ਦਿਨਾਂ ਤੋਂ ਹੀ ਖੇਡਾਂ ਵੱਲ ਖਾਸ ਰੁਝਾਨ ਸੀ। ਜਲਦੀ ਹੀ ਫੁੱਟਬਾਲ ਉਹਨਾਂ ਦੇ ਆਸਟ੍ਰੇਲੀਆਈ ਸਫਰ ਦਾ ਅਹਿਮ ਹਿੱਸਾ ਬਣ ਗਿਆ, ਜਿਸ ਨੂੰ ਉਹ ਹੁਣ ਇੱਕ ਕੋਚ ਵਜੋਂ ਹੋਰਨਾਂ ਤੱਕ ਪਹੁੰਚਾ ਰਹੇ ਹਨ।


Published

Updated

By Tejinder Pal Singh Hallan

Presented by Tejinder Pal Singh Hallan

Source: SBS


Skip to podcast episode content

ਸਤਿੰਦਰ ਸੰਘੇੜਾ ਲਈ ਫੁੱਟਬਾਲ ਸਿਰਫ਼ ਇੱਕ ਖੇਡ ਨਹੀਂ, ਸਗੋਂ ਲੋਕਾਂ ਨੂੰ ਜੋੜਨ, ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਅਤੇ ਇੱਕ ਮਜ਼ਬੂਤ ਭਾਈਚਾਰਕ ਸਾਂਝ ਬਣਾਉਣ ਦਾ ਸਾਧਨ ਰਹੀ ਹੈ। 1970 ਦੇ ਦਹਾਕੇ ਵਿੱਚ ਛੋਟੀ ਉਮਰ ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਏ ਸਤਿੰਦਰ ਨੂੰ ਸਕੂਲੀ ਦਿਨਾਂ ਤੋਂ ਹੀ ਖੇਡਾਂ ਵੱਲ ਖਾਸ ਰੁਝਾਨ ਸੀ। ਜਲਦੀ ਹੀ ਫੁੱਟਬਾਲ ਉਹਨਾਂ ਦੇ ਆਸਟ੍ਰੇਲੀਆਈ ਸਫਰ ਦਾ ਅਹਿਮ ਹਿੱਸਾ ਬਣ ਗਿਆ, ਜਿਸ ਨੂੰ ਉਹ ਹੁਣ ਇੱਕ ਕੋਚ ਵਜੋਂ ਹੋਰਨਾਂ ਤੱਕ ਪਹੁੰਚਾ ਰਹੇ ਹਨ।


ਮੈਲਬਰਨ ਨਿਵਾਸੀ ਸਤਿੰਦਰ ਸੰਘੇੜਾ ਲਈ ਫੁੱਟਬਾਲ ਸਿਰਫ਼ ਇੱਕ ਖੇਡ ਹੀ ਨਹੀਂ, ਬਲਕਿ ਜ਼ਿੰਦਗੀ ਦੀ ਇੱਕ ਭਾਸ਼ਾ ਹੈ ਜਿਸ ਰਾਹੀਂ ਉਹ ਲਗਭਗ ਚਾਰ ਦਹਾਕਿਆਂ ਤੋਂ ਲੋਕਾਂ ਨੂੰ ਜੋੜਦੇ ਆ ਰਹੇ ਹਨ।

ਖਿਡਾਰੀ ਤੋਂ ਕੋਚ ਅਤੇ ਭਾਈਚਾਰੇ ਵਿੱਚ ਵੱਖ ਵੱਖ ਅਹੁਦਿਆਂ ਤੱਕ ਦੀ ਇਹ ਯਾਤਰਾ ਇਸ ਗੱਲ ਦੀ ਗਵਾਹੀ ਹੈ ਕਿ ਦੁਨੀਆ ਦੀ ਸਭ ਤੋਂ ਪਸੰਦੀਦਾ ਖੇਡ, 'ਬਿਊਟੀਫੁਲ ਗੇਮ', ਨੇ ਨਾ ਸਿਰਫ਼ ਉਸਦੀ ਪਹਿਚਾਣ ਬਣਾਈ, ਸਗੋਂ ਅਨੇਕਾਂ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰੀਆਂ।

1975 ਵਿੱਚ ਜਨਮੇ ਸਤਿੰਦਰ 1978 ਵਿੱਚ ਆਸਟ੍ਰੇਲੀਆ ਆਏ। ਨਵੇਂ ਦੇਸ਼ ਵਿੱਚ ਪੈਰ ਜਮਾਉਣਾ ਆਸਾਨ ਨਹੀਂ ਸੀ। ਭਾਸ਼ਾ, ਸੱਭਿਆਚਾਰਕ ਫਰਕ ਅਤੇ ਆਪਣੀ ਪਹਿਚਾਣ ਬਣਾਉਣ ਦੀ ਚੁਣੌਤੀ ਹਰ ਪ੍ਰਵਾਸੀ ਪਰਿਵਾਰ ਵਾਂਗ ਉਹਨਾਂ ਦੇ ਸਾਹਮਣੇ ਵੀ ਸੀ।

1984 ਦੀ ਯੂਰਪੀਅਨ ਫੁੱਟਬਾਲ ਪ੍ਰਤਿਯੋਗਿਤਾ ਨੇ ਉਹਨਾਂ ਅੰਦਰ ਖੇਡ ਲਈ ਡੂੰਘਾ ਜਜ਼ਬਾ ਜਗਾਇਆ, ਜੋ ਬਾਅਦ ਵਿੱਚ ਉਹਨਾਂ ਲਈ ਸਹਾਰਾ ਅਤੇ ਸਾਂਝੀ ਭਾਸ਼ਾ ਬਣਿਆ।

ਐਸਬੀਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਸਤਿੰਦਰ ਨੇ ਕਿਹਾ, "ਖੇਡ ਇੱਕ ਐਸਾ ਮਾਧਿਅਮ ਹੈ ਜੋ ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਸਰਹੱਦਾਂ ਅਤੇ ਫਰਕਾਂ ਤੋਂ ਉੱਪਰ ਚੁੱਕਦਾ ਹੈ।"

IMG_6376.jpeg
Supplied by Satinder Sanghera

ਉਹ ਦੱਸਦੇ ਹਨ ਕਿ ਭਾਈਚਾਰੇ ਦੇ ਬੱਚਿਆਂ ਵਿੱਚ ਫੁੱਟਬਾਲ ਪ੍ਰਤੀ ਰੁਝਾਨ ਲਗਾਤਾਰ ਵੱਧ ਰਿਹਾ ਹੈ ਅਤੇ ਸਿੱਖ ਕਮਿਊਨਿਟੀ ਵਿੱਚ ਵੀ ਇਹ ਖੇਡ ਕਾਫ਼ੀ ਲੋਕਪ੍ਰਿਯ ਹੋ ਰਹੀ ਹੈ।

ਮੈਂ ਫੁੱਟਬਾਲ ਰਾਹੀਂ ਭਾਈਚਾਰੇ ਨੂੰ ਇਕੱਠਾ ਰੱਖਣ ਦੀ ਕੋਸ਼ਿਸ਼ ਕੀਤੀ। ਛੋਟੇ ਬੱਚਿਆਂ ਨੂੰ ਇਸ ਖੇਡ ਵੱਲ ਲਿਆਂਦਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਸ ਨਾਲ ਜੋੜਿਆ।
ਸਤਿੰਦਰ ਸੰਘੇੜਾ

ਸਤਿੰਦਰ ਦੇ ਕਦਮਾਂ ਉੱਤੇ ਚਲਦਿਆਂ, ਉਹਨਾਂ ਦੇ ਪੁੱਤਰ ਜਹਾਨ ਸੰਘੇੜਾ ਨੇ ਵੀ ਫੁੱਟਬਾਲ ਨੂੰ ਆਪਣਾ ਮਕਸਦ ਬਣਾਇਆ।

ਇਸ ਸਮੇਂ 17 ਸਾਲਾ ਜਹਾਨ ਇੰਗਲੈਂਡ ਦੇ ਸ਼ੇਫੀਲਡ ਦੀ ਇੱਕ ਅਕੈਡਮੀ ਵਿੱਚ ਆਪਣੇ ਹੁਨਰ ਨੂੰ ਨਿਖਾਰ ਰਹੇ ਹਨ। ਬੇਟੇ ਦੀ ਇਸ ਉਪਲਬਧੀ ਉੱਤੇ ਸਤਿੰਦਰ ਮਾਣ ਮਹਿਸੂਸ ਕਰਦੇ ਹਨ ਅਤੇ ਉਹ ਪਲ ਵੀ ਸਾਂਝਾ ਕਰਦੇ ਹਨ ਜਦੋਂ ਜਹਾਨ ਨੂੰ ਅਕੈਡਮੀ ਟ੍ਰਾਇਲਜ਼ ਬਾਰੇ ਫੋਨ ਆਇਆ ਅਤੇ ਪਰਿਵਾਰ ਤੁਰੰਤ ਇੰਗਲੈਂਡ ਪਹੁੰਚਿਆ।

IMG_1934.jpeg
ਜਹਾਨ ਸੰਘੇੜਾ Supplied by Satinder Sanghera

ਸਤਿੰਦਰ ਦੱਸਦੇ ਹਨ ਕਿ ਜਹਾਨ ਸ਼ੁਰੂ ਤੋਂ ਹੀ ਬਹੁਤ ਫੋਕਸਡ ਸੀ ਅਤੇ ਛੋਟੀ ਉਮਰ ਵਿੱਚ ਹੀ ਉਸਦਾ ਟੈਲੈਂਟ ਸਾਹਮਣੇ ਆ ਗਿਆ ਸੀ। ਉਹ ਮੰਨਦੇ ਹਨ ਕਿ ਜੇ ਬੱਚਿਆਂ ਨੂੰ ਛੋਟੀ ਉਮਰ ਤੋਂ ਸਹੀ ਦਿਸ਼ਾ ਵਿੱਚ ਟ੍ਰੇਨਿੰਗ ਮਿਲੇ, ਤਾਂ ਉਹ ਕਾਫ਼ੀ ਅੱਗੇ ਤੱਕ ਜਾ ਸਕਦੇ ਹਨ।

ਪੁੱਤਰ ਦੇ ਫੁੱਟਬਾਲ ਵੱਲ ਆਉਣ ਤੋਂ ਬਾਅਦ ਸਤਿੰਦਰ ਦਾ ਕੋਚਿੰਗ ਪ੍ਰਤੀ ਰੁਝਾਨ ਹੋਰ ਵੀ ਵਧ ਗਿਆ। ਖੇਡ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਨ ਦੀ ਲਗਨ ਨੇ ਉਹਨਾਂ ਨੂੰ ਇਸ ਖੇਤਰ ਵਿੱਚ ਅੱਗੇ ਵਧਾਉਂਦੀ ਰਹੀ।

ਮੇਰੇ ਆਪਣੇ ਬੱਚੇ ਭਾਵੇਂ ਨਾ ਵੀ ਖੇਡਣ, ਪਰ ਮੈਂ ਫਿਰ ਵੀ ਦੂਜੇ ਬੱਚਿਆਂ ਦੀ ਮਦਦ ਕਰਾਂਗਾ।
ਸਤਿੰਦਰ ਸੰਘੇੜਾ

ਸਾਲਾਂ ਦੌਰਾਨ, ਸਤਿੰਦਰ ਸੈਂਕੜਿਆਂ ਨੌਜਵਾਨ ਖਿਡਾਰੀਆਂ ਨੂੰ ਟ੍ਰੇਨ ਕਰ ਚੁੱਕੇ ਹਨ। ਉਹ ਐਲਟੋਨਾ ਸਿਟੀ ਸਾਕਰ ਕਲੱਬ ਵਿੱਚ ਗ੍ਰਾਸਰੂਟ ਕੋਚਿੰਗ ਕਰ ਚੁੱਕੇ ਹਨ ਅਤੇ ਗ੍ਰੀਨ ਗਲੀ ਸਾਕਰ ਕਲੱਬ ਨਾਲ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ, ਉਹ ਕਾਲਡਰ ਯੂਨਾਈਟਿਡ ਸਾਕਰ ਕਲੱਬ ਦੇ ਟੈਕਨਿਕਲ ਡਾਇਰੈਕਟਰ ਰਹੇ ਹਨ।

IMG_6383.jpeg
Supplied by Satinder Sanghera Credit: Australian Futsal Association

ਸਤਿੰਦਰ, ਗ੍ਰੀਸ ਦੌਰੇ ‘ਤੇ ਗਈ ਅੰਡਰ-16 ਆਸਟ੍ਰੇਲੀਅਨ ਫੁੱਟਸਲ ਐਸੋਸੀਏਸ਼ਨ (AFA) ਦੀ ਆਸਟ੍ਰੇਲੀਆਈ ਰਿਪ੍ਰਜ਼ੈਂਟੇਟਿਵ ਲੜਕਿਆਂ ਦੀ ਟੀਮ ਦੇ ਕੋਚ ਅਤੇ ਮੈਨੇਜਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਯੂਕੇ, ਸਪੇਨ ਅਤੇ ਭਾਰਤ ਵਿੱਚ ਕਈ ਅੰਤਰਰਾਸ਼ਟਰੀ ਅਕੈਡਮੀਆਂ ਨਾਲ ਕੰਮ ਕਰਨ ਦੇ ਨਾਲ ਉਹ ਯੂਕੇ ਦੀ ਸਟੀਵਨ ਜਿਰਾਰਡ ਅਕੈਡਮੀ ਲਈ ਰਿਕਰੂਟਮੈਂਟ ਦਾ ਕੰਮ ਵੀ ਕਰ ਰਹੇ ਹਨ। ਇਹੀ ਨਹੀਂ ਆਸਟ੍ਰੇਲੀਅਨ ਫੁੱਟਸਲ ਐਸੋਸੀਏਸ਼ਨ ਦੇ ਨਾਲ ਉਹ ਕੋਚਿੰਗ, ਨਿਰਦੇਸ਼ਨ ਅਤੇ ਵਿਕਾਸ ਦਾ ਕੰਮ ਵੀ ਕਰਦੇ ਰਹੇ ਹਨ।

ਇਸਦੇ ਨਾਲ ਹੀ, ਉਹ ਵਿਕਟੋਰੀਆ ਵਿੱਚ ਸਿੰਘ ਸਭਾ ਸਪੋਰਟਸ ਕਲੱਬ ਮੈਲਬਰਨ ਨਾਲ ਮਿਲ ਕੇ ਲੋਕਲ ਕਮਿਊਨਿਟੀ ਫੁੱਟਬਾਲ ਪ੍ਰੋਗਰਾਮ ਅਤੇ ਖਿਡਾਰੀਆਂ ਦੇ ਵਿਕਾਸ ਲਈ ਅਕੈਡਮੀ ਪ੍ਰੋਗਰਾਮ ਵੀ ਚਲਾ ਰਹੇ ਹਨ।

ਸਤਿੰਦਰ ਦੱਸਦੇ ਹਨ ਕਿ ਕਈ ਬੱਚੇ ਆਸਟ੍ਰੇਲੀਆ ਤੋਂ ਬਾਹਰ ਵੀ ਖੇਡਣ ਦਾ ਤਜਰਬਾ ਹਾਸਿਲ ਕਰਨਾ ਚਾਹੁੰਦੇ ਹਨ। ਇਸ ਲਈ ਉਹਨਾਂ ਵੱਲੋਂ ਅਜਿਹੇ ਪ੍ਰੋਗਰਾਮ ਉਪਲਬਧ ਹਨ, ਜਿਨ੍ਹਾਂ ਰਾਹੀਂ ਬੱਚੇ ਇੰਗਲੈਂਡ, ਭਾਰਤ ਅਤੇ ਸਪੇਨ ਵਿੱਚ ਫੁੱਟਬਾਲ ਖੇਡਣ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ।

ਅੱਜ, ਜਦੋਂ ਆਸਟ੍ਰੇਲੀਅਨ ਸਿੱਖ ਗੇਮਜ਼ ਅਤੇ ਹੋਰ ਕਮਿਊਨਿਟੀ ਟੂਰਨਾਮੈਂਟਾਂ ਵਿੱਚ ਫੁੱਟਬਾਲ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ, ਸਤਿੰਦਰ ਸੰਘੇੜਾ ਵਰਗੇ ਲੋਕਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।

ਉਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਖੇਡ ਸਿਰਫ਼ ਮੁਕਾਬਲਾ ਨਹੀਂ, ਸਗੋਂ ਇੱਕ ਐਸਾ ਪੁਲ ਹੈ ਜੋ ਦੇਸ਼ਾਂ, ਪੀੜ੍ਹੀਆਂ ਅਤੇ ਦਿਲਾਂ ਨੂੰ ਆਪਸ ਵਿੱਚ ਜੋੜਦਾ ਹੈ।

 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ


Latest podcast episodes

Follow SBS Punjabi

Download our apps

Watch on SBS

Punjabi News

Stream now