ਬੇਸ਼ਕ ਨਿਊ ਸਾਊਥ ਵੇਲਜ਼ ਵਿੱਚ ਵਿਕਟੋਰੀਆ ਵਾਂਗ ਜਨਤਕ ਥਾਵਾਂ ਉੱਤੇ ਫੇਸ ਮਾਸਕ ਪਾਉਣੇ ਲਾਜ਼ਮੀ ਨਹੀਂ ਕੀਤੇ ਗਏ ਹਨ, ਪਰ ਫੇਰ ਵੀ ਰਾਜ ਦੀ ਪ੍ਰੀਮੀਅਰ ਗਲੈਡੀਜ਼ ਬੇਰੇਜਕਲਿਅਨ ਨੇ ਇਹਨਾਂ ਦੀ ਵਰਤੋਂ ਕਰਨ ਦੀ ਸਖਤ ਸਿਫਾਰਸ਼ ਕੀਤੀ ਸੀ।
ਪ੍ਰੀਮੀਅਰ ਬੇਰੇਜਕਲਿਅਨ ਨੇ ਪਬਲਿਕ ਟਰਾਂਸਪੋਰਟ, ਸ਼ਾਪਿੰਗ ਮਾਲ, ਖਰੀਦਦਾਰੀ ਦੀਆਂ ਹੋਰਨਾਂ ਥਾਵਾਂ, ਦੇ ਨਾਲ-ਨਾਲ ਧਾਰਮਿਕ ਥਾਵਾਂ ਉੱਤੇ ਵੀ ਫੇਸ ਮਾਸਕ ਪਾਉਣ ਦੀ ਸਿਫਾਰਸ਼ ਕੀਤੀ ਸੀ, ਤਾਂ ਕਿ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਪ੍ਰਮੁੱਖ ਨੁਕਤੇ:
- ਨਿਊ ਸਾਊਥ ਵੇਲਜ਼ ਦੇ ਪਬਲਿਕ ਟਰਾਂਸਪੋਰਟ ਵਿੱਚ ਫੇਸ ਮਾਸਕ ਪਾਉਣ ਦੀ ਸਖਤ ਸਿਫਾਰਸ਼ ਕੀਤੀ ਹੋਈ ਹੈ ਪਰ ਇਹਨਾਂ ਨੂੰ ਲਾਜ਼ਮੀ ਨਹੀਂ ਐਲਾਨਿਆ ਹੋਇਆ।
- ਬੱਸ ਡਰਾਇਵਰਾਂ ਵਲੋਂ 48 ਘੰਟਿਆਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ।
- ਬੱਸ ਡਰਾਇਵਰਾਂ ਨੇ ਕਿਹਾ ਹੈ ਕਿ ਉਹ ਫੇਸ ਮਾਸਕ ਨਾ ਪਾਉਣ ਵਾਲੇ ਯਾਤਰੀਆਂ ਨੂੰ ਬੱਸ ਵਿੱਚੋਂ ਨਹੀਂ ਉਤਾਰ ਸਕਦੇ।

Mehnga Singh Khakh with fellow bus drivers in Sydney Source: Supplied
ਪਰ ਵੀਰਵਾਰ ਦੇਰ ਸ਼ਾਮ ਨੂੰ ਯੂਨਿਅਨ ਨੇ ਇਹ ਹੜਤਾਲ ਨਾ ਕਰਨ ਦਾ ਫੈਸਲਾ ਲੈ ਲਿਆ ਹੈ ਪਰ ਨਾਲ ਹੀ ਸੋਮਵਾਰ ਨੂੰ ਦੋ ਘੰਟੇ ਕੰਮ ਨਾ ਕਰਨ ਦਾ ਫੈਸਲਾ ਲਿਆ ਹੈ।
ਸਿਡਨੀ ਦੇ ਬੱਸ ਡਰਾਇਵਰ ਮਹਿੰਗਾ ਸਿੰਘ ਖੱਖ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਉਹਨਾਂ ਦੀ ਕੰਪਨੀ ਵਲੋਂ ਡਰਾਇਵਰਾਂ ਨੂੰ ਮਾਸਕ ਦਿੱਤੇ ਤਾਂ ਜਾ ਰਹੇ ਹਨ ਪਰ ਉਹਨਾਂ ਨੂੰ ਪਹਿਨਣਾ ਡਰਾਇਵਰ ਦੀ ਮਰਜ਼ੀ ਹੀ ਹੁੰਦੀ ਹੈ।
‘ਪਰ ਬਹੁਤ ਸਾਰੇ ਡਰਾਇਵਰ ਬੱਸ ਚਲਾਉਣ ਸਮੇਂ ਫੇਸ ਮਾਸਕ ਪਾਉਂਦੇ ਹੀ ਹਨ’, ਸ਼੍ਰੀ ਖੱਖ ਨੇ ਕਿਹਾ।
ਇਸੀ ਤਰਾਂ ਜਿਹੜੇ ਯਾਤਰੀ ਬੱਸ ਵਿੱਚ ਸਵਾਰ ਹੁੰਦੇ ਹਨ ਉਹ ਵੀ ਆਪਣੀ ਮਰਜ਼ੀ ਨਾਲ ਹੀ ਫੇਸ ਮਾਸਕ ਪਾਉਣ ਦਾ ਫੈਸਲਾ ਲੈ ਸਕਦੇ ਹਨ।
‘ਅੱਜ ਕੱਲ ਵੈਸੇ ਵੀ ਬਹੁਤ ਥੋੜੇ ਲੋਕਾਂ ਵਲੋਂ ਬੱਸ ਦੀ ਸਵਾਰੀ ਕੀਤੀ ਜਾ ਰਹੀ ਹੈ। ਔਸਤਨ ਇੱਕ ਬੱਸ ਵਿੱਚ ਸਿਰਫ 10 ਸਵਾਰੀਆਂ ਹੀ ਹੁੰਦੀਆਂ ਹਨ’।
ਸ਼੍ਰੀ ਖੱਖ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਕੰਪਨੀ ਬੱਸਾਂ ਦੀ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖ ਰਹੀ ਹੈ। ਲੋੜ ਅਨੁਸਾਰ ਸੈਨੇਟਾਈਜ਼ਰ ਵੀ ਦਿੱਤੇ ਜਾਂਦੇ ਹਨ।

Source: SBS Punjabi
‘ਬੱਸ ਕੰਪਨੀ ਵਲੋਂ ਸਮਾਜਕ ਦੂਰੀਆਂ ਦੀ ਪਾਲਣਾ ਕੀਤੇ ਜਾਣ ਲਈ ਸੀਟਾਂ ਉੱਤੇ ਨਿਸ਼ਾਨ ਲਗਾਏ ਹੋਏ ਹਨ’।
ਐਸ ਬੀ ਐਸ ਪੰਜਾਬੀ ਪਰੋਗਰਾਮ ਦੌਰਾਨ ਭਾਈਚਾਰੇ ਵਿੱਚੋਂ ਬਹੁਤ ਸਾਰੇ ਸਰੋਤਿਆਂ ਨੇ ਵੀ ਸ਼੍ਰੀ ਖੱਖ ਦੇ ਵਿਚਾਰਾਂ ਨਾਲ ਸਹਿਮਤੀ ਦਰਸਾਈ ਹੈ।