ਆਰ ਬੀ ਏ ਨੇ ਨਕਦੀ ਦਰ 'ਚ ਲਗਾਤਾਰ ਸੱਤਵੀ ਵਾਰ ਇੱਕ ਹੋਰ ਵਾਧਾ ਕੀਤਾ ਹੈ ਜਿਸ ਨਾਲ ਨਕਦੀ ਦਰ ਹੁਣ 2.85 ਫੀਸਦੀ 'ਤੇ ਪਹੁੰਚ ਗਈ ਹੈ। ਮਈ 2013 ਤੋਂ ਬਾਅਦ ਇਹ ਸਭ ਤੋਂ ਉੱਚੀ ਦਰ ਹੈ।
ਰਿਜ਼ਰਵ ਬੈਂਕ ਇਸ ਸਾਲ ਲਈ ਮਹਿੰਗਾਈ ਉੱਤੇ ਕਾਬੂ ਪਾਉਣ ਲਈ ਯਤਨ ਕਰ ਰਿਹਾ ਹੈ ਜਿਸ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵਾਧੇ ਹੋਣ ਦੀ ਸੰਭਾਵਨਾ ਹੈ।
ਮਹਿੰਗਾਈ ਦਰ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਲਈ ਹੋ ਰਹੇ ਨੇ ਇਹ ਵਾਧੇ
ਰਿਜ਼ਰਵ ਬੈਂਕ 2022 ਮਈ ਦੇ ਮਹੀਨੇ ਤੋਂ ਮਹਿੰਗਾਈ ਦਰ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਤੰਬਰ ਤਿਮਾਹੀ ਵਿੱਚ 7.3 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।
ਖਜ਼ਾਨਚੀ ਜਿਮ ਚੈਲਮਰਸ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਨੇ ਸਾਲ ਦੇ ਅੰਤ ਤੱਕ ਮਹਿੰਗਾਈ ਦਰ 8 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਹੈ।
ਅਨੁਮਾਨ ਹੈ ਕਿ ਵਿਆਜ ਦਰਾਂ ਵਧਦੀਆਂ ਰਹਿਣਗੀਆਂ ਕਿਉਂਕਿ ਰਿਜ਼ਰਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਮਹਿੰਗਾਈ ਨੂੰ ਰੋਕਣ ਲਈ 'ਜੋ ਜ਼ਰੂਰੀ ਹੈ' ਉਹ ਕਰੇਗਾ।
ਰਿਜ਼ਰਵ ਬੈਂਕ ਦੇ ਗਵਰਨਰ ਫਿਲਿਪ ਲੋ ਦਾ ਕਹਿਣਾ ਹੈ ਕਿ ਜੇ ਆਰਥਿਕ ਸਥਿਤੀਆਂ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਨਕਦ ਦਰ ਵਿੱਚ ਹੋਰ ਵਾਧਾ ਸੰਭਵ ਹੈ।
ਵਧਦੀਆਂ ਦਰਾਂ ਦੇ ਆਮ ਲੋਕਾਂ ਉੱਤੇ ਪ੍ਰਭਾਵ
ਇਸ ਵਾਧੇ ਨਾਲ ਮੌਰਟਗੇਜ ਵਾਲੇ ਲੱਖਾਂ ਆਸਟ੍ਰੇਲੀਅਨਾਂ, ਖਾਸ ਤੌਰ 'ਤੇ ਕਾਰੋਬਾਰੀ ਮਾਲਕਾਂ ਉੱਤੇ ਮਾੜਾ ਪ੍ਰਭਾਵ ਪੈਣ ਦੀ ਉਮੀਦ ਹੈ।
ਹੋਮ ਲੋਨ ਵਾਲੇ ਗਾਹਕਾਂ ਲਈ ਇਹ ਬੁਰੀ ਗੱਲ ਹੈ ਪਰ ਬਚਤ ਖਾਤੇ ਜਾਂ ਟਰਮ ਡਿਪਾਜ਼ਿਟ ਵਾਲੇ ਕਿਸੇ ਵੀ ਵਿਅਕਤੀ ਲਈ ਚੰਗੀ ਗੱਲ ਹੈ, ਜੋ ਹੁਣ ਉਸ ਤਾਰੀਖ ਤੋਂ ਵੱਧ ਰਿਟਰਨ ਦਾ ਆਨੰਦ ਮਾਣੇਗਾ।
ਨੈਬ ਬੈਂਕ ਨੇ ਰਿਜ਼ਰਵ ਬੈਂਕ ਦੇ ਫੈਸਲੇ 'ਤੇ ਆਪਣੀ ਪ੍ਰਤੀਕਿਰਿਆ ਦਾ ਐਲਾਨ ਕਰਦਿਆਂ ਕਿਹਾ ਕਿ 11 ਨਵੰਬਰ ਤੋਂ ਵੇਰੀਏਬਲ ਮੌਰਗੇਜ 'ਤੇ ਦਰਾਂ ਨੂੰ ਇੱਕ ਪ੍ਰਤੀਸ਼ਤ ਅੰਕ ਦੇ 0.25 ਦਰ ਤੱਕ ਵਧਾ ਦਿੱਤਾ ਜਾਵੇਗਾ।
ਆਸਟ੍ਰੇਲੀਆ ਦੀ ਫਾਇਨੈਨਸ਼ੀਅਲ ਤੁਲਨਾ ਦੇ ਮੋਹਰੀ ਰੇਟ ਸਿਟੀ ਦੇ ਅੰਕੜੇ ਦਰਸਾਉਂਦੇ ਹਨ ਕਿ ਬੈਂਕਾਂ ਦੁਆਰਾ ਤਾਜ਼ਾ ਦਰਾਂ ਵਿੱਚ ਵਾਧੇ ਤੋਂ ਬਾਅਦ ਇੱਕ $750,000 ਦੇ ਲੋਨ ਦੀ 25-ਸਾਲ ਦੀ ਮੌਰਗੇਜ 'ਤੇ ਇੱਕ ਮਹੀਨੇ ਵਿੱਚ ਤਕਰੀਬਨ 114$ ਦਾ ਵਾਧੂ ਭੁਗਤਾਨ ਕਰਨਾ ਪਵੇਗਾ।
ਇਸੇ ਤਰ੍ਹਾਂ 500,000$ ਮੌਰਗੇਜ ਨੂੰ ਪ੍ਰਤੀ ਮਹੀਨਾ 76$ ਦਾ ਵਾਧੂ ਭੁਗਤਾਨ ਕਰਨਾ ਪਵੇਗਾ। ਹਾਲਾਂਕਿ, 25-30 ਸਾਲ ਦੇ ਕਰਜ਼ੇ ਦੀ ਪੂਰੀ ਮਿਆਦ ਦੌਰਾਨ, ਇਹ ਵਾਧੂ 27,000$ ਦੇ ਬਰਾਬਰ ਹੈ ਜੋ ਵਿਆਜ ਵਿੱਚ ਬੈਂਕ ਨੂੰ ਵਾਪਸ ਕੀਤਾ ਜਾਵੇਗਾ।
ਇਸੇ ਤਰ੍ਹਾਂ, 1 ਮਿਲੀਅਨ ਡਾਲਰ ਦੇ ਕਰਜ਼ੇ 'ਤੇ ਇੱਕ ਆਸਟ੍ਰੇਲੀਆਈ ਨੂੰ 152$ ਹੋਰ ਕੱਢਣੇ ਪੈਣਗੇ।
ਤਾਜ਼ਾ ਰਿਪੋਰਟ ਅਨੁਸਾਰ ਮਹਿੰਗਾਈ ਦਰ ਇਸ ਸਮੇਂ 7.3 ਫੀਸਦੀ 'ਤੇ ਹੈ।
ਫਾਈਨੈਂਸ਼ੀਅਲ ਰਾਈਟਸ ਲੀਗਲ ਸੈਂਟਰ ਤੋਂ ਪੀਟਰ ਥੌਮਸਨ ਦਾ ਕਹਿਣਾ ਹੈ ਕਿ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਆਪਣੇ ਲੈਂਡਰਜ਼ ਨਾਲ ਹੁਣ ਖੁੱਲ੍ਹੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।
ਸ਼੍ਰੀ ਪੀਟਰ ਥੌਮਸਨ ਦਾ ਕਹਿਣਾ ਹੈ ਕਿ ਕੁਝ ਲੋਕ ਸੰਭਾਵਤ ਤੌਰ 'ਤੇ ਇਸ ਵਾਧੇ ਨੂੰ ਪੂਰਾ ਕਰਨ ਲਈ ਇੱਕ ਚੁਣੌਤੀ ਮਹਿਸੂਸ ਕਰ ਰਹੇ ਹਨ।
ਜੇਕਰ ਘਰਾਂ ਦੇ ਮਾਲਕਾਂ ਨੂੰ ਮੌਰਗੇਜ ਦੀ ਅਦਾਇਗੀ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਉਹਨਾਂ ਨੂੰ ਆਪਣੇ ਰਿਣਦਾਤਾ ਨਾਲ ਸੰਪਰਕ ਕਰਨ ਦੀ ਤਾਕੀਦ ਕੀਤੀ ਜਾ ਰਹੀ ਹੈ।
ਗੱਠਜੋੜ ਵਿੱਚ ਸ਼੍ਰੀ ਚੈਲਮਰਜ਼ ਦੇ ਹਮਰੁਤਬਾ, ਐਂਗਸ ਟੇਲਰ ਦਾ ਕਹਿਣਾ ਹੈ ਕਿ ਸਰਕਾਰ ਕੋਲ ਮਹਿੰਗਾਈ ਅਤੇ ਵਿਆਜ ਦਰਾਂ ਨੂੰ ਘਟਾਉਣ ਲਈ ਕੋਈ ਵਿਆਪਕ ਯੋਜਨਾ ਨਹੀਂ ਹੈ।
ਵਿਆਜ ਦਰਾਂ ਦਾ ਇਹ ਵਾਧਾ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ, ਵਿਸਥਾਰ ਵਿੱਚ ਜਾਨਣ ਲਈ ਸੁਣੋ ਉੱਪਰ ਦਿੱਤੀ ਆਡੀਓ ਰਿਪੋਰਟ।