ਡਿਪਾਰਟਮੈਂਟ ਓਫ ਐਜੂਕੇਸ਼ਨ (ਡੀ ਓ ਈ), ਐਨ ਐਸ ਡਬਲਯੂ ਗੁਰਦੁਆਰਾ ਵਰਕਿੰਗ ਗਰੁੱਪ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਅਤੇ ਹੋਰ ਸਰਕਾਰੀ ਤੇ ਸਮਾਜਕ ਸੰਗਠਨਾਂ ਦੇ ਵਿਚਕਾਰ ਨਿਰੰਤਰ ਸਲਾਹ-ਮਸ਼ਵਰੇ ਤੋਂ ਬਾਅਦ, ਨਿਊ ਸਾਊਥ ਵੇਲਜ਼ ਦੀ ਸਰਕਾਰ ਵਲੋਂ ਸਕੂਲਾਂ ਵਿੱਚ ਅਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਲਈ ਨਵੀਂ ਨੀਤੀ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਈ ਵਿੱਚ ਗਲੈਨਵੁੱਡ ਦੇ ਹਾਈ ਸਕੂਲ ਦੇ ਇੱਕ ਅਮ੍ਰਿਤਧਾਰੀ ਸਿੱਖ ਵਿਦਿਆਰਥੀ ਵਲੋਂ ਕਥਿਤ ਤੌਰ 'ਤੇ ਕ੍ਰਿਪਾਨ ਨਾਲ ਆਪਣੇ ਸਹਿਪਾਠੀ ’ਤੇ ਹਮਲਾ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਰਾਜ ਨੇ ਪਬਲਿਕ ਸਕੂਲਾਂ ਵਿੱਚ ਕਿਰਪਾਨ ਪਹਿਨਣ ਉੱਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ।
- ਨਿਊ ਸਾਊਥ ਵੇਲਜ਼ ਦੇ ਸਕੂਲਾਂ ‘ਚ ਕਿਰਪਾਨ ਦੇ ਆਕਾਰ, ਵਰਤੋਂ, ਲੰਬਾਈ 'ਤੇ ਸ਼ਰਤਾਂ ਦੀ ਨਵੀਂ ਪਾਲਿਸੀ ਤਿਆਰ।
- ਨਵੀਂ ਨੀਤੀ 4 ਅਕਤੂਬਰ 2021 ਨੂੰ ਸਕੂਲ ਦੇ ਅਗਲੇ ਕਾਰਜਕਾਲ ਦੀ ਸ਼ੁਰੂਆਤ ਤੋਂ ਲਾਗੂ
- ਇਹ ਨੀਤੀ ਸਿਰਫ ਸਕੂਲੀ ਵਿਦਿਆਰਥੀਆਂ 'ਤੇ ਲਾਗੂ ਜਦੋਂ ਕਿ ਪਹਿਲਾਂ ਇਹ ਸਟਾਫ, ਕਰਮਚਾਰੀ, ਮਾਪੇ ਅਤੇ ਦੇਖਭਾਲ ਕਰਨ ਵਾਲਿਆਂ 'ਤੇ ਵੀ ਲਾਗੂ ਹੋਣੀ ਸੀ ਪਰ ਨਵੇਂ ਨਿਰਦੇਸ਼ਾਂ ਤਹਿਤ ਬਾਕੀਆਂ ਨੂੰ ਛੋਟ।
ਜ਼ਿਕਰਯੋਗ ਹੈ ਕਿ ਸੂਬੇ ਦੇ ਸਕੂਲਾਂ ’ਚ ਕ੍ਰਿਪਾਨ ਉੱਤੇ ਪਾਬੰਦੀ ਲਗਾਏ ਜਾਣ ਵਿਰੁੱਧ ਸਮੁੱਚੇ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਗਿਆ ਸੀ ਅਤੇ ਸਥਾਨਕ ਸਿੱਖ ਸੰਗਤ ਵਲੋਂ ਸਰਗਰਮ ਹੁੰਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਦੀ ਰਾਖੀ ਤਹਿਤ ਇਹ ਪਾਬੰਦੀ ਵਾਪਸ ਲਈ ਜਾਵੇ।
