ਗਰੀਨਜ਼ ਪਾਰਟੀ ਨੇ ਤਾਂ ਗ੍ਰਹਿ ਮੰਤਰੀ ਪੀਟਰ ਡਟਨ ਦੇ ਪਾਰਲੀਆਮੈਂਟ ਵਿੱਚੋਂ ਬਾਹਰ ਜਾਣ ਦੇ ਦਿਨਾਂ ਦੀ ਪੁੱਠੀ ਗਿਣਤੀ ਵੀ ਅਰੰਭ ਕਰ ਦਿੱਤੀ ਹੈ। ਗਰੀਨਜ਼ ਨੇਤਾ ਰਿਚਰਡ ਡੀ-ਨਾਟਾਲੀ ਦਾ ਕਹਿਣਾ ਹੈ ਕਿ ਇਸ ਅਵਿਸ਼ਵਾਸ ਪ੍ਰਸਤਾਵ ਨੂੰ ਭਰਪੂਰ ਸਮਰਥਨ ਪ੍ਰਾਪਤ ਹੋ ਰਿਹਾ ਹੈ ਅਤੇ ਉਮੀਦ ਹੈ ਕਿ ਇਸ ਨੂੰ ਇਸੇ ਹਫਤੇ ਹੀ ਪੇਸ਼ ਕੀਤਾ ਜਾ ਸਕੇਗਾ।
ਸੇਨੇਟਰ ਡੀ-ਨਾਟਾਲੀ ਨੇ ਕਿਹਾ ਕਿ ਇਸ ਅਵਿਸ਼ਵਾਸ ਪ੍ਰਸਤਾਵ ਦੇ ਹੱਕ ਵਿੱਚ ਬਹੁਤ ਸਾਰੇ ਕਰਾਸ-ਬੈਂਚਰਸ ਵੀ ਆ ਖੜੇ ਹੋਏ ਹਨ, ਪਰ ਉਹਨਾਂ ਨੂੰ ਕੂਲੀਸ਼ਨ ਦੇ ਕੁੱਝ ਹੋਰ ਐਮ ਪੀਆਂ ਦੇ ਸਮਰਥਨ ਹਾਸਲ ਕਰਨੇ ਅਜੇ ਬਾਕੀ ਹਨ, ਤਾਂ ਕਿ ਇਹ ਮੋਸ਼ਨ ਪਾਰਲੀਆਮੈਂਟ ਵਿੱਚੋਂ ਪਾਸ ਕਰਵਾਇਆ ਜਾ ਸਕੇ। ਵਿਰੋਧੀ ਧਿਰ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਨਵੇਂ ਬਣੇ ਪ੍ਰਧਾਨ ਮੰਤਰੀ ਵਾਸਤੇ ਇਹ ਸਮਾਂ ਕੋਈ ਬਹੁਤ ਚੰਗਾ ਨਹੀਂ ਲੰਘ ਰਿਹਾ ਕਿਉਂਕਿ ਉਹਨਾਂ ਦੀ ਹਾਲ ਵਿੱਚ ਹੀ ਗਠਿਤ ਕੀਤੀ ਗਈ ਕੈਬਿਨੇਟ ਦੇ ਕੁੱਝ ਅਹਿਮ ਮੈਂਬਰਾਂ ਦੀ ਯੋਗਤਾ ਉੱਤੇ ਸਵਾਲ ਖੜੇ ਹੋ ਰਹੇ ਹਨ। ਲੇਬਰ ਦੇ ਪ੍ਰਮੁਖ ਨੇਤਾ ਐਂਥਨੀ ਐਲਬਨੀਜ਼ ਨੇ ਨਾਈਨ ਨੈਟਵਰਕ ਨੂੰ ਕਿਹਾ ਕਿ ਕੂਲੀਸ਼ਨ ਸਰਕਾਰ ਢਹਿ ਢੇਰੀ ਹੁੰਦੀ ਜਾਪ ਰਹੀ ਹੈ।
ਮੰਤਰੀ ਡਟਨ ਅਜੇ ਪਿਛਲੇ ਮਹੀਨੇ ਹੀ ਲੇਬਰ ਵਲੋਂ ਲਿਆਂਦੇ ਗਏ ਅਵਿਸ਼ਵਾਸ ਪ੍ਰਸਤਾਵ ਤੋਂ ਮਸਾਂ ਇੱਕ ਵੋਟ ਨਾਲ ਹੀ ਬੱਚ ਪਾਏ ਸਨ ਕਿਉਂਕਿ ਉਹਨਾਂ ਦੇ ਬਰਿਸਬੇਨ ਵਿਚਲੇ ਦੋ ਚਾਈਲਡ ਕੇਅਰ ਸੈਂਟਰਾਂ ਵਾਲੇ ਵਿੱਤੀ ਲਾਭਾਂ ਕਾਰਨ ਉਹਨਾਂ ਨੂੰ ਹਾਈ ਕੋਰਟ ਭੇਜਿਆ ਜਾ ਰਿਹਾ ਸੀ। ਅਜੋਕੇ ਸਮੇਂ ਵਿੱਚ ਚਾਈਲਡ ਕੇਅਰ ਸੈਂਟਰਾਂ ਨੂੰ ਕਾਮਨਵੈਲਥ ਵਲੋਂ ਸਿੱਧੀ ਮਦਦ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਸੇ ਕਾਰਨ ਹੋ ਸਕਦਾ ਹੈ ਕਿ ਸ਼੍ਰੀ ਡਟਨ ਸੰਵਿਧਾਨ ਦੇ ਸੈਕਸ਼ਨ 44 ਦੀ ਮੱਦ ਦੀ ਉਲੰਘਣਾ ਕਰਨ ਦੇ ਦੋਸ਼ੀ ਸਿੱਧ ਹੋ ਜਾਣ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਮੰਤਰੀ ਸਾਹਿਬ ਨੇ ਆਪਣੇ ਆਪ ਨੂੰ ਚਾਈਲਡ ਕੇਅਰ ਫੰਡਿੰਗ ਬਾਰੇ ਹੋਣ ਵਾਲੀਆਂ ਚਰਚਾਵਾਂ ਤੋਂ ਉੱਪਰ ਰੱਖਿਆ ਹੋਇਆ ਸੀ?
ਸੋਲੀਸਟਰ ਜਨਰਲ ਵਲੋਂ ਮਿਲੀ ਇੱਕ ਸਲਾਹ ਵਿੱਚ ਇਹ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ‘ਪਾਰਲੀਆਮੈਂਟ ਵਿੱਚ ਬੈਠਣ ਤੋਂ ਅਯੋਗ ਨਹੀਂ ਹਨ, ਪਰ ਨਾਲ ਹੀ ਕੁੱਝ ਜੋਖਮ ਵੀ ਮੌਜੂਦ ਹਨ’ ਜਿਨਾਂ ਨੂੰ ਅਦਾਲਤ ਵਲੋਂ ਹੀ ਸਾਫ ਕੀਤਾ ਜਾ ਸਕਦਾ ਹੈ। ਪਰ ਸਰਕਾਰ ਇਸ ਗਲ ਉਤੇ ਡਟੀ ਹੋਈ ਹੈ ਕਿ, ਏਸ ਕਾਨੂੰਨੀ ਸਲਾਹ ਮੁਤਾਬਕ ਸ਼੍ਰੀ ਡਟਨ ਪਾਰਲੀਆਮੈਂਟ ਵਿੱਚ ਆਪਣਾ ਸਥਾਨ ਬਰਕਰਾਰ ਰੱਖ ਸਕਦੇ ਹਨ। ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਵਿੱਤ ਮੰਤਰੀ ਮੈਥੀਆਸ ਕੋਰਮਨ ਨੇ ਕਿਹਾ ਕਿ ਉਹਨਾਂ ਨੂੰ ਮੰਤਰੀ ਸਾਹਿਬ ਦੀ ਯੋਗਤਾ ਉੱਤੇ ਕੋਈ ਵੀ ਸ਼ੱਕ ਨਹੀਂ ਹੈ।
ਪਰ ਸਰਕਾਰ ਵਿੱਚ ਅਜਿਹਾ ਮੰਨਣ ਵਾਲਿਆਂ ਦੀ ਗਿਣਤੀ ਹੁਣ ਘਟਦੀ ਜਾਪ ਰਹੀ ਹੈ। ਪਿਛਲੇ ਹਫਤੇ ਲੋਈ ਇੰਸਟਿਚਿਊਟ ਦੇ ਇੱਕ ਭਾਸ਼ਣ ਦੌਰਾਨ ਵਪਾਰੀ ਫਰੈਂਕ ਲੋਈ ਨੇ ਆਸਟ੍ਰੇਲੀਅਨ ਰਾਜਨੀਤੀ ਦੀ ਮੌਜੂਦਾ ਸਥਿਤੀ ਤੇ ਦੁੱਖ ਜਾਹਰ ਕੀਤਾ ਸੀ। ਉਹਨਾਂ ਕਿਹਾ ਕਿ ਜਮਹੂਰੀਅਤ ਨੂੰ ਹੋਰ ਵੀ ਜਿਆਦਾ ਸਨਮਾਨ ਮਿਲਣਾ ਚਾਹੀਦਾ ਹੈ।
ਸ਼੍ਰੀ ਡਟਨ ਉੱਤੇ ਇਹ ਵੀ ਦੋਸ਼ ਲੱਗੇ ਹੋਏ ਹਨ ਕਿ ਉਹਨਾਂ ਨੇ ਆਪਣੇ ਮਿਤਰਾਂ ਦੀ ਮਦਦ ਵਜੋਂ ਬਹੁਤ ਸਾਰੇ ਦੇਸ਼ ਨਿਕਾਲੇ ਰੱਦ ਕੀਤੇ ਸਨ ਅਤੇ ਉਹਨਾਂ ਨੇ ਆਪਣੇ ਮੰਤਰਾਲੇ ਵਾਲੇ ਅਹੁਦਿਆਂ ਨੂੰ ਵਰਤਦੇ ਹੋਏ ਸਾਬਕਾ ਸਹਿਯੋਗੀਆਂ ਨੂੰ ਨੌਕਰੀਆਂ ਦਿਵਾਉਣ ਵਿੱਚ ਵੀ ਮਦਦ ਕੀਤੀ ਸੀ।