Key Points
- ਪ੍ਰੈੱਸ ਦੀ ਆਜ਼ਾਦੀ ਦੀ ਰੈਂਕਿੰਗ ਸੂਚਕ ਅੰਕ ਵਿੱਚ ਭਾਰਤ 180 ਦੇਸ਼ਾਂ ਵਿੱਚੋਂ 159ਵੇਂ ਸਥਾਨ 'ਤੇ ਹੈ
- ਭਾਰਤ ਪ੍ਰੈਸ ਦੀ ਆਜ਼ਾਦੀ ਦੇ ਸੂਚਕ ਅੰਕ ਵਿੱਚ ਪਾਕਿਸਤਾਨ, ਨੇਪਾਲ ਸਮੇਤ ਗੁਆਂਢੀ ਦੇਸ਼ਾਂ ਤੋਂ ਪਿੱਛੇ ਹੈ
- ਆਸਟ੍ਰੇਲੀਆ ਦੀ ਸਰਕਾਰ ਨੇ ਸਾਲ 2020 ਦੌਰਾਨ ਦੇਸ਼ ਅੰਦਰ ਗੁਪਤ ਨਿਗਰਾਨੀ ਕੀਤੇ ਜਾਣ ਦੇ ਦੋਸ਼ ਵਿੱਚ ਦੋ ਭਾਰਤੀ ਸ਼ੱਕੀ ਜਾਸੂਸਾਂ ਨੂੰ ਕੱਢ ਦਿੱਤਾ ਸੀ।
ਜਦੋਂ ਐਸਬੀਐਸ ਦੇ ਪੱਤਰਕਾਰ ਵਲੋਂ ਆਸਟ੍ਰੇਲੀਆ ਦੁਆਰਾ ਭਾਰਤੀ ਜਸੂਸਾਂ ਦਾ ਪਰਦਾਫਾਸ਼ ਕਰਦੇ ਹੋਏ ਉਹਨਾਂ ਨੂੰ ਦੇਸ਼ ਵਿੱਚੋਂ ਕੱਢੇ ਜਾਣ ਵਾਲੇ ਸਵਾਲਾਂ ਵਾਲੀ ਸੂਚੀ ਬੀਜੇਪੀ ਨੂੰ ਭੇਜੀ ਗਈ, ਤਾਂ ਉਸ ਦੀ ਪਹਿਲਾਂ ਤੈਅ ਕੀਤੀ ਹੋਈ ਇੰਟਰਵਿਊ ਰੱਦ ਹੋ ਗਈ।
ਐਸਬੀਐਸ ਪੱਤਰਕਾਰ ਐਰੋਨ ਫਰਨਾਂਡੇਜ਼ ਨੇ ਕਿਹਾ ਕਿ ਇਹ ਘਟਨਾ ਭਾਰਤ ਦੇ ਮੌਜੂਦਾ ਮਾਹੌਲ ਦਾ ਸੰਕੇਤ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪੱਤਰਕਾਰਾਂ ਦੀ ਇੱਕ ਵੱਡੀ ਬਹੁਗਿਣਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ ਪੰਜ-ਛੇ ਸਾਲਾਂ ਵਿੱਚ ਉਨ੍ਹਾਂ ਦੀ ਜ਼ਿੰਦਗੀ ਉਲਟ ਗਈ ਹੈ।
ਭਾਰਤੀ ਪੱਤਰਕਾਰਾਂ ਨੇ ਐਸਬੀਐਸ ਪੱਤਰਕਾਰ ਨੂੰ ਦੱਸਿਆ ਕਿ ਗੰਭੀਰ ਸਵਾਲ ਪੁੱਛਣ ਦੀ ਕਰਨ ਵਾਲਿਆਂ ਨੂੰ ਸਰਕਾਰ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਜਾਂਦਾ ਹੈ।
ਗੌਰਤਲਬ ਹੈ ਕਿ 2020 ਵਿੱਚ, ਆਸਟ੍ਰੇਲੀਆ ਦੀ ਸਰਕਾਰ ਨੇ ਸਿੱਖ ਭਾਈਚਾਰੇ ਦੀ ਗੁਪਤ ਨਿਗਰਾਨੀ ਕੀਤੇ ਜਾਣ ਦਾ ਪਰਦਾਫਾਸ਼ ਕਰਦੇ ਹੋਏ ਦੋ ਭਾਰਤੀ ਸ਼ੱਕੀ ਜਾਸੁੂਸਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਐਸ ਬੀ ਐਸ ਪੱਤਰਕਾਰ ਇਸ ਮੁੱਦੇ 'ਤੇ ਭਾਜਪਾ ਕੋਲੋਂ ਸਵਾਲ ਪੁੱਛਣਾ ਚਾਹੁੰਦਾ ਸੀ।
ਦਿਲਚਸਪ ਗੱਲ ਇਹ ਹੈ ਕਿ ਪ੍ਰੈਸ ਦੀ ਸੁਤੰਤਰਤਾ ਸੂਚਕਾਂਕ ਵਿੱਚ ਭਾਰਤ 180 ਦੇਸ਼ਾਂ ਵਿੱਚੋਂ 159 ਵੇਂ ਸਥਾਨ 'ਤੇ ਹੈ।
2024 ਵਿੱਚ ਜਾਰੀ ਪ੍ਰੈਸ ਦੀ ਆਜ਼ਾਦੀ ਦੀ ਤਾਜ਼ਾ ਰੈਂਕਿੰਗ ਤੋਂ ਪਤਾ ਚੱਲਦਾ ਹੈ ਕਿ ਨਾ ਸਿਰਫ਼ ਭਾਰਤ ਆਸਟ੍ਰੇਲੀਆ ਤੋਂ ਹੀ ਪਿੱਛੇ ਹੈ, ਬਲਕਿ ਪਾਕਿਸਤਾਨ, ਸ੍ਰੀਲੰਕਾ ਅਤੇ ਨੇਪਾਲ ਵਰਗੇ ਗੁਆਂਢੀ ਦੇਸ਼ਾਂ ਤੋਂ ਵੀ ਪਿੱਛੇ ਹੈ।
ਪ੍ਰੈਸ ਦੀ ਆਜ਼ਾਦੀ ਦਾ ਭਾਰਤ ਦੇ ਸੰਵਿਧਾਨ ਵਿੱਚ ਸਿੱਧੇ ਤੌਰ 'ਤੇ ਜ਼ਿਕਰ ਤਾਂ ਨਹੀਂ ਕੀਤਾ ਗਿਆ ਹੈ, ਪਰ ਇਹ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੁਆਰਾ ਸੁਰੱਖਿਅਤ ਹੈ।






