ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੇਮਜੋਤ ਸੰਧੂ ਲਗਭੱਗ ਛੇ ਮਹੀਨੇ ਤੋਂ ਕੈਂਸਰ ਦੀ ਨਾ-ਮੁਰਾਦ ਬਿਮਾਰੀ ਦਾ ਸਾਹਮਣਾ ਕਰ ਰਿਹਾ ਸੀ। ਇਸ ਸਮੇਂ ਦੌਰਾਨ ਦਿੱਤੇ ਗਏ ਇਲਾਜ ਨਾਲ ਉਹ ਕਾਫੀ ਤੰਦਰੁਸਤ ਨਜ਼ਰ ਆਉਣ ਲੱਗ ਪਿਆ ਸੀ ਪਰ ਅਚਾਨਕ ਪ੍ਰੇਮਜੋਤ ਦੀ ਹਾਲਤ ਮੁੜ ਵਿਗੜਣ ਪਿੱਛੋਂ ਉਸਦੀ ਮੌਤ ਹੋ ਗਈ ਹੈ।
ਇਸ ਤੋਂ ਪਹਿਲਾਂ ਪਰਥ ਵਿਚਲੇ ਹਸਪਤਾਲ ਦੇ ਡਾਕਟਰਾਂ ਨੇ ਪ੍ਰੇਮਜੋਤ ਨੂੰ ਦੱਸਿਆ ਸੀ ਕਿ ਬਿਮਾਰੀ ਦੇ ਵਧਣ ਕਾਰਣ ਉਸ ਕੋਲ ਸਿਰਫ ਤਿੰਨ ਮਹੀਨਿਆਂ ਦਾ ਹੀ ਸਮਾਂ ਬਾਕੀ ਬਚਿਆ ਹੈ। ਇਸ ਸਮੇਂ ਦੌਰਾਨ ਭਾਈਚਾਰੇ ਨੇ ਪ੍ਰੇਮਜੋਤ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਲਗਭਗ $150,000 ਡਾਲਰਾਂ ਦੀ ਰਾਸ਼ੀ ਉਸਦੇ ਇਲਾਜ ਵਾਸਤੇ ਇਕੱਠੀ ਕੀਤੀ।
ਪ੍ਰੇਮਜੋਤ ਸੰਧੂ ਦੇ ਪਰਥ ਤੋਂ ਮਿੱਤਰ ਬਲਵੰਤ ਢਿੱਲੋਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਸੋਹਣੀ ਦਿੱਖ ਵਾਲਾ ਪ੍ਰੇਮਜੋਤ ਇੱਕ ਚੰਗਾ ਕ੍ਰਿਕਟ ਖਿਡਾਰੀ ਸੀ।

before cancer Source: Jagjeet
ਪਰਥ ਦੇ ਡਾਕਟਰਾਂ ਦੁਆਰਾ ਦਿੱਤੀ ਸਲਾਹ ਤੋਂ ਬਾਅਦ 8 ਜੂਨ ਨੂੰ ਪ੍ਰੇਮਜੋਤ ਆਪਣੀ ਭੈਣ ਨਾਲ ਭਾਰਤ ਚਲਾ ਗਿਆ। 10 ਜੂਨ ਨੂੰ ਉਸਦੇ ਪਰਿਵਾਰ ਨੇ ਉਸਦਾ ਜਨਮ ਦਿਨ ਧਾਰਮਿਕ ਰਸਮਾਂ ਕਰਦੇ ਹੋਏ ਮਨਾਇਆ। ਪਰ ਉਸ ਤੋਂ ਤੁਰੰਤ ਬਾਅਦ ਪ੍ਰੇਮਜੋਤ ਦੀ ਹਾਲਤ ਬਹੁਤ ਹੀ ਜਿਆਦਾ ਵਿਗੜ ਗਈ ਅਤੇ ਉਸਨੂੰ ਇਲਾਜ ਲਈ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਿਲ ਕਰਾ ਦਿੱਤਾ ਗਿਆ।
ਪ੍ਰੇਮਜੋਤ ਨੂੰ ਕੀਮੋ-ਥੇਰੇਪੀ ਦੇ ਨਾਲ-ਨਾਲ ਹੋਰ ਕਈ ਪ੍ਰਕਾਰ ਦੇ ਇਲਾਜ ਦਿੱਤੇ ਗਏ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋ ਸਕਿਆ। ਆਖ਼ਿਰ 8 ਜੁਲਾਈ ਨੂੰ ਤੇਜ ਬੁਖਾਰ ਦੇ ਨਾਲ ਤਿੱਖੇ ਦਰਦ ਪਿੱਛੋਂ ਉਸਦਾ ਦੇਹਾਂਤ ਹੋ ਗਿਆ।
ਪ੍ਰੇਮਜੋਤ ਦੇ ਮਿੱਤਰ ਬਲਵੰਤ ਢਿੱਲੋਂ ਨੇ ਐਸ ਬੀ ਐਸ ਪੰਜਾਬੀ ਨਾਲ ਉਸਦਾ ਆਖਰੀ ਸੁਨੇਹਾ ਸਾਂਝਾ ਕੀਤਾ ਹੈ - ਮਰਨ ਤੋਂ ਪਹਿਲਾਂ ਉਸਨੇ ਆਪਣੇ ਪਰਥ ਵਿਚਲੇ ਮਿੱਤਰਾਂ ਨੂੰ ਆਖਿਆ ਕਿ ਉਸਦੇ ਇਲਾਜ ਲਈ ਇਕੱਠੇ ਕੀਤੇ ਗਏ ਪੈਸੇ ਕਿਸੇ ਹੋਰ ਲੋੜਵੰਦ ਦੀ ਮਦਦ ਲਈ ਦੇ ਦਿੱਤੇ ਜਾਣ।

with his friends just before leaving for India Source: Jagjeet
ਪੂਰੀ ਗੱਲਬਾਤ ਸੁਨਣ ਲਈ ਉਪਰ ਦਿੱਤੇ ਲਿੰਕ ਤੇ ਕਲਿਕ ਕਰੋ....