ਪੰਜੀਰੀ ਦੀ ਪੰਜਾਬੀਆਂ ਨਾਲ਼ ਜਨਮ-ਜਨਮਾਂਤਰ ਦੀ ਸਾਂਝ ਹੈ। ਪੰਜਾਬ ਵਿੱਚ ਦੁੱਧ-ਘਿਓ ਦੀਆਂ ਲਹਿਰਾਂ-ਬਹਿਰਾਂ ਵੀ ਇਸ ਪਿਛਲਾ ਇੱਕ ਕਾਰਨ ਹੈ।
ਪੰਜਾਬ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਖੋਆ ਬਣਾਇਆ ਨਹੀਂ ਖੋਆ 'ਮਾਰਿਆ' ਜਾਂਦਾ ਤੇ ਖੋਏ ਵਾਲੀਆਂ ਪਿੰਨੀਆਂ, ਪੰਜੀਰੀ, ਗਜਰੇਲਾ ਸਰਦ ਰੁੱਤ ਵਿੱਚ ਖਾਸ ਅਹਿਮੀਅਤ ਰੱਖਦੇ ਹਨ।
ਪੰਜਾਬੀ ਰਹਿਣੀ-ਬਹਿਣੀ ਵਿੱਚ ਪੰਜੀਰੀ ਜਾਂ ਪਿੰਨੀਆਂ ਕਾਫੀ ਪ੍ਰਚੱਲਤ ਹਨ। ਇਸਨੂੰ ਆਮ ਤੌਰ ਉੱਤੇ ਚਾਹ ਜਾਂ ਦੁੱਧ ਨਾਲ਼ ਇੱਕ ਸਨੈਕ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ ਤੇ ਇਸਨੂੰ ਅਕਸਰ ਜਣੇਪੇ ਤੋਂ ਬਾਅਦ ਔਰਤਾਂ ਨੂੰ ਵੀ ਦਿੱਤਾ ਜਾਂਦਾ ਹੈ ਤਾਂ ਕਿ ਉਹ ਸਰੀਰਕ ਕਮਜ਼ੋਰੀ ਅਤੇ ਪਿੱਠ-ਦਰਦ ਤੋਂ ਨਿਜਾਤ ਪਾ ਸਕਣ।

ਇਹ ਵੀ ਕਿਹਾ ਜਾਂਦਾ ਹੈ ਕਿ ਪੰਜੀਰੀ ਦਾ ਨਾਂ ਸੰਸਕ੍ਰਿਤ ਦੇ 'ਪੰਜ-ਜ਼ੀਰਖ' ਸ਼ਬਦ ਤੋਂ ਬਣਕੇ ਵਿਗੜਿਆ ਹੋ ਸਕਦਾ ਹੈ - ਉਹ ਆਹਾਰ ਜਿਸ ਵਿੱਚ ਪੰਜ ਪ੍ਰਕਾਰ ਦੇ ਪਦਾਰਥ ਜਾਂ ਜੀਰੇ ਪਾਏ ਹੋਣ।
ਇਸਨੂੰ ਇੱਕ ਉਮਦਾ ਆਹਾਰ ਬਣਾਉਣ ਲਈ ਇਸ ਵਿੱਚ ਕਮਰਕੱਸ, ਸੌਂਫ, ਸੁੱਕੇ ਮੇਵੇ ਜਿਵੇਂ ਕਿ ਬਦਾਮ, ਸੌਗੀ, ਕਾਜੂ-ਕਿਸ਼ਮਿਸ਼, ਫੁੱਲ ਮਖਾਣੇ, ਮਗਜ਼, ਭੱਖੜਾ, ਸੁਪਾਰੀ, ਚਿੱਟੀ ਮੂਸਲੀ, ਹਰੜਾਂ, ਖਸਖਸ, ਆਲਸੀ, ਸੁੰਢ ਆਦਿ ਪਾਏ ਜਾਂਦੇ ਹਨ।
ਪੰਜੀਰੀ ਜਾਂ ਤਾਂ ਸੁੱਕ-ਬਰੂਰੀ ਹੀ ਖਾਧੀ ਜਾਂਦੀ ਹੈ ਜਾਂ ਇਸ ਵਿੱਚ ਘਿਓ ਵਧਾਕੇ ਇਸ ਦੀਆਂ ਪਿੰਨੀਆਂ ਵੱਟੀਆਂ ਜਾਂਦੀਆਂ ਹਨ ਜੋ ਖਾਣੀਆਂ ਵੀ ਆਸਾਨ ਰਹਿੰਦੀਆਂ ਹਨ।

ਆਸਟ੍ਰੇਲੀਆ ਵਿੱਚ ਵੀ ਅੱਜਕੱਲ੍ਹ ਸਰਦ ਰੁੱਤੇ ਬਹੁਤ ਸਾਰੇ ਪੰਜਾਬੀ ਪਰਿਵਾਰ ਪੰਜੀਰੀ ਬਣਾ ਰਹੇ ਹਨ, ਪਿੰਨੀਆਂ ਵੱਟ ਰਹੇ ਹਨ।
ਸਿਡਨੀ ਰਹਿੰਦੇ ਜਸਬੀਰ ਸਿੰਘ ਕੰਗ ਜੋ ਹਰੇਕ ਸਿਆਲ ਪੰਜੀਰੀ ਬਣਾਉਂਦੇ ਹਨ, ਨੇ ਇਸ ਬਾਰੇ ਸਾਡੇ ਨਾਲ਼ ਹੋਰ ਵੇਰਵੇ ਸਾਂਝੇ ਕੀਤੇ ਹਨ।
"ਸ਼ੁਰੂ ਤੋਂ ਹੀ ਸਾਡੇ ਪਰਿਵਾਰਾਂ ਵਿੱਚ ਸਰਦੀ ਦੀ ਰੁੱਤ ਵਿੱਚ ਪੰਜੀਰੀ ਬਣਾਉਣ ਦਾ ਰਿਵਾਜ ਰਿਹਾ ਹੈ ਜਿਸਨੂੰ ਕਿ ਅਸੀਂ ਆਸਟ੍ਰੇਲੀਆ ਰਹਿੰਦਿਆਂ ਵੀ ਚਲਦਾ ਰੱਖਿਆ ਹੈ," ਉਨ੍ਹਾਂ ਕਿਹਾ।
ਭਾਵੇਂ ਹੁਣ ਪੰਜੀਰੀ ਅਤੇ ਪਿੰਨੀਆਂ ਬਾਜ਼ਾਰ ਵਿੱਚੋਂ ਖਰੀਦੀਆਂ ਜਾ ਸਕਦੀਆਂ ਹਨ ਪਰ ਘਰ ਬਣਾਈ ਚੀਜ਼ ਦੀ ਬਾਤ ਵੱਖਰੀ ਹੈ।
"ਇਸ ਵਿੱਚ ਤੁਸੀ ਮਰਜ਼ੀ ਨਾਲ਼ ਪੌਸ਼ਟਿਕ ਚੀਜ਼ਾਂ ਪਾਕੇ ਇਸਨੂੰ ਇੱਕ ਉਮਦਾ ਖੁਰਾਕ ਜਾਂ ਔਸ਼ਦੀ ਦਾ ਰੂਪ ਦੇ ਸਕਦੇ ਹੋ। ਪੰਜੀਰੀ ਨਾ ਸਿਰਫ ਭੁੱਖ ਮਿਟਾਉਂਦੀ ਹੈ ਬਲਕਿ ਪਿੱਠ ਅਤੇ ਜੋੜਾਂ ਦੇ ਦਰਦ ਤੋਂ ਨਿਜਾਤ ਪਾਉਣ ਵਿੱਚ ਵੀ ਮਦਦ ਕਰ ਸਕਦੀ ਹੈ," ਉਨ੍ਹਾਂ ਕਿਹਾ।
ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ ਪੰਜੀਰੀ ਬਣਾਉਣ ਦੀ ਵਿਧੀ ਵੀ ਸਾਂਝੀ ਕੀਤੀ -
ਸਮਗਰੀ
ਆਟਾ - 1 ਕਿਲੋ
ਦੇਸੀ ਘਿਓ - 500 ਗ੍ਰਾਮ
ਸੂਜੀ - 200 ਗ੍ਰਾਮ
ਸੁੰਢ - 200 ਗ੍ਰਾਮ
ਸੌਗੀ – 500 ਗ੍ਰਾਮ
ਕੋਕੋਨਟ ਚੂਰਾ - 200 ਗ੍ਰਾਮ
ਚੀਨੀ - 1 ਕਿਲੋ (ਚਾਸ਼ਨੀ 2 ਤਾਰ ਦੀ )
ਸੌਂਫ - 100 ਗ੍ਰਾਮ (ਭੁੰਨੀ ਹੋਈ)
ਬਦਾਮ - 500 ਗ੍ਰਾਮ (ਰਾਤ ਨੂੰ ਭਿਓਣ ਪਿੱਛੋਂ ਛਿੱਲੇ ਹੋਏ)
ਬਣਾਉਣ ਦਾ ਢੰਗ
- ਇੱਕ ਕੜਾਹੀ ਵਿੱਚ ਘਿਉ ਨੂੰ ਪਾ ਕੇ ਗਰਮ ਕਰ ਲਵੋ। ਜਦੋ ਘਿਓ ਗਰਮ ਹੋ ਜਾਵੇ ਤਾਂ ਉਸ ਵਿੱਚ ਆਟਾ ਪਾ ਦਿਓ।
- ਇਸ ਆਟੇ ਨੂੰ ਓਨੀ ਦੇਰ ਤੱਕ ਭੁੰਨੋ ਜਦੋਂ ਤੱਕ ਇਹ ਲਾਲ ਨਹੀਂ ਹੋ ਜਾਂਦਾ 'ਤੇ ਘਿਓ ਨਹੀਂ ਛੱਡ ਦਿੰਦਾ।
- ਇਸਤੋਂ ਬਾਅਦ ਸੂਜੀ, ਸੁੰਡ ਅਤੇ ਹੋਰ ਚੀਜ਼ਾਂ ਪਾਉਂਦਿਆਂ ਖੁਰਚਨਾ ਮਾਰਦੇ ਰਹੋ।
- ਜਦੋਂ ਆਟੇ ਵਿਚੋਂ ਖੁਸ਼ਬੋ ਆਉਣ ਲੱਗੇ ਤਾਂ ਇਸ ਵਿੱਚ ਚੀਨੀ ਜਾਂ ਚਾਸ਼ਨੀ ਮਿਲਾ ਦਿਓ।
- ਫਿਰ ਕੜਾਹੀ ਨੂੰ ਆਂਚ ਤੋਂ ਥੱਲੇ ਉਤਾਰ ਲਵੋ ਤੇ ਕੁਝ ਦੇਰ ਤੱਕ ਕੜਛੀ ਨਾਲ ਪੰਜੀਰੀ ਨੂੰ ਹਲਾਉਂਦੇ ਰਹੋ ਕਿਉਂਕਿ ਕੜਾਹੀ ਬਹੁਤ ਗਰਮ ਹੁੰਦੀ ਹੈ ਤੇ ਪੰਜੀਰੀ ਥੱਲੇ-ਲੱਗ ਜਲ ਸਕਦੀ ਹੈ।
- ਇਸ ਉਪਰੰਤ ਸੁੱਕੇ ਮੇਵੇ ਜਾਂ ਪੀਸਿਆ ਹੋਇਆ ਹੋਰ ਸਮਾਨ ਇਸ ਵਿੱਚ ਰਲਾਇਆ ਜਾ ਸਕਦਾ ਹੈ।
- ਠੰਡਾ ਹੋਣ ਤੇ ਇਸ ਪੰਜੀਰੀ ਨੂੰ ਇੱਕ ਬਰਤਨ ਦੇ ਵਿੱਚ ਪਾ ਦਿਓ ਜਾਂ ਇਸ ਦੀਆਂ ਪਿੰਨੀਆਂ ਵੀ ਵੱਟੀਆਂ ਜਾ ਸਕਦੀਆਂ ਹਨ।
- ਇਸ ਪੰਜੀਰੀ ਨੂੰ ਤੁਸੀਂ ਲੰਬੇ ਸਮੇਂ ਤੱਕ ਰੱਖ ਸਕਦੇ ਹੋ, ਖਾ ਸਕਦੇ ਹੋ।
ਪੂਰੀ ਜਾਣਕਾਰੀ ਲਈ ਜਸਬੀਰ ਸਿੰਘ ਕੰਗ ਨਾਲ਼ ਕੀਤੀ ਇਹ ਇੰਟਰਵਿਊ ਸੁਣੋ:






