ਬ੍ਰੈਸਟ ਕੈਂਸਰ ਵਿਸ਼ਵ ਭਰ ਦੀਆਂ ਔਰਤਾਂ ਵਿੱਚ ਸਭ ਤੋਂ ਆਮ ਤਰ੍ਹਾਂ ਦਾ ਕੈਂਸਰ ਹੈ। ਅਕਸਰ ਸਕ੍ਰੀਨਿੰਗ ਦੁਆਰਾ, ਸਮੇਂ ਸਿਰ ਜਾਂਚ ਹੋਣ ਤੇ ਛਾਤੀ ਦੇ ਕੈਂਸਰ ਦਾ ਇਲਾਜ ਅਸਾਨੀ ਨਾਲ ਕੀਤਾ ਜਾ ਸਕਦਾ ਹੈ।
ਪਰਵੀਨ ਸਿੰਘ, 2005 ਤੋਂ ਮੈਲਬੌਰਨ ਵਿਖੇ ਰੇਡੀਓਗ੍ਰਾਫਰ ਵਜੋਂ ਕੰਮ ਕਰ ਰਹੀ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਮਹੱਤਵਪੂਰਣ ਹੈ ਕਿਉਂਕਿ ਇਹ ਬਿਮਾਰੀ ਛੇਤੀ ਉਝਾਗਰ ਹੋਣ ਤੇ ਜ਼ਿਆਦਾ ਇਲਾਜਯੋਗ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਰੇਡੀਓਗ੍ਰਾਫਰ ਵਜੋਂ ਮੈਂ ਬਹੁਤ ਸਾਰੀਆਂ ਪ੍ਰਵਾਸੀ ਔਰਤਾਂ ਦੀ ਸਕਰੀਨਿੰਗ ਤੇ ਆਉਣ ਦੀ ਉਮੀਦ ਕਰਦੀ ਹਾਂ, ਪਰ ਇਨ੍ਹੇ ਸਾਲਾਂ ਵਿੱਚ ਮੈਂ ਪੰਜਾਬੀ ਮੂਲ ਦੀਆਂ ਕਾਫ਼ੀ ਘੱਟ ਔਰਤਾਂ ਨੂੰ ਹੀ ਮੈਮੋਗ੍ਰਾਮ ਕਰਵਾਉਂਦੇ ਵੇਖਿਆ ਹੈ।
ਆਸਟ੍ਰੇਲੀਆਈ ਸਰਕਾਰ ਦਵਾਰਾ ਪ੍ਰਮਾਣਿਤ ਮੁਫ਼ਤ ਮੈਮੋਗ੍ਰਾਫੀ ਪ੍ਰੋਗਰਾਮ
ਪਰਵੀਨ ਨੇ ਨਿਯਮਤ ਮੈਮੋਗ੍ਰਾਮ ਕਰਵਾਉਣ ਦੀ ਮਹੱਤਤਾ ਬਾਰੇ ਦੱਸਿਆ ਕਿ ਸਮੇਂ ਸਿਰ ਸਕ੍ਰੀਨਿੰਗ ਕਰਵਾਉਣ ਨਾਲ ਛਾਤੀ ਦੇ ਕੈਂਸਰ ਨਾਲ ਮੌਤਾਂ ਨੂੰ ਰੋਕਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਚਲਾਇਆ ਜਾਂਦਾ 'ਬ੍ਰੈਸਟ-ਸਕ੍ਰੀਨ' ਪ੍ਰੋਗਰਾਮ 50 ਤੋਂ 74 ਸਾਲ ਦੀ ਉਮਰ ਦੀਆਂ ਔਰਤਾਂ ਲਈ ਮੁਫ਼ਤ ਛਾਤੀ ਦੀ ਜਾਂਚ ਯਾਨੀ ਕਿ ਸਕ੍ਰੀਨਿੰਗ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ। 40 ਤੋਂ 49 ਅਤੇ 75 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਜਿਨ੍ਹਾਂ ਵਿੱਚ ਛਾਤੀ ਦੇ ਕੈਂਸਰ ਦੇ ਕੋਈ ਲੱਛਣ ਨਹੀਂ ਹਨ, ਉਹ ਵੀ ਇਸ ਮੁਫ਼ਤ ਸਕ੍ਰੀਨਿੰਗ ਮੈਮੋਗ੍ਰਾਮ ਲਈ ਯੋਗ ਹਨ।
