ਵਿਕਟੋਰੀਆ ਪਾਰਕ ਇਲਾਕੇ ਦੇ ਵਸਨੀਕ ਸਾਗਰਪ੍ਰੀਤ ਸਿੰਘ ਦੀ ਐਤਵਾਰ 2 ਮਈ ਨੂੰ ਪਰਥ ਤੋਂ 800 ਕਿਲੋਮੀਟਰ ਦੂਰ ਮੀਕਾਥਾਰਾ ਇਲਾਕੇ ਨੇੜੇ ਹੋਏ ਇੱਕ ਦਰਦਨਾਕ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਉਸਦੇ ਪਰਮ ਮਿੱਤਰ ਤੇ ਉਸ ਨਾਲ ਇੱਕੋ ਘਰ ਵਿੱਚ ਰਹਿਣ ਵਾਲੇ ਜਗਵੀਰ ਸਿੰਘ ਬੋਪਾਰਾਏ ਨੇ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਉਸਨੂੰ ਇੱਕ "ਨੇਕਦਿਲ, ਮਿਹਨਤੀ ਤੇ ਹਰ ਕਿਸੇ ਦੇ ਔਖੇ ਵੇਲੇ 'ਚ ਕੰਮ ਆਉਣ ਵਾਲੇ" ਨੌਜਵਾਨ ਵਜੋਂ ਯਾਦ ਕੀਤਾ ਹੈ।
“ਮੁੱਢਲੀ ਜਾਣਕਾਰੀ ਮੁਤਾਬਕ ਉਸਦਾ ਬੀ ਡਬਲ ਟਰੱਕ ਸੜਕ ਤੋਂ ਖਿਸਕਦਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੱਕ ਚ ਲੱਗੀ ਭਿਆਨਕ ਅੱਗ ਪਿੱਛੋਂ ਰਾਜੇ ਦੀ ਦੁਖਦਾਈ ਮੌਤ ਦੀ ਖ਼ਬਰ ਸਾਨੂੰ ਦਿੱਤੀ ਗਈ ਹੈ," ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ।
ਸ੍ਰੀ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕ ਇੱਕ 'ਮਾਈਨਿੰਗ ਕੰਟਰੈਕਟਰ' ਸੀ ਅਤੇ ਪਿਛਲੇ ਛੇ ਮਹੀਨੇ ਤੋਂ ਜੀ ਡਬਲਿਊ ਆਰ ਕੰਪਨੀ ਨਾਲ ਟਰੱਕ ਚਲਾ ਰਿਹਾ ਸੀ।
ਦੁਰਘਟਨਾ ਗੋਲਡਫ਼ੀਲਡ ਹਾਈਵੇਜ਼ ਦੇ ਬਿਨਾਂ ਲੁਕ ਵਾਲੇ ਖਰਾਬ ਸਮਝੇ ਜਾਂਦੇ 'ਅਨਸੀਲਡ' ਹਿੱਸੇ ਉੱਤੇ ਓਦੋਂ ਹੋਈ ਦੱਸੀ ਜਾਂਦੀ ਹੈ ਜਦੋ ਉਸਦੀ 'ਰੋਡ ਟ੍ਰੇਨ' ਜਿਸ ਵਿੱਚ 'ਆਇਰਨ ਓਰ' ਲੱਦੀ ਹੋਈ ਸੀ, ਜਰਾਲਡਨ ਵੱਲ ਜਾ ਰਹੀ ਸੀ।

ਪੱਛਮੀ ਆਸਟ੍ਰੇਲੀਆ ਪੁਲਿਸ ਇਸ ਦੁਰਘਟਨਾ ਪਿਛਲੇ ਕਾਰਨਾਂ ਦੀ ਤਫਤੀਸ਼ ਕਰ ਰਹੀ ਹੈ।
ਦੁਰਘਟਨਾ ਦੀ ਜਾਂਚ ਮੇਜਰ ਕ੍ਰੈਸ਼ ਇਨਵੈਸਟੀਗੇਸ਼ਨ ਯੂਨਿਟ ਨੂੰ ਸੌਂਪੀ ਗਈ ਹੈ।
ਪੁਲਿਸ ਵੱਲੋਂ ਇਸ ਸਬੰਧੀ ਜਾਣਕਾਰੀ ਅਤੇ ਵੀਡੀਓ ਫੁਟੇਜ ਸਾਂਝੀ ਕਰਨ ਲਈ ਅਪੀਲ ਵੀ ਕੀਤੀ ਗਈ ਹੈ।
ਮ੍ਰਿਤਕ ਦਾ ਸਬੰਧ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕੱਕਾ ਕੰਡਿਆਲਾ ਪਿੰਡ ਨਾਲ ਸੀ ਤੇ ਉਹ 18-ਸਾਲ ਦੀ ਉਮਰੇ ਵਿਦਿਆਰਥੀ ਵੀਜ਼ੇ ਉਤੇ ਆਸਟ੍ਰੇਲੀਆ ਆਇਆ ਸੀ।
ਉਸ ਦੇ ਮਿੱਤਰ ਬੋਪਾਰਾਏ ਨੇ ਦੱਸਿਆ ਕਿ 2014 ਵਿੱਚ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਆਉਣ ਵੇਲੇ ਉਸਦੇ ਪਰਿਵਾਰ ਨੂੰ ਕਾਫੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਹ ਟਰੱਕਿੰਗ ਦੇ ਕੰਮਕਾਰ ਨਾਲ ਆਪਣੇ ਪੰਜਾਬ ਰਹਿੰਦੇ ਪਰਿਵਾਰ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ।
ਪੀੜਤ ਪਰਿਵਾਰ ਦੀ ਮਦਦ ਲਈ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ।
ਆਰਟੀਕਲ ਲਿਖੇ ਜਾਣ ਤੱਕ ਸ਼ੁੱਕਰਵਾਰ 7 ਮਈ ਤੱਕ ਇਸ ਵਿੱਚ ਲੋਕਾਂ ਵੱਲੋਂ 70,000 ਡਾਲਰ ਦਾ ਸਹਿਯੋਗ ਦਿੱਤਾ ਜਾ ਚੁੱਕਿਆ ਹੈ।

ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਮ੍ਰਿਤਕ ਦੇ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ।
ਬਹੁਤੇ ਸੁਨੇਹਿਆਂ ਵਿੱਚ “ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ” ਲਿਖਿਆ ਗਿਆ ਹੈ।

ਉਸ ਦੇ ਜਾਨਣ ਵਾਲਿਆਂ ਵੱਲੋਂ ਉਸ ਨੂੰ ਇੱਕ “ਨੇਕ-ਦਿਲ, ਸਾਊ ਅਤੇ ਮਿਲਾਪੜੇ” ਸੁਭਾਅ ਵਾਲੇ ਨੌਜਵਾਨ ਵਜੋਂ ਯਾਦ ਕੀਤਾ ਜਾ ਰਿਹਾ ਹੈ।
ਮ੍ਰਿਤਕ ਦੇ ਮਿੱਤਰ ਤੇ ਉਸ ਨਾਲ਼ ਪਰਥ ਸਥਿੱਤ ਇੱਕੋ ਘਰ ਰਹਿਣ ਵਾਲੇ ਜਗਵੀਰ ਸਿੰਘ ਬੋਪਾਰਾਏ ਨਾਲ਼ ਇੰਟਰਵਿਊ ਸੁਨਣ ਲਈ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।






