ਵਰਕਸੇਫ਼ ਵਿਕਟੋਰੀਆ ਦਾ ਉਦੇਸ਼ ਸਾਰੇ ਕਾਰਜ ਸਥਾਨਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਤੇ ਜੇਕਰ ਕੋਈ ਵੀ ਕਰਮਚਾਰੀ ਕੰਮ ਦੌਰਾਨ ਜ਼ਖਮੀ ਹੋ ਜਾਵੇ ਤਾਂ ਉਸ ਸਥਿਤੀ ਵਿੱਚ ਉਸਨੂੰ ਉੱਚ ਪੱਧਰੀ ਦੇਖਭਾਲ ਅਤੇ ਇਲਾਜ ਪ੍ਰਦਾਨ ਕਰਨਾ ਹੈ।
ਮੈਲਬੌਰਨ ਤੋਂ ਸੰਨੀ ਦੁੱਗਲ ਜਿਨ੍ਹਾਂ ਨੂੰ ਵਰਕਸੇਫ਼ ਨੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਹੈ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕੁਝ ਸਾਲ ਪਹਿਲਾਂ ਜਦੋਂ ਉਨ੍ਹਾਂ ਨਾਲ ਕੰਮ ਕਰਦੇ ਸਮੇਂ ਇੱਕ ਹਾਦਸਾ ਵਾਪਰਿਆ ਤਾਂ ਉਸ ਵੇਲੇ ਉਨ੍ਹਾਂ ਨੂੰ ਵਰਕਸੇਫ਼ ਬਾਰੇ ਕੁਝ ਵੀ ਨਹੀਂ ਸੀ ਪਤਾ।
"ਟੱਕਰ ਦੇ ਨਤੀਜੇ ਵਜੋਂ ਮੇਰੀ ਗਰਦਨ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਜਿਸ ਕਰਕੇ ਮੇਰਾ ਖੱਬਾ ਮੋਢਾ ਜਾਮ ਹੋ ਗਿਆ ਅਤੇ ਇਸਨੂੰ ਸਥਾਈ ਤੌਰ ਨੁਕਸਾਨ ਪਹੁੰਚਿਆ।"
Also read
Work Safety is Your Right
ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਵਾਪਰੇ ਇਸ ਹਾਦਸੇ ਤੋਂ ਬਾਅਦ ਵਰਕਸੇਫ਼ ਦੁਆਰਾ ਉਨ੍ਹਾਂ ਦੀ ਸਹਾਇਤਾ ਕਰਨ ਬਾਰੇ ਗੱਲ ਕਰਦਿਆਂ ਸ਼੍ਰੀ ਦੁੱਗਲ ਨੇ ਦੱਸਿਆ ਉਸ ਵਕਤ ਉਨ੍ਹਾਂ ਨੂੰ ਵਰਕਸੇਫ਼ ਬਾਰੇ ਇੱਕ ਬਿਲ-ਬੋਰਡ ਤੋਂ ਪਤਾ ਲੱਗਾ ਸੀ।
"ਉਸ ਵੇਲੇ ਬਹੁਤ ਘੱਟ ਲੋਕਾਂ ਨੂੰ ਵਰਕਸੇਫ਼ ਬਾਰੇ ਪਤਾ ਹੁੰਦਾ ਸੀ, ਪਰ ਮੈਂ ਖੁਸ਼ਕਿਸਮਤ ਰਿਹਾ ਕਿ ਮੈਨੂੰ ਇੱਕ ਬਿੱਲ-ਬੋਰਡ ਜ਼ਰੀਏ ਇਸ ਬਾਰੇ ਪਤਾ ਚੱਲਿਆ ਜਿਸਤੋਂ ਬਾਅਦ ਮੈਂ ਵਰਕਸੇਫ਼ ਨਾਲ ਫ਼ੋਨ ਕਰਕੇ ਸੰਪਰਕ ਕੀਤਾ।"
"ਉਨ੍ਹਾਂ ਨੇ ਮੇਰੇ ਨਾਲ ਬੜੀ ਸੰਖੇਪ ਵਿੱਚ ਗੱਲਬਾਤ ਕੀਤੀ ਅਤੇ ਮੇਰੇ ਕੇਸ ਨੂੰ ਸਮਝਦੇ ਹੋਏ ਮੈਨੂੰ ਇੱਕ ਕੇਸ ਅਫਸਰ ਦਿੱਤਾ ਜਿਸਨੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਮੇਰਾ ਕੇਸ ਤਿਆਰ ਕੀਤਾ ਅਤੇ ਮੇਰੀ ਸਹਾਇਤਾ ਕੀਤੀ," ਉਨ੍ਹਾਂ ਕਿਹਾ।
ਵਰਕਸੇਫ਼ ਵਿਕਟੋਰੀਆ ਜੋ ਕਿ ਵਿਕਟੋਰੀਆ ਦਾ ਇੱਕ ਸੇਫਟੀ ਰੈਗੂਲੇਟਰ ਅਦਾਰਾ ਹੈ ਨੇ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸਦਾ ਉਦੇਸ਼ ਪ੍ਰਵਾਸੀ ਅਤੇ ਗੈਰ-ਅੰਗ੍ਰੇਜ਼ੀ ਬੋਲਣ ਵਾਲੇ ਕਾਮਿਆਂ ਨੂੰ ਕੰਮ ਵਾਲੀ ਥਾਂ 'ਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਹੈ ਜਿਸ ਲਈ ਵਰਕਸੇਫ਼ ਵਿਕਟੋਰੀਆ ਨੇ ਵੱਖ-ਵੱਖ ਭਾਈਚਾਰਿਆਂ ਦੇ ਕੁਝ ਨੁਮਾਇੰਦਿਆਂ ਦੀ ਚੋਣ ਕੀਤੀ ਹੈ।
ਮੁੱਖ ਸੁਰੱਖਿਆ ਸੰਦੇਸ਼ 19 ਭਾਸ਼ਾਵਾਂ ਵਿੱਚ ਉਪਲਬਧ ਹੋਣਗੇ, ਜਿਨ੍ਹਾਂ ਵਿੱਚ ਪੰਜਾਬੀ, ਯੂਨਾਨੀ ਅਤੇ ਹਿੰਦੀ ਵੀ ਸ਼ਾਮਲ ਹਨ।
ਸੰਨੀ ਦੁੱਗਲ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿਕ ਕਰੋ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।







