ਅਜੋਕੀਆਂ ਨਵੀਆਂ ਤਕਨੀਕਾਂ ਦੁਆਰਾ ਜੜਾਂ, ਤਣੇਂ ਅਤੇ ਪਾਣੀ ਬਚਾਉਣ ਦੇ ਖੇਤਰਾਂ ਉੱਤੇ ਖੋਜ ਕੀਤੀ ਜਾ ਰਹੀ ਹੈ; ਕਹਿਣਾ ਹੈ ਡਾ ਹਰਬੰਸ ਬਰਿਆਣਾ ਦਾ ਜੋ ਕਿ ਕਣਕ ਦੀਆਂ ਬਿਮਾਰੀਆਂ ਉੱਤੇ ਕਾਬੂ ਪਾਉਣ ਲਈ ਯੂਨਿਵਰਸਿਟੀ ਆਫ ਸਿਡਨੀ ਵਿੱਚ ਨਿਰੰਤਰ ਖੋਜ ਕਰ ਰਹੇ ਹਨ।
ਡਾ ਹਰਬੰਸ ਬਰਿਆਣਾ ਸਾਲ 1986 ਵਿੱਚ ਆਸਟਰੇਲੀਆ ਇੱਕ ਵਜੀਫਾ ਹਾਸਲ ਕਰਨ ਤੋਂ ਬਾਅਦ ਖੋਜ ਕਰਨ ਵਾਸਤੇ ਆਏ ਅਤੇ ਯੂਨਿਵਰਸਿਟੀ ਆਫ ਸਿਡਨੀ ਵਿਚਲੇ ‘ਆਸਟ੍ਰੇਲੀਅਨ ਸੀਰੀਅਲ ਰਸਟ ਕੰਟਰੋਲ ਪਰੋਗਰਾਮ’ ਅਧੀਨ ਫਸਲਾਂ ਨੂੰ ਸਿਹਤਮੰਦ ਬਨਾਉਣ ਦੇ ਨਵੇਂ ਢੰਗ ਤਰੀਕੇ ਲਭਣ ਲਈ ਖੋਜ ਵਿੱਚ ਪੀ ਐਚ ਡੀ ਹਾਸਲ ਕੀਤੀ।

ਡਾ ਬਰਿਆਣਾ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਦਸਿਆ, ‘ਮੇਰੀ ਖੋਜ ਦਾ ਮੁੱਖ ਧੁਰਾ ਸੀ ਕਣਕਾਂ ਦੀਆਂ ਪ੍ਰਜਾਤੀਆਂ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਲਈ ਅਜਿਹਾ ਹੱਲ ਲੱਭਿਆ ਜਾਵੇ ਜਿਸ ਨਾਲ ਕਿਸਾਨਾਂ ਨੂੰ ਰਸਾਇਣਕ ਸਪਰੇਅ ਆਦਿ ਨਾ ਕਰਨੇ ਪੈਣ’।
ਫਸਲਾਂ ਦੀਆਂ ਬਿਮਾਰੀਆਂ ਵੀ ਇਨਸਾਨੀ ਫਲੂ ਵਾਂਗ ਹੀ ਹੁੰਦੀਆਂ ਹਨ, ਜਿਨਾਂ ਲਈ ਨਿੱਤ ਨਵੀਂ ਰੋਕਥਾਮ ਲਭਣੀ ਪੈਂਦੀ ਹੈ।
‘ਫਸਲਾਂ ਉੱਤੇ ਹੋਣ ਵਾਲੀ ਖੋਜ ਨਿਰੰਤਰ ਯਾਤਰਾ ਵਾਂਗ ਚਲਦੀ ਰਹਿੰਦੀ ਹੈ ਅਤੇ ਇਸ ਦੀ ਮੰਜ਼ਿਲ ਕਦੀ ਵੀ ਪ੍ਰਾਪਤ ਨਹੀਂ ਹੁੰਦੀ। ਨਿੱਤ ਨਵੀਆਂ ਬਿਮਾਰੀਆਂ ਬਾਰੇ ਪਤਾ ਚਲਦਾ ਹੈ ਅਤੇ ਖੋਜ ਕਰਨ ਵਾਲੇ ਉਹਨਾਂ ਨੂੰ ਰੋਕਣ ਲਈ ਹੱਲ ਲਭਦੇ ਰਹਿੰਦੇ ਹਨ’।
ਪਿਛਲੇ 30 ਸਾਲਾਂ ਦੀ ਖੋਜ ਦੌਰਾਨ ਡਾ ਬਰਿਆਣਾ ਨੇ ਕਈ ਅਜਿਹੇ ਵਿਦਿਆਰਥੀਆਂ ਨੂੰ ਮਦਦ ਦਿੱਤੀ ਜੋ ਕਿ ਹੁਣ ਸੰਸਾਰ ਭਰ ਦੀਆਂ ਚੋਟੀ ਦੀਆਂ ਸੰਸਥਾਵਾਂ ਵਿੱਚ ਕੰਮ ਕਰ ਕੇ ਨਾਮਣਾ ਖੱਟ ਰਹੇ ਹਨ।

‘ਯੂਨਿਵਰਸਿਟੀ ਆਫ ਸਿਡਨੀ ਵਾਲਾ ਦੇਸ਼ ਵਿਆਪੀ ਖੋਜ ਕੇਂਦਰ ਸਾਲ 1973-74 ਦੌਰਾਨ ਫਸਲਾਂ ਵਿੱਚ ਫੈਲੀ ਮਹਾਂ-ਮਾਰੀ ਤੋਂ ਬਾਅਦ ਗਠਿਤ ਕੀਤਾ ਗਿਆ ਸੀ। ਇਸ ਸਮੇਂ ਆਸਟਰੇਲੀਆ ਵਿੱਚਲੀ ਕਣਕ ਦੀ ਪੈਦਾਵਾਰ 25 ਮਿਲਿਅਨ ਤੋਂ ਵੀ ਜਿਆਦਾ ਦੀ ਹੈ’।
ਪੰਜਾਬ ਵਿੱਚ ਘੱਟ ਰਹੇ ਪਾਣੀਆਂ ਬਾਰੇ ਚਿੰਤਾ ਜਾਹਰ ਕਰਦੇ ਹੋਏ ਡਾ ਹਰਬੰਸ ਬਰਿਆਣਾ ਨੇ ਦਸਿਆ, ‘ਇਹ ਬਹੁਤ ਹੀ ਸੰਜੀਦਾ ਮਸਲਾ ਹੈ ਅਤੇ ਤੁਰੰਤ ਇਸ ਦਾ ਹੱਲ ਲਭਿਆ ਜਾਣਾ ਚਾਹੀਦਾ ਹੈ’।
ਇਸ ਸਮੇਂ ਸੰਸਾਰ ਭਰ ਵਿੱਚ ਇਹੋ ਕੋਸ਼ਿਸ਼ ਹੋ ਰਹੀ ਹੈ ਕਿ ਪਾਣੀਆਂ ਦੀ ਖਪਤ ਨੂੰ ਘੱਟ ਕੀਤਾ ਜਾਵੇ।
ਡਾ ਬਰਿਆਣਾ ਪੰਜਾਬੀ ਭਾਈਚਾਰੇ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਰਖਦੇ ਹਨ ਅਤੇ ਸਿਡਨੀ ਵਿੱਚਲੇ ਕਈ ਪ੍ਰਜਾਕਟਾਂ ਵਿੱਚ ਇਹਨਾਂ ਨੇ ਚੰਗਾ ਯੋਗਦਾਨ ਵੀ ਪਾਇਆ ਹੋਇਆ ਹੈ।
Listen to SBS Punjabi Monday to Friday at 9 pm. Follow us on Facebook and Twitter.
Other top stories

Sydney researcher wins Medal of the Order of Australia






