38-ਸਾਲਾ ਪੁਲਿਸ ਅਧਿਕਾਰੀ ਜਸਬੀਰ ਸਿੰਘ ਦੀ ਧੀ ਐਬੋਨੀ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਜੀ ਗੰਭੀਰ ਮਾਨਸਿਕ ਤਣਾਅ ਚੋਂ ਗੁਜ਼ਰ ਰਹੇ ਹਨ ਜਿਸ ਪਿਛਲਾ ਕਾਰਨ ਉਨ੍ਹਾਂ ਦੀ ਪਿਛਲੇ 6 ਸਾਲ ਦੀ ਪੁਲਸ ਮਹਿਕਮੇ ਦੀ ਨੌਕਰੀ ਹੈ।
ਐਬੋਨੀ ਸਿੰਘ ਦੇ ਦੱਸਣ ਮੁਤਾਬਕ ਨਸਲਵਾਦ ਤੇ ਜ਼ਿਆਦਤੀ ਦੀਆਂ ਕਥਿਤ ਘਟਨਾਵਾਂ ਇੱਕਾ-ਦੁੱਕਾ ਨਹੀਂ ਸੀ ਬਲਕੇ ਚਾਰ-ਪੰਜ ਸਾਲ ਲਗਾਤਾਰ ਹੁੰਦੀਆਂ ਰਹੀਆਂ ਹਨ।
ਉਨ੍ਹਾਂ ਨੂੰ ਕਥਿਤ ਤੌਰ 'ਤੇ ਰੈਟ, ਅਤਿਵਾਦੀ, ਮੁਹੰਮਦ ਵਰਗੇ ਸ਼ਬਦ ਵਰਤ ਕੇ ਦੁਖੀ ਕੀਤਾ ਜਾਂਦਾ ਸੀ ਤੇ ਇੱਕ ਵਾਰ ਹਾਲਾਤ ਇੰਨੇ ਵਿਗੜ ਗਏ ਸੀ ਕਿ ਨਾਲ ਦੇ ਪੁਲੀਸ ਕਰਮਚਾਰੀਆਂ ਨੇ ਇਹ ਆਖਿਆ ਕਿ ਉਹ ਜਬਰੀ ਉਨ੍ਹਾਂ ਦੀ ਦਾੜ੍ਹੀ ਕੱਟ ਦੇਣਗੇ।
ਇਸ ਦੌਰਾਨ ਐਬੋਨੀ ਸਿੰਘ ਨੇ ਆਪਣੇ ਪਿਤਾ ਦੀ ਬਿਮਾਰੀ ਤੇ ਮਾਨਸਿਕ ਤਣਾਅ ਦੀਆਂ ਰਿਪੋਰਟਾਂ ਤੇ ਉਨ੍ਹਾਂ ਦੇ ਬਿਆਨਾਂ ਵਾਲ਼ੇ ਕਾਫੀ ਦਸਤਾਵੇਜ਼ ਵੀ ਸਾਡੇ ਨਾਲ ਸਾਂਝੇ ਕੀਤੇ ਹਨ ਜਿੰਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜਸਬੀਰ ਸਿੰਘ ਇਸ ਵੇਲ਼ੇ ਪੋਸਟ ਟਰੌਮੈਟਿਕ ਸਟਰੈੱਸ ਡਿਸਆਰਡਰ (ਪੀਟੀਐਸਡੀ) ਤੇ ਗੰਭੀਰ ਮਾਨਸਿਕ ਤਣਾਅ ਤੋਂ ਪੀੜ੍ਹਤ ਹਨ।
2013 ਤੋਂ 2019 ਵਿਚਾਲੇ ਆਪਣੀ ਪੁਲਸ ਦੀ ਨੌਕਰੀ ਦੌਰਾਨ ਹੋਈਆਂ ਕੁਝ ਖਾਸ ਘਟਨਾਵਾਂ ਦਾ ਜ਼ਿਕਰ ਉਨ੍ਹਾਂ ਆਪਣੀ ਮੈਂਟਲ ਹੈਲਥ ਰਿਪੋਰਟ ਵਿੱਚ ਵੀ ਕੀਤਾ ਹੈ।

ਦੱਸਣਯੋਗ ਹੈ ਕਿ ਜਸਬੀਰ ਸਿੰਘ 2005 ਵਿੱਚ ਭਾਰਤ ਤੋਂ ਆਸਟ੍ਰੇਲੀਆ ਆਏ ਸਨ ਤੇ ਉਨ੍ਹਾਂ 2009 ਵਿੱਚ ਸਿਡਨੀ 'ਚ ਪੁਲਿਸ ਦੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਨੇ 2016-17 ਦਰਮਿਆਨ ਪੁਲਸ ਨੂੰ ਆਪਣੀ ਯੂਨੀਫਾਰਮ ਪਾਲਿਸੀ ਬਦਲਣ ਲਈ ਅਪੀਲ ਵੀ ਕੀਤੀ ਸੀ ਕਿਉਂਕਿ ਮੌਕੇ ਦੇ ਸਥਾਨਕ ਪੁਲੀਸ ਅਧਿਕਾਰੀ ਉਨ੍ਹਾਂ ਨੂੰ ਦਾਹੜ੍ਹੀ ਕੱਟ ਕੇ ਜਾਂ ਟਰਿਮ ਕਰਕੇ ਰੱਖਣ ਦੀ ਸਲਾਹ ਦਿੰਦੇ ਸੀ ਜਾਂ ਇਸ ਗੱਲ ਲਈ ਜ਼ੋਰ ਪਾਉਂਦੇ ਸੀ।
ਐਬੋਨੀ ਸਿੰਘ ਦੇ ਦੱਸਣ ਮੁਤਾਬਿਕ ਉਸ ਦੇ ਪਿਤਾ ਜੀ ਨਿਊ ਸਾਊਥ ਵੇਲਜ਼ ਸੂਬੇ ਦੇ ਪਹਿਲੇ ਅੰਮ੍ਰਿਤਧਾਰੀ ਪੁਲਿਸ ਅਫਸਰ ਹਨ।
ਐਸ ਬੀ ਐਸ ਪੰਜਾਬੀ ਨੂੰ ਇਸ ਸਿਲਸਿਲੇ 'ਚ ਸਥਾਨਕ ਗੁਰਦੁਆਰਾ ਸਾਹਿਬ ਵੱਲੋਂ ਪੁਲਸ ਸਟੇਸ਼ਨ ਇੰਚਾਰਜ ਤੇ ਨਾਂ ਲਿਖਿਆ ਇੱਕ ਪੱਤਰ ਵੀ ਪ੍ਰਾਪਤ ਹੋਇਆ ਜਿਸ ਵਿਚ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਜਸਬੀਰ ਸਿੰਘ ਦੇ ਕੇਸ ਵਿੱਚ ਨਰਮੀ ਵਰਤਣ ਲਈ ਅਪੀਲ ਕੀਤੀ ਸੀ।
ਗੁਰਦੁਆਰੇ ਵੱਲੋਂ ਜਾਰੀ ਪੱਤਰ 'ਚ ਆਖਿਆ ਗਿਆ ਸੀ ਕਿ ਦੂਜੇ ਰਾਜਾਂ ਦੀ ਪੁਲਿਸ ਵੱਲੋਂ ਖੁੱਲ੍ਹੀ ਦਾੜੀ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ ਤੇ ਨਾ ਹੀ ਇਸ ਸਿਲਸਿਲੇ 'ਚ ਕੋਈ ਆਕੂਪੇਸ਼ਨਲ ਹੈਲਥ ਸੇਫਟੀ ਇਸ਼ੂ ਹੈ।
ਇਸ ਪੱਤਰ ਵਿੱਚ ਪਹਿਲੇ ਤੇ ਦੂਜੇ ਦੂਜੇ ਵਿਸ਼ਵ ਯੁੱਧ ਵਿੱਚ ਸਿੱਖ ਭਾਈਚਾਰੇ ਦੇ ਫ਼ੌਜੀਆਂ ਦੁਆਰਾ ਬ੍ਰਿਟਿਸ਼ ਡੋਮਿਨੀਕਨ ਤੇ ਕੌਮਨਵੈਲਥ ਫੌਜਾਂ ਲਈ ਹਜ਼ਾਰਾਂ-ਲੱਖਾਂ ਦੀ ਗਿਣਤੀ 'ਚ ਦਿੱਤੀਆਂ ਕੁਰਬਾਨੀਆਂ ਦਾ ਜ਼ਿਕਰ ਵੀ ਕੀਤਾ ਗਿਆ।

13 ਜੂਨ, 2016 ਨੂੰ ਜਾਰੀ ਕੀਤੇ ਗਏ ਇਸ ਪੱਤਰ ਵਿਚ ਗੁਰਦੁਆਰਾ ਸਾਹਿਬ ਦੇ ਸੈਕਟਰੀ ਵੱਲੋਂ ਸਥਾਨਕ ਪੁਲਸ ਸਟੇਸ਼ਨ ਨੂੰ ਜਸਬੀਰ ਸਿੰਘ ਨੂੰ ਆਪਣੀ ਸਾਬਤ-ਸੂਰਤ ਸਿੱਖ ਦਿੱਖ ਦੇ ਚਲਦਿਆਂ ਹੀ ਨੌਕਰੀ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ ਸੀ।
ਇਸ ਮਾਮਲੇ ਸਬੰਧੀ ਸਪੱਸ਼ਟਤਾ ਹਾਸਿਲ ਕਰਨ ਲਈ ਐਸ ਬੀ ਐਸ ਪੰਜਾਬੀ ਵੱਲੋਂ ਨਿਊ ਸਾਊਥ ਵੇਲਜ਼ ਪੁਲਸ ਨੂੰ ਸੰਪਰਕ ਕੀਤਾ ਗਿਆ ਜਿਨ੍ਹਾਂ ਇਸ ਬਾਰੇ ਬਿਆਨ ਦਿੰਦਿਆਂ ਆਖਿਆ ਕਿ ਉਨ੍ਹਾਂ ