ਕਰੈਨਬਰਨ ਲਾਗੇ ਪੈਂਦੇ ਡੇਵਨ ਮੀਡੋਜ਼ ਦੀ ਗੁਰਮਤਿ ਅਕੈਡਮੀ ਦੇ ਨਾਲ 200 ਦੇ ਕਰੀਬ ਪੰਜਾਬੀ ਪਰਿਵਾਰ ਜੁੜੇ ਹੋਏ ਹਨ।
ਜ਼ਿਕਰਯੋਗ ਹੈ ਕਿ ਤਾਜ਼ਾ ਜਨਗਣਨਾ ਅੰਕੜਿਆਂ ਅਨੁਸਾਰ, ਪਿਛਲੇ ਪੰਜ ਸਾਲਾਂ ਵਿੱਚ ਪੰਜਾਬੀ ਬੋਲਣ ਵਾਲੀ ਆਬਾਦੀ 'ਚ ਚੋਖਾ ਵਾਧਾ ਹੋਇਆ ਹੈ ਤੇ ਪੰਜਾਬੀ ਭਾਸ਼ਾ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਬਣ ਗਈ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸਿੱਖ ਕਮਿਊਨਿਟੀ ਗੁਰਮਤਿ ਸੈਂਟਰ ਦੇ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੋਲੀ ਦੇ ਨਾਲ-ਨਾਲ, ਉਨ੍ਹਾਂ ਦੇ ਅਧਿਆਪਕ ਬੱਚਿਆਂ 'ਚ ਪੰਜਾਬੀ ਪੜਨ-ਲਿਖਣ ਦੀ ਸਮਰਥਾ ਵਧਾਉਣ ਲਈ ਵੀ ਕੋਸ਼ਿਸ਼ਾਂ ਕਰ ਰਹੇ ਹਨ।
"ਕਿਸੇ ਵੀ ਭਾਸ਼ਾ ਦੀ ਪ੍ਰਫੁੱਲਤਾ ਲਈ ਉਸ ਭਾਸ਼ਾ ਦਾ ਸਾਹਿਤ ਪੜ੍ਹਨਾ ਬਹੁਤ ਜ਼ਰੂਰੀ ਹੈ। ਜੇ ਬੋਲੀ ਨੂੰ ਪੜਨਾ-ਲਿਖਣਾ ਆਵੇਗਾ ਤਾਂ ਹੀ ਇਤਿਹਾਸ ਤੇ ਵਿਰਾਸਤ ਦੀ ਸਾਂਭ-ਸੰਭਾਲ ਅਤੇ ਬੋਲੀ ਦਾ ਪਸਾਰ ਹੋਵੇਗਾ," ਉਨ੍ਹਾਂ ਕਿਹਾ।

ਪਾਠਕ੍ਰਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ 'ਚ ਠੀਕ ਆਈਲੈਟਸ ਟੈਸਟ ਵਾਂਗ ਹੀ ਪੰਜਾਬੀ ਪੜ੍ਹਨ, ਲਿਖਣ, ਬੋਲਣ ਅਤੇ ਸੁਣਨ ਦੇ ਚਾਰ ਮਾਡਿਊਲਾਂ ਦੀ ਸਾਲ ਚ 2 ਵਾਰ ਪ੍ਰੀਖਿਆ ਲਈ ਜਾਂਦੀ ਹੈ।
"ਸਕੂਲ ਵਿੱਚ ਪੰਜਾਬੀ ਦੀ ਗੂੜ ਸਿਖਲਾਈ ਦੇ ਨਾਲ-ਨਾਲ ਗੁਰਮਤਿ ਵਿਦਿਆ, ਗੱਤਕਾ ਅਤੇ ਸੰਗੀਤ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ," ਉਨ੍ਹਾਂ ਕਿਹਾ।
"ਬੱਚਿਆਂ ਦੇ ਮਿਆਰ ਤੇ ਉਮਰ ਮੁਤਾਬਕ, ਹਰ ਐਤਵਾਰ ਸਵੇਰੇ ਦਸ ਵਜੇ ਤੋਂ ਦੋ ਵਜੇ ਤੱਕ ਪੰਜਾਬੀ ਤੇ ਗੱਤਕਾ ਸਿਖਲਾਈ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਸ ਸੈਂਟਰ ਵੱਲੋਂ ਸਮੇਂ-ਸਮੇਂ ਤੇ ਹੋਰ ਵੀ ਕਈ ਤਰਾਂ ਦੀਆ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਜਿਵੇ ਕਿ ਕੈਂਪ, ਖੇਡਾਂ ਅਤੇ ਹੋਰ ਕਈ ਮੁਕਾਬਲੇ ਜਿਸ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਦੀ ਨੀਂਹ ਹੋਰ ਮਜ਼ਬੂਤ ਹੁੰਦੀ ਹੈ।"
'ਰੋਜ਼ ਦਾ ਇੱਕ ਪੰਜਾਬੀ ਸ਼ਬਦ'
ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਦਾ ਭਾਸ਼ਾ ਨਾਲ ਲਗਾਅ ਵਧਾਉਣ ਲਈ ਰੋਜ਼ ਇੱਕ ਨਵਾਂ ਪੰਜਾਬੀ ਸ਼ਬਦ ਸਿਖਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬੀ ਬੋਲੀ ਦੇ ਲਫ਼ਜ਼ਾਂ ਦੀ ਘਾਟ ਤੋਂ ਬਚਾਇਆ ਜਾ ਸਕੇ।
"ਪੰਜਾਬੀ ਪਰਿਵਾਰਾਂ ਦੀ ਇਕਜੁੱਟਤਾ, ਖਾਸ ਕਰ ਬਜ਼ੁਰਗਾਂ ਤੇ ਬੱਚਿਆਂ ਵਿਚਲਾ ਪਿਆਰ ਵਧਾਉਣ ਲਈ ਤੇ ਫਿਰ ਉਸਦੇ ਪ੍ਰਗਟਾਵੇ ਲਈ ਮਾਂ ਬੋਲੀ ਬਹੁਤ ਜ਼ਰੂਰੀ ਹੈ ਕਿਓਂਕਿ ਭਾਵਨਾਤਮਕ ਤੌਰ 'ਤੇ ਭਾਸ਼ਾ ਹੀ ਹੈ ਜੋ ਸਾਨੂੰ ਆਪਸ ਵਿੱਚ ਜੋੜਦੀ ਹੈ," ਉਨ੍ਹਾਂ ਕਿਹਾ।
ਜ਼ਿਕਰਯੋਗ ਹੈ ਕਿ ਮਾਂ ਬੋਲੀ ਦੀ ਅਹਿਮੀਅਤ ਨੂੰ ਉਜਾਗਰ ਕਰਨ ਲਈ ਦੁਨੀਆ ਭਰ 'ਚ ਅੱਜ (21 ਫਰਵਰੀ) ਅੰਤਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਸਿੱਖ ਕਮਿਊਨਿਟੀ ਗੁਰਮਤਿ ਸੈਂਟਰ ਅਤੇ ਪੰਜਾਬੀ ਬੋਲੀ ਦੀ ਪਰਿਵਾਰਿਕ ਤੇ ਸਮਾਜਿਕ ਅਹਿਮੀਅਤ ਬਾਰੇ ਹੋਰ ਜਾਨਣ ਲਈ ਸੁਣੋ ਇਹ ਇੰਟਰਵਿਊ :





