30 ਅਪ੍ਰੈਲ ਤੱਕ ਤਕਰੀਬਨ 123,370 ਬਿਨੇਕਾਰ ਗ੍ਰਹਿ ਮਾਮਲਿਆਂ ਦੇ ਵਿਭਾਗ ਵਲੋਂ ਆਪਣਿਆਂ ਪੇਰੈਂਟ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।
ਪ੍ਰਕਿਰਿਆ ਵਿੱਚ ਲਗ ਰਹੀ ਦੇਰ ਤੋਂ ਨਿਰਾਸ਼ ਮੈਲਬੌਰਨ ਦੀ ਮਾਰੀਆਨਾ ਜਿਓਰਡਾਨਾ ਨੇ ਹਾਲ ਹੀ ਵਿੱਚ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਹਲਾਤਾਂ ਵਿੱਚ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਨਵੀਂਆਂ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਮਿਲਣ ਵਿੱਚ ਲਗਭਗ 20 ਸਾਲ ਤੱਕ ਦਾ ਲੰਮਾ ਸਮਾਂ ਲਗ ਸਕਦਾ ਹੈ।
Advertisement
ਮਾਰਚ ਵਿੱਚ ਸ਼ੁਰੂ ਕੀਤੀ ਗਈ #ClearParentVisaBacklog ਮੁਹਿੰਮ ਲੋਕਾਂ ਲਈ ਇੱਕ ਵੈਬਸਾਈਟ-ਆਧਾਰਿਤ ਪਲੇਟਫਾਰਮ ਹੈ ਜਿਸਦੇ ਜ਼ਰਿਏ ਲੋਕ ਆਪਣੀਆਂ ਹੱਡ-ਬੀਤੀਆਂ ਸਾਂਝੀਆਂ ਕਰ ਸਕਦੇ ਹਨ ਅਤੇ ਸਰਕਾਰ ਨੂੰ ਇਸ ਨੀਤੀ ਵਿੱਚ ਤਬਦੀਲੀ ਲਿਆਉਣ ਲਈ ਪ੍ਰੇਰਿਤ ਕਰ ਸਕਦੇ ਹਨ।
Source: #ClearParentVisaBacklog
ਐਡੀਲੇਡ ਵਸਦੇ ਪ੍ਰੇਮਦੀਪ ਸਿੰਘ ਦੰਦੀਵਾਲ ਅਤੇ ਉਸਦੇ ਭਰਾ ਦੀ ਆਪਣੇ ਮਾਤਾ-ਪਿਤਾ ਨੂੰ ਹਮੇਸ਼ਾਂ ਲਈ ਆਪਣੇ ਕੋਲ ਲੈਕੇ ਆਉਣ ਦੀ ਯੋਜਨਾ ਸੀ।
ਅਕਤੂਬਰ 2016 ਵਿੱਚ, ਜਦੋਂ ਭਾਰਤ ਵਿੱਚ ਉਸਦੇ ਮਾਤਾ-ਪਿਤਾ 60ਵਿਆਂ ਦੀ ਉਮਰ ਵਿੱਚ ਸਨ ਤਾਂ ਪ੍ਰੇਮਦੀਪ ਨੇ ਮੁੱਲ ਦੇ 'ਕੰਟਰੀਬਿਊਟਰੀ' ਵੀਜ਼ੇ ਲਈ ਅਰਜ਼ੀ ਦਿੱਤੀ ਸੀ। ਉਸ ਵੇਲ਼ੇ ਅਰਜ਼ੀ ਦੇ ਸਮੇਂ, ਵੀਜ਼ਾ ਲਈ ਪ੍ਰਕਿਰਿਆ ਦਾ ਸਮਾਂ 18-24 ਮਹੀਨੇ ਸੀ।
ਪਰ ਹੁਣ 67 ਮਹੀਨੇ ਹੋ ਗਏ ਹਨ ਅਤੇ ਉਹ ਅਜੇ ਵੀ ਆਪਣੇ ਮਾਤਾ-ਪਿਤਾ ਦੀਆਂ ਵੀਜ਼ਾ ਅਰਜ਼ੀਆਂ ਦੀ ਮਨਜ਼ੂਰੀ ਲਈ ਉਡੀਕ ਕਰ ਰਿਹਾ ਹੈ।
“ਇਹ ਤਾਂ ਬਿਲਕੁਲ ਜ਼ਿਆਦਤੀ ਹੈ। ਇਸ ਵੀਜ਼ੇ ਦੀ ਉਡੀਕ ਦਾ ਸਮਾਂ 18-24 ਮਹੀਨੇ ਹੋਣਾ ਸੀ ਪਰ ਸਾਨੂੰ ਗੁੰਮਰਾਹ ਕੀਤਾ ਗਿਆ। ਹੁਣ ਪੰਜ ਸਾਲ ਤੋਂ ਵੀ ਵੱਧ ਹੋ ਗਏ ਹਨ। ਸਾਡੇ ਪਰਿਵਾਰ ਵਿੱਚ ਬਹੁਤ ਬੇਚੈਨੀ ਹੈ," ਸ਼੍ਰੀ ਦੰਦੀਵਾਲ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ।
ਡੀ ਐਚ ਏ ਦੀ ਵੈੱਬਸਾਈਟ ਅਨੁਸਾਰ ਨਵੀਆਂ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਅਰਜ਼ੀਆਂ ਜਿਨ੍ਹਾਂ ਵਿੱਚ 33,355 ਡਾਲਰਾਂ ਤੋਂ 47,825 ਡਾਲਰਾਂ ਤੱਕ ਦਾ ਖ਼ਰਚ ਆਉਂਦਾ ਹੈ, ਦੀ ਪ੍ਰਕਿਰਿਆ ਪੂਰੀ ਹੋਣ ਵਿੱਚ ਘੱਟੋ-ਘੱਟ 65 ਮਹੀਨੇ ਲੱਗਣ ਦੀ ਸੰਭਾਵਨਾ ਹੈ।
ਇੱਕ ਬਿਆਨ ਵਿੱਚ ਸਪਸ਼ਟੀਕਰਣ ਦਿੰਦੇ ਹੋਏ ਡੀ ਐਚ ਏ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਇਸ ਢਿਲ ਦਾ ਪ੍ਰਮੁੱਖ ਕਾਰਣ ਹੈ।