ਇਸ ਵਿੱਚ ਹਰ 2 ਸਾਲ ਬਾਅਦ ਬ੍ਰੈਸਟ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਛੋਟੇ ਤੋਂ ਛੋਟੇ ਕੈਂਸਰਗ੍ਰਸਤ ਭਾਗ ਮੈਮੋਗ੍ਰਾਮ ਦੁਆਰਾ ਪਛਾਣੇ ਜਾ ਸਕਦੇ ਹਨ।
ਬ੍ਰੈਸਟ ਕੈਂਸਰ ਦੇ ਲੱਛਣ:

Mammography is an x-ray of breasts. Source: Getty Images
ਛਾਤੀ ਵਿੱਚ ਹੋਣ ਵਾਲੀਆਂ ਤਬਦੀਲੀਆਂ ਤੋਂ ਸਤਰਕ ਰਹਿਣ ਬਾਰੇ ਗੱਲ ਕਰਦਿਆਂ ਪਰਵੀਨ ਨੇ ਕਿਹਾ ਕਿ ਜੇ ਤੁਸੀਂ ਅਸਾਧਾਰਣ ਛਾਤੀ ਦਾ ਦਰਦ ਜਾਂ ਗੁੰਝਲਦਾਰ ਮਹਿਸੂਸ ਕਰਦੇ ਹੋ, ਗੰਢਾਂ, ਬ੍ਰੈਸਟ 'ਚ ਕੋਈ ਉਭਾਰ, ਪਾਣੀ ਜਾਂ ਖ਼ੂਨ ਦਾ ਨਿੱਪਲ ਡਿਸਚਾਰਜ, ਇਨਵਰਟੇਡ ਨਿੱਪਲ ਯਾ ਛਾਤੀ ਦੇ ਆਕਾਰ ਵਿੱਚ ਕੋਈ ਬਦਲਾਅ ਵੇਖਦੇ ਹੋ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
"ਜੇ ਸਥਿਤੀ ਵਿਗੜ ਜਾਵੇ ਤਾਂ ਮੌਤ ਦਾ ਖ਼ਤਰਾ ਹੋ ਸਕਦਾ ਹੈ ਜਿਸ ਲਈ ਇਸ ਦੇ ਲੱਛਣ ਜਾਨਣੇ ਬਹੁਤ ਜ਼ਰੂਰੀ ਹਨ," ਉਨ੍ਹਾਂ ਕਿਹਾ।
ਪਰਵੀਨ ਅਨੁਸਾਰ ਜੀਵਨ ਕਾਲ ਦੇ ਦੌਰਾਨ ਬਹੁਤ ਸਾਰੇ ਕਾਰਕ ਹਨ ਜੋ ਛਾਤੀ ਦੇ ਕੈਂਸਰ ਦੇ ਜੋਖ਼ਮ ਨੂੰ ਪ੍ਰਭਾਵਤ ਕਰ ਸਕਦੇ ਹਨ। ਵੱਧਦੀ ਉਮਰ, ਵੱਧਦਾ ਭਾਰ, ਖਰਾਬ ਜੀਵਨਸ਼ੈਲੀ, ਸ਼ਰਾਬ ਤੇ ਸਿਗਰੇਟ ਦੀ ਵਰਤੋਂ, ਜਨੈਟਿਕ੍ਸ (ਪਰਿਵਾਰਕ ਇਤਿਹਾਸ ), ਆਦਿ ਕਾਰਣ ਕੈਂਸਰ ਦੇ ਜੋਖ਼ਮ ਨੂੰ ਪ੍ਰਭਾਵਤ ਕਰ ਸਕਦੇ ਹਨ ਜਿਨ੍ਹਾਂ ਤੋਂ ਸਤਰਕ ਰਹਿਣ ਦੀ ਜ਼ਰੂਰਤ ਹੈ।

Estimated most common cancers diagnosed, 2021. Source: Cancer Australia website
ਰੇਡੀਓਗ੍ਰਾਫਰ ਪਰਵੀਨ ਸਿੰਘ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣਨ ਲਈ ਪੇਜ ਦੇ ਉੱਪਰ ਤਸਵੀਰ ਵਿੱਚ ਬਣੇ ਪਲੇਅਰ ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।