ਇਸ ਦੌਰਾਨ ਕੁਝ ਸਿੱਖ ਆਗੂਆਂ ਤੇ ਪ੍ਰਮੁੱਖ ਸਿੱਖ ਸੰਸਥਾਵਾਂ ਵਲੋਂ ਸਿੱਖਿਆ ਮੰਤਰੀ ਨਾਲ ਇਸ ਮੁੱਦੇ ਨੂੰ ਲੈ ਕੇ ਨਿਰੰਤਰ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਮਸਲੇ ਦਾ ਕੋਈ ਵਾਜਬ ਹੱਲ ਲੱਭਣ ਤਹਿਤ ਇਹ ਨਵੀਂ ਪਾਲਿਸੀ ਉਲੀਕੀ ਗਈ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਚੇਅਰਪਰਸਨ ਰਵਿੰਦਰਜੀਤ ਸਿੰਘ ਨੇ ਕਿਹਾ, “ਸਿੱਖਿਆ ਵਿਭਾਗ (ਡੀ ਓ ਈ), ਸਿੱਖ ਕਮਿਊਨਟੀ ਮੈਂਬਰਾਂ ਅਤੇ ਐਨਐਸਡਬਲਯੂ ਗੁਰਦੁਆਰਾ ਵਰਕਿੰਗ ਗਰੁੱਪ ਦੇ ਵਿੱਚ ਇੱਕ ਵਿਆਪਕ ਸਲਾਹ ਮਸ਼ਵਰੇ ਤੋਂ ਬਾਅਦ, ਡੀਓਈ ਨੇ ਕਿਰਪਾਨਾਂ ਬਾਰੇ ਨਵੀਂ ਨੀਤੀ ਜਾਰੀ ਕੀਤੀ ਹੈ। ਇਹ ਮਾਪਦੰਡ ਸਿਰਫ ਸੂਬੇ ਵਿੱਚ ਪੈਂਦੇ ਸਕੂਲਾਂ ਦੇ ਵਿਦਿਆਰਥੀਆਂ 'ਤੇ ਲਾਗੂ ਹੋਣਗੇ, ਨਾ ਕਿ ਸਟਾਫ, ਮਾਪਿਆਂ ਜਾਂ ਕਿਸੇ ਹੋਰ ਕਰਮਚਾਰੀ 'ਤੇ।"

New Policy for Kirpan. Source: Supplied by Ravinderjit Singh
ਉਨ੍ਹਾਂ ਇਸ ਨਵੀਂ ਨੀਤੀ ਬਾਰੇ ਇਹ ਵੇਰਵੇ ਸਾਂਝੇ ਕੀਤੇ ਹਨ:
- ਕਿਰਪਾਨ ਛੋਟੀ ਹੋਵੇਗੀ ਭਾਵ 8.5 ਸੈ.ਮੀ. ਜਾਂ ਘੱਟ ਬਲੇਡ ਦੀ ਲੰਬਾਈ, ਅਤੇ ਬਲੇਡ ਅਤੇ ਹੱਥਾ ਜੋੜ ਕੇ 16.5 ਸੈ.ਮੀ. ਜਾਂ ਛੋਟੀ।
- ਕਿਰਪਾਨ ਤਿੱਖੀ ਨਹੀਂ ਹੋ ਸਕਦੀ(ਖੁੰਢੀ), ਬੱਝਵੀਂ ਹੋਵੇਗੀ ਅਤੇ ਕੱਪੜਿਆਂ ਦੇ ਹੇਠਾਂ ਤੋਂ ਪਹਿਨੀ ਜਾਵੇਗੀ, ਦੂਸਰਿਆਂ ਨੂੰ ਦਿਖਾਈ ਨਹੀਂ ਦਿੱਤੀ ਜਾਣੀ ਚਾਹੀਦੀ।
- ਖੇਡਣ ਜਾਂ ਹੋਰ ਜਿਸਮਾਨੀ ਗਤੀਵਿਧੀਆਂ ਦੌਰਾਨ ਕਿਰਪਾਨ ਉਤਾਰ ਕੇ ਸਾਂਭ ਕੇ ਰੱਖੀ ਜਾਵੇਗੀ, ਜਾਂ ਸਰੀਰ ਦੇ ਨਾਲ ਸਾਂਭੀ ਜਾਵੇਗੀ । ਨੋਟ - ਸਰੀਰ ਨਾਲ ਸਾਂਭਣ ਦਾ ਮਤਲਬ ਹੈ ਕਿ ਕਿਸੇ ਮੋਟੇ ਕੱਪੜੇ ਵਿੱਚ ਜਾਂ ਹੋਰ ਖੇਡਣ ਵਾਲੀ ਬੈਲਟ ਨਾਲ ਲੱਕ ਨਾਲ ਲਪੇਟੀ ਜਾਵੇਗੀ ਤਾਂ ਕਿ ਪਹਿਨਣ ਵਾਲੇ ਜਾਂ ਦੂਜੇ ਨੂੰ ਕਿਸੇ ਪ੍ਰਕਾਰ ਦੀ ਕੋਈ ਸੱਟ-ਚੋਟ ਨਾ ਲੱਗੇ।
- ਅੰਮ੍ਰਿਤਧਾਰੀ ਵਿਦਿਆਰਥੀ ਲਈ ਜ਼ਰੂਰੀ ਹੈ ਕਿ ਲੋੜ ਪੈਣ ਤੇ ਉਹ ਸੁਚੱਜੇ ਤਰੀਕੇ ਨਾਲ ਸਾਬਿਤ ਕਰੇ ਕਿ ਉਸ ਨੂੰ ਇਹਨਾਂ ਨਿਰਦੇਸ਼ਾਂ ਦਾ ਗਿਆਨ ਹੈ ਅਤੇ ਉਹ ਇਨ੍ਹਾਂ ਤੇ ਅਮਲ ਕਰਦਾ ਹੈ।
ਪਾਲਿਸੀ ਦੇ ਵੇਰਵੇ ਸਾਰੇ ਸਕੂਲਾਂ ਨੂੰ ਦਿੱਤੇ ਜਾਣਗੇ ਅਤੇ ਟਰਮ 4 ਦੀ ਸ਼ੁਰੂਆਤ ਤੋਂ ਲਾਗੂ ਹੋਣਗੇ
ਕਿਸੇ ਵੀ ਤਰਾਂ ਦੀ ਵਧੇਰੇ ਢੁਕਵੀਂ ਸੁਰੱਖਿਆ ਜਾਣਕਾਰੀ ਨੂੰ ਸਕੂਲਾਂ ਵਲੋਂ ਵਿਦਿਆਰਥੀ ਜਾਂ ਮਾਪੇ ਜਾਂ ਕੇਅਰਰ ਨਾਲ ਸਾਂਝਾ ਕੀਤਾ ਜਾਵੇਗਾ। ਜੇ ਵਿਦਿਆਰਥੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਸੰਭਾਵੀ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
"ਪਾਬੰਦੀ ਲੱਗਣ ਤੋਂ ਬਾਅਦ ਗੁਰੁਦਵਾਰੇ ਵਲੋਂ ਭਾਈਚਾਰੇ ਦੀ ਇੱਕ ਕਮਿਊਨਟੀ ਮੀਟਿੰਗ ਬੁਲਾਈ ਗਈ ਜਿਸ ਵਿੱਚ 500 ਤੋਂ ਵੱਧ ਸੰਗਤ ਨੇ ਸ਼ਿਰਕਤ ਕੀਤੀ ਤੇ ਪ੍ਰਤੀਨਿਧਤਾ ਲਈ ਏ ਐਸ ਏ ਨੂੰ ਚੁਣਿਆ ਗਿਆ। ਜਿਸ ਅਧੀਨ 10 ਮੈਂਬਰੀ ਬਣੀ ਤੇ ਕਿਰਪਾਨ ਪਹਿਨਣ ਨੂੰ ਮਾਨਤਾ ਸੁਲਝੀਆਂ ਤੇ ਭਰੋਸੇਮੰਦ ਗੱਲਾਂਬਾਤਾਂ ਰਾਹੀਂ ਵਿਚਾਰ-ਗੋਸ਼ਟੀਆਂ ਦਾ ਸਿੱਟਾ ਹੈ, " ਰਵਿੰਦਰਜੀਤ ਸਿੰਘ ਨੇ ਕਿਹਾ।
ਸਰਕਾਰ ਵਲੋਂ ਘੋਸ਼ਿਤ ਕੀਤੀ ਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨੀਤੀ ਪ੍ਰਸਤਾਵ ਨਾਲ ਬਿਲਕੁਲ ਇੰਨ-ਬਿੰਨ ਹੈ।
"ਅੰਤਰਾਸ਼ਟਰੀ ਸਿੱਖ ਸੰਸਥਾਵਾਂ ਤੇ ਹੋਰ ਦੇਸ਼ਾਂ ਵਿੱਚ ਬਣੇ ਕਿਰਪਾਨ ਕਾਨੂੰਨਾਂ ਦੇ ਨਾਲ ਘੋਖ ਵਿਚਾਰ ਕਰ ਕੇ ਹੀ ਇਹ ਪਾਲਿਸੀ ਉਲੀਕੀ ਗਈ।"
ਅਸੀਂ ਸਿੱਖ ਵਿਦਿਆਰਥੀਆਂ ਨਾਲ ਸਕੂਲਾਂ ਵਿੱਚ ਹੁੰਦੀ ਧੱਕੇਸ਼ਾਹੀ ਦਾ ਮਾਮਲਾ ਵੀ ਉਠਾਇਆ
ਸਕੂਲਾਂ ਵਿੱਚ ਸਿੱਖ ਬੱਚਿਆਂ ਦੀ ਵੱਖਰੀ ਵੇਸ਼ਭੂਸ਼ਾ ਕਾਰਨ ਉਨ੍ਹਾਂ ਨਾਲ ਧੱਕੇਸ਼ਾਹੀ ਹੁੰਦੀ ਰਹਿੰਦੀ ਹੈ ਤੇ ਇਹੋ ਜਿਹੇ ਵਤੀਰੇ ਤੋਂ ਅਜਿਹੀਆਂ ਅਸੁਖਾਵੀਆਂ ਘਟਨਾਵਾਂ ਉਪਜਦੀਆਂ ਨੇ ਇਸ ਲਈ ਆਪਣੀਆਂ ਮੀਟਿੰਗਾਂ ਦੌਰਾਨ ਅਸੀਂ ਸਰਕਾਰ ਨੂੰ ਜ਼ੋਰਦਾਰ ਮੰਗ ਕੀਤੀ ਕਿ ਉਹ ਦੂਜਿਆਂ ਨੂੰ ਸਕੂਲਾਂ ਵਿੱਚ ਸਿੱਖਾਂ ਬਾਰੇ ਜਾਗਰੂਕ ਕਰਨ ਤਾਂ ਜੋ ਸਿੱਖ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਦਿੱਖ ਅਤੇ ਸੱਭਿਆਚਾਰਕ ਪਿਛੋਕੜ ਦੇ ਕਾਰਨ ਧੱਕੇਸ਼ਾਹੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ।
ਉਨ੍ਹਾਂ ਕਿਹਾ ਕਿ ਏ ਐਸ ਏ ਨੇ ਨਵੇਂ ਦਿਸ਼ਾ-ਨਿਰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਨ੍ਹਾਂ ਦੇ ਰਿਕਾਰਡ ਅਤੇ ਲਿਖਤੀ ਰੂਪ ਵਿੱਚ ਸਹਿਮਤੀ ਲਈ ਜਮ੍ਹਾਂ ਕਰਵਾਏ ਹਨ ।
ਐਸ ਬੀ ਐਸ ਪੰਜਾਬੀ ਨੇ ਈਮੇਲ ਰਾਹੀਂ ਅਕਾਲ ਤਖਤ ਸਾਹਿਬ ਨਾਲ ਸੰਪਰਕ ਕੀਤਾ ਹੈ ਤੇ ਉਨ੍ਹਾਂ ਦੇ ਜਵਾਬ ਦੀ ਉਡੀਕ ਹੈ।
ਸਮੀਰ ਬੰਗਾ, ਇੱਕ ਵਕੀਲ, ਜੋ ਇਸ ਮਾਮਲੇ ਅਧੀਨ ਸਲਾਹ ਮਸ਼ਵਰੇ ਦਾ ਹਿੱਸਾ ਰਹੇ ਨੇ, ਭਾਈਚਾਰੇ ਨੂੰ ਕਿਸੇ ਵੀ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਵਿਧਾਨਕ ਦਿਸ਼ਾ ਨਿਰਦੇਸ਼ ਅਤੇ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਤੱਕ ਉਡੀਕ ਕਰਨ ਦੀ ਸਲਾਹ ਦਿੱਤੀ ਹੈ।

Sikh Kirpan is one of the five articles of faith sacred to the practice of the Sikh religion. Source: Getty Images/Jason Hetherington
“ਇਹ ਸਿਰਫ ਇੱਕ ਪ੍ਰੈਸ ਰਿਲੀਜ਼ ਹੈ ਨਾ ਕਿ ਸਮੁੱਚਾ ਕਾਨੂੰਨ ਜਾਂ ਦਿਸ਼ਾ ਨਿਰਦੇਸ਼,” ਉਨ੍ਹਾਂ ਕਿਹਾ।
"ਸਿੱਖ ਲਗਭਗ 200 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਅਤੇ ਆਸਟ੍ਰੇਲੀਆ ਵਿੱਚ ਕਿਤੇ ਵੀ ਕ੍ਰਿਪਾਨ ਨਾਲ ਕਿਸੇ ਕਿਸਮ ਦਾ ਹਮਲਾ ਨਹੀਂ ਹੋਇਆ ਹੈ। ਕਿਸੇ ਇੱਕ ਘਟਨਾ ਦੇ ਅਧਾਰ ਤੇ ਇੱਕ ਧਾਰਮਿਕ ਭਾਈਚਾਰੇ ਦੇ ਖਿਲਾਫ ਇਸ ਤਰ੍ਹਾਂ ਦੇ ਫੈਸਲੇ ਨੂੰ ਆਧਾਰ ਬਣਾਉਣਾ ਗਲਤ ਹੈ," ਸਮੀਰ ਨੇ ਕਿਹਾ।
“ਸਾਨੂੰ ਉਡੀਕ ਕਰਨੀ ਚਾਹੀਦੀ ਹੈ ਕਿਉਂਕਿ ਭਾਈਚਾਰੇ ਤੋਂ ਫੀਡਬੈਕ ਮੰਗਦੇ ਹੋਏ, ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਆਫ਼ ਐਜੂਕੇਸ਼ਨ ਨੇ ਬਦਲਾਅ ਦਾ ਪ੍ਰਸਤਾਵ ਦਿੱਤਾ ਸੀ ਜਿਸ ਵਿੱਚ ਕਿਰਪਾਨ ਦੀ ਵਰਤੋਂ ਨੂੰ ਸੀਮਤ ਕਰਦੇ ਹੋਏ ਇਸ ਨੂੰ ਹਰ ਵਕਤ ਬੰਦ ਰੱਖਣ ਅਤੇ ਸਥਿਰ ਕਰਨ ਦੀ ਲੋੜ ਸੀ, ਜਿਸਦਾ ਮਤਲਬ ਹੈ ਕਿ ਅਮ੍ਰਿਤਧਾਰੀ ਵਿਦਿਆਰਥੀ ਇਸ ਨੂੰ ਪੱਕੇ ਤੌਰ 'ਤੇ ਕਦੇ ਵੀ ਬਾਹਰ ਨਹੀਂ ਕੱਢ ਸਕਣਗੇ ਤੇ ਨਾਂ ਹੀ ਇਸ ਦੀ ਸੇਵਾ ਕਰ ਸਕਣਗੇ (ਕਿਰਪਾਨ ਦੀ ਸਫਾਈ ਦੀ ਰੋਜ਼ਾਨਾ ਰਸਮ)। ਪਰ ਇਸ ਮੀਡੀਆ ਰਿਲੀਜ਼ ਵਿੱਚ ਇਸ ਪ੍ਰਭਾਵ ਲਈ ਕੁਝ ਵੀ ਨਹੀਂ ਦੱਸਿਆ ਗਿਆ ਹੈ, ਜਿਸਨੇ ਚੀਜ਼ਾਂ ਨੂੰ ਬਹੁਤ ਅਸਪਸ਼ਟ ਕਰ ਦਿੱਤਾ ਹੈ।
ਇਕ ਹੋਰ ਸਿੱਖ ਸੰਸਥਾ ਯੂਨਾਈਟਿਡ ਸਿੱਖਸ, ਨੇ ਨਵੇਂ ਦਿਸ਼ਾ-ਨਿਰਦੇਸ਼ਾਂ 'ਤੇ ਨਿਊ ਸਾਊਥ ਵੇਲਜ਼ ਸਰਕਾਰ ਨੂੰ ਆਪਣੀ ਫੀਡਬੈਕ ਭੇਜੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਰਪਾਨ ਦੇ ਆਕਾਰ ਅਤੇ ਹੋਰ ਸ਼ਰਤਾਂ ਦੀ ਨਿੰਦਾ ਕਰਦੇ ਹੋਏ ਧਾਰਮਿਕ ਅਜ਼ਾਦੀ ਦੇ ਖ਼ਿਲਾਫ਼ ਕਰਾਰ ਦਿੱਤਾ ਹੈ।
“ਅਸੀਂ ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਵਿੱਚ ਕਿਰਪਾਨ ਤੋਂ ਅਸਥਾਈ ਪਾਬੰਦੀ ਹਟਾਉਣ ਦੇ ਯਤਨਾਂ ਦਾ ਸਵਾਗਤ ਕਰਦੇ ਹਾਂ ਅਤੇ ਸਿੱਖ ਵਿਦਿਆਰਥੀਆਂ ਦੇ ਵਿਸ਼ਵਾਸ ਅਤੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਦੇ ਅਧਿਕਾਰਾਂ ਨੂੰ ਸੰਤੁਲਿਤ ਕਰਨ ਦੀ ਲੋੜ ਨੂੰ ਸਮਝਦੇ ਹਾਂ ਪਰ ਅਸੀਂ ਪ੍ਰਸਤਾਵਿਤ ਤਬਦੀਲੀਆਂ ਦੇ ਕੁਝ ਪਹਿਲੂਆਂ ਨੂੰ ਸਵੀਕਾਰ ਨਹੀਂ ਕਰਦੇ, ”ਯੂਨਾਈਟਿਡ ਸਿੱਖਸ ਆਸਟ੍ਰੇਲੀਆ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਬਹੁ-ਸਭਿਆਚਾਰਕ ਦੇਸ਼ ਹੋਣ ਕਾਰਨ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਹਰ ਸਭਿਆਚਾਰ ਤੇ ਧਰਮ ਨਾਲ ਇੱਕਸਮਾਨ ਵਤੀਰਾ ਰੱਖਣ ਦੀ ਕੋਸ਼ਿਸ਼ ਕਰਦੀ ਹੈ।

ਕ੍ਰਿਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ ਜਿਸ ਨੂੰ ਮਰਿਯਾਦਾ ਅਨੁਸਾਰ ਪਹਿਨਣ ਦਾ ਹੁਕਮ ਹੈ। Source: Getty Images/Veena Nair
ਵਿਕਟੋਰੀਆ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਅਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਸਕੂਲ ਵਿੱਚ ਕਿਰਪਾਨ ਰੱਖਣ ਦੀ ਪੂਰੀ ਆਗਿਆ ਹੈ।
ਕੁਈਨਜ਼ਲੈਂਡ ਦਾ ਹਥਿਆਰ ਐਕਟ ਸਿੱਖਾਂ ਨੂੰ ਆਪਣੇ ਕੱਪੜਿਆਂ ਹੇਠ ਜਨਤਕ ਥਾਵਾਂ 'ਤੇ ਕਿਰਪਾਨ ਰੱਖਣ ਦੀ ਆਗਿਆ ਦਿੰਦਾ ਹੈ ਪਰ ਇਹ ਛੋਟ ਸਕੂਲਾਂ' ਤੇ ਲਾਗੂ ਨਹੀਂ ਹੁੰਦੀ।
ਤਸਮਾਨੀਆ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਅਮ੍ਰਿਤਧਾਰੀ ਸਿੱਖਾਂ ਦੁਆਰਾ ਜਨਤਕ ਥਾਵਾਂ 'ਤੇ ਕਿਰਪਾਨ ਧਾਰਨ ਕਰਨਾ ਜਾਇਜ਼ ਹੈ ਪਰ ਇਹ ਅਨਿਸ਼ਚਿਤਤਾ ਹੈ ਕਿ ਇਹ ਨਿਯਮ ਸਕੂਲ 'ਤੇ ਲਾਗੂ ਹੁੰਦਾ ਹੈ ਜਾਂ ਨਹੀਂ। ਸਕੂਲ ਵਿੱਚ ਕਿਰਪਾਨ ਰੱਖਣ ਦਾ ਕੇਸ-ਦਰ-ਕੇਸ ਅਧਾਰ 'ਤੇ ਮੁਲਾਂਕਣ ਕੀਤਾ ਜਾਂਦਾ ਹੈ।
ਸਿੱਖ ਧਰਮ ਆਸਟ੍ਰੇਲੀਆ ਵਿੱਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਤੇ ਅਮ੍ਰਿਤਧਾਰੀ ਸਿੱਖਾਂ ਨੂੰ ਹਰ ਸਮੇਂ ਕਿਰਪਾਨ ਧਾਰਨ ਕਰਨਾ ਲਾਜ਼ਮੀ ਹੈ।
ਨੋਟ - ਮਾਪਿਆਂ ਨੂੰ ਨਵੇਂ ਨਿਯਮਾਂ ਲਈ ਸਬੰਧਤ ਸਕੂਲ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਪੂਰੀ ਗੱਲਬਾਤ ਸੁਣਨ ਲਈ ਆਡੀਓ ਲਿੰਕ ਉੱਤੇ ਕਲਿੱਕ ਕਰੋ:
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।