ਨਿਊ ਸਾਊਥ ਵੇਲਸ ਦੇ ਸਿੱਖਿਆ ਵਿਭਾਗ ਨੇ ਪੰਜਾਬੀ ਭਾਈਚਾਰੇ ਨੂੰ ਇੱਕ ਪੱਤਰ ਦੁਆਰਾ ਸੱਦਾ ਦਿੱਤਾ ਹੈ ਕਿ ਉਹ ਪਬਲਿਕ ਸਕੂਲਾਂ ਦੀਆਂ ਕਿੰਡਰਗਾਰਟਨ ਤੋਂ ਲੈ ਕਿ ਦੱਸਵੀਂ ਤੱਕ ਦੀਆਂ ਜਮਾਤਾਂ ਲਈ ਪੰਜਾਬੀ ਦਾ ਸਿਲੇਬਸ ਤਿਆਰ ਕਰਵਾਉਣ ਵਾਸਤੇ ਮਦਦ ਕਰਨ।
ਅਜਿਹਾ ਹੀ ਇੱਕ ਸੱਦਾ ਪੱਤਰ ਮਿਲਿਆ ਹੈ ਗੁਰੂ ਨਾਨਕ ਪੰਜਾਬੀ ਸਕੂਲ ਦੇ ਸਿਖਿਆ ਡਾਇਰੈਕਟਰ ਡਾ ਸੁਰਿੰਦਰ ਸਿੰਘ ਨੂੰ ਵੀ। ਡਾ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕਿਸ ਤਰਾਂ ਨਾਲ ਉਹਨਾਂ ਦਾ ਸਕੂਲ ਇਸ ਪਰਾਜੈਕਟ ਦੀ ਪ੍ਰਾਪਤੀ ਵਾਸਤੇ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ।
ਡਾ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਦੇ ਅਧੀਨ ਚੱਲ ਰਹੇ ਗੁਰੂ ਨਾਨਕ ਪੰਜਾਬੀ ਸਕੂਲ ਕੋਲ ਇਸ ਸਮੇਂ ਇਸ ਪਰਾਜੈਕਟ ਵਾਸਤੇ ਸਾਰੇ ਲੋੜੀਂਦੇ ਸਾਧਨ ਜਿਵੇਂਕਿ ਮੇਨ ਸਕੂਲਾਂ ਵਿੱਚ ਪੜਾਉਣ ਵਾਲੇ ਅਧਿਆਪਕ, ਸਲੇਬਸ ਆਦਿ ਤਿਆਰ ਕਰਨ ਵਾਲੇ ਮਾਹਰ ਉਪਲਬਧ ਹਨ। ਉਹਨਾਂ ਨੇ ਅਜਿਹੇ ਕਾਰਜਾਂ ਵਿੱਚ ਪਹਿਲਾਂ ਹਿੱਸਾ ਲਿਆ ਹੈ ਅਤੇ ਹੁਣ ਕਿੰਡਰਗਾਰਟਨ ਤੋਂ ਲੈ ਕਿ ਦੱਸਵੀ ਜਮਾਤ ਤੱਕ ਲਈ ਲੌੜੀਂਦੇ ਪੰਜਾਬੀ ਦਾ ਸਲੇਬਸ ਤਿਆਰ ਕਰਨ ਲਈ ਤਿਆਰ ਬਰ ਤਿਆਰ ਹਨ।
ਨਾਲ ਹੀ ਡਾ ਸਿੰਘ ਨੇ ਸਾਰੇ ਹੀ ਦੂਜੇ ਹੋਰ ਪੰਜਾਬੀ ਸਕੂਲਾਂ ਦੇ ਪ੍ਰਿਸੀਪਲਾਂ, ਅਧਿਆਪਕਾਂ ਅਤੇ ਭਾਈਚਾਰੇ ਵਿੱਚੋਂ ਸਾਰੇ ਹੀ ਅਜਿਹੇ ਮਾਹਰਾਂ ਨੂੰ ਅਪੀਲ ਕੀਤੀ ਹੈ, ਜੋ ਕਿ ਇਸ ਕਾਰਜ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੇ ਹੋਣ, ਕਿ ਉਹਨਾਂ ਨਾਲ ਸੰਪਰਕ ਕਰਨ ਤਾਂ ਕਿ ਇਸ ਕਾਰਜ ਨੂੰ ਬਗੈਰ ਦੇਰੀ ਦੇ ਨੇਪਰੇ ਚਾੜਿਆ ਜਾ ਸਕੇ।

Invitation from NSW Department of Education Source: Surinder Singh
ਪੰਜਾਬੀ ਨੂੰ ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ਪੜਾਏ ਜਾਣ ਨਾਲ ਸਿਖਿਆਰਥੀ ਐਚ ਐਸ ਸੀ ਵਿੱਚ ਇਸ ਵਿਸ਼ੇ ਨੂੰ ਲੈਂਦੇ ਹੋਏ ਵਾਧੂ ਦੇ ਨੰਬਰ ਹਾਸਲ ਕਰ ਸਕਣਗੇ। ਨਾਲ ਹੀ ਇਸ ਵਿਸ਼ੇ ਨੂੰ ਪੜਾਉਣ ਲਈ ਬਹੁਤ ਸਾਰੇ ਅਧਿਆਪਕਾਂ ਦੀ ਜਰੂਰਤ ਵੀ ਪਵੇਗੀ ਅਤੇ ਬਹੁਤ ਸਾਰੇ ਯੋਗਤਾ ਰਖਣ ਵਾਲਿਆਂ ਨੂੰ ਇਸ ਦਾ ਸਿੱਧਾ ਲਾਭ ਹੋਵੇਗਾ।
ਪੰਜਾਬੀ ਦੇ ਨਾਲ ਨਾਲ ਵਿਭਾਗ ਨੇ ਹਿੰਦੀ, ਮੈਸੀਡੋਨੀਅਨ, ਤਾਮਿਲ ਅਤੇ ਪਰਸ਼ਿਅਨ ਭਾਸ਼ਾਵਾਂ ਦਾ ਸਿਲੇਬਸ ਤਿਆਰ ਕਰਵਾਉਣ ਹਿੱਤ ਸੱਦੇ ਵੀ ਭੇਜੇ ਹਨ।