ਜ਼ਿਲ੍ਹਾ ਤਰਨ ਤਾਰਨ ਦੇ ਛੋਟੇ ਜਿਹੇ ਕਸਬੇ ਭਿਖੀਵਿੰਡ ਦੀ ਰਹਿਣ ਵਾਲੀ ਰੂਪ ਸੰਧੂ ਨੇ ਆਪਣੀ ਮਿਹਨਤ ਦੇ ਦਮ ’ਤੇ ਪੰਜਾਬੀ ਅਤੇ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਕਈ ਨਾਮੀ ਚਿਹਰਿਆਂ ਨਾਲ ਕੰਮ ਕਰਕੇ ਸੈਲੇਬ੍ਰਿਟੀ ਮੇਕਅੱਪ ਆਰਟਿਸਟ ਵਜੋਂ ਆਪਣੀ ਵੱਖਰੀ ਪਛਾਣ ਬਣਾਈ ਹੈ। ਮੈਲਬਰਨ ਫੇਰੀ ਦੌਰਾਨ SBS Punjabi ਨਾਲ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਨੇ ਸਕਿਨਕੇਅਰ, ਮੇਕਅੱਪ ਦੀਆਂ ਆਮ ਗਲਤੀਆਂ, ਸੋਸ਼ਲ ਮੀਡੀਆ ਦੇ ਪ੍ਰਭਾਵ ਅਤੇ ਸਫ਼ਲਤਾ ਦੇ ਗੁਰਾਂ ਬਾਰੇ ਦਿਲਚਸਪ ਗੱਲਬਾਤ ਕੀਤੀ ਹੈ।
ਮੇਕਅੱਪ ਆਰਟਿਸਟ ਰੂਪ ਸੰਧੂ ਦਾ ਕਹਿਣਾ ਹੈ ਕਿ ਖੂਬਸੂਰਤ ਮੇਕਅੱਪ ਦੀ ਸ਼ੁਰੂਆਤ ਮਹਿੰਗੇ ਪ੍ਰੋਡਕਟਾਂ ਨਾਲ ਨਹੀਂ, ਸਗੋਂ ਚੰਗੀ ਸਕਿਨਕੇਅਰ ਨਾਲ ਹੁੰਦੀ ਹੈ।
ਕਰੀਬ 9 ਸਾਲਾਂ ਤੋਂ ਇਸ ਖੇਤਰ ਵਿੱਚ ਕੰਮ ਕਰ ਰਹੀ ਰੂਪ ਸੰਧੂ ਨੇ ਪੰਜਾਬੀ ਅਤੇ ਬਾਲੀਵੁੱਡ ਦੀਆਂ ਕਈ ਜਾਣੀਆਂ-ਪਛਾਣੀਆਂ ਹਸਤੀਆਂ ਨਾਲ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਨੀਰੂ ਬਾਜਵਾ, ਸੁਨੰਦਾ ਸ਼ਰਮਾ, ਤਾਨੀਆ, ਨਿਮਰਤ ਖਹਿਰਾ, ਅਨਮੋਲ ਗਗਨ ਮਾਨ ਸਮੇਤ ਕਈ ਨਾਮ ਸ਼ਾਮਲ ਹਨ। ਮੁੰਬਈ ਵਿੱਚ ਵੀ ਉਹ ਦੀਆ ਮਿਰਜ਼ਾ, ਮਲਿਕਾ ਸ਼ੇਰਾਵਤ, ਉਰਵਸ਼ੀ ਰੌਤੇਲਾ ਅਤੇ ਮੌਨੀ ਰਾਏ ਵਰਗੀਆਂ ਹਸਤੀਆਂ ਨਾਲ ਕੰਮ ਕਰ ਚੁੱਕੀ ਹੈ।
ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਰੂਪ ਦਾ ਕਹਿਣਾ ਹੈ ਕਿ ਸਿਰਫ਼ ਕੰਮ ਹੀ ਨਹੀਂ, ਸਗੋਂ ਕਲਾਕਾਰਾਂ ਨਾਲ ਪਰਿਵਾਰਕ ਸਾਂਝ ਅਤੇ ਇਮਾਨਦਾਰੀ ਹੀ ਇਸ ਖੇਤਰ ਵਿੱਚ ਲੰਬੇ ਸਮੇਂ ਦੀ ਸਫ਼ਲਤਾ ਦੀ ਕੁੰਜੀ ਹੈ।
ਰੂਪ ਸੰਧੂ ਮੁਤਾਬਕ,"ਮਹਿੰਗੇ ਮੇਕਅੱਪ ਪ੍ਰੋਡਕਟਸ ਨਾਲੋਂ ਰੋਜ਼ਾਨਾ ਆਪਣੀ ਸਕਿਨ ਕੇਅਰ (ਚਮੜੀ ਦੀ ਦੇਖਭਾਲ) 'ਤੇ ਧਿਆਨ ਦੇਣਾ ਜ਼ਿਆਦਾ ਅਹਿਮ ਹੈ, ਜਿਸ ਨਾਲ ਘੱਟ ਤੋਂ ਘੱਟ ਪ੍ਰੋਡਕਟਸ ਦੀ ਵਰਤੋਂ ਕਰਕੇ ਵੀ ਬਹੁਤ ਸੋਹਣੀ ਦਿੱਖ ਹਾਸਲ ਕੀਤੀ ਜਾ ਸਕਦੀ ਹੈ।"
ਐਸ ਬੀ ਐਸ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਰੂਪ ਨੇ ਸੋਸ਼ਲ ਮੀਡੀਆ ਦੇ ਬਿਊਟੀ ਟਰੈਂਡਾਂ, ਮੇਕਅੱਪ ਦੀਆਂ ਆਮ ਗਲਤੀਆਂ ਅਤੇ ਆਪਣੀ ਵੱਖਰੀ ਪਛਾਣ ਬਣਾਉਣ ਬਾਰੇ ਗੱਲ ਕੀਤੀ ਹੈ।
ਦਿਲਚਸਪ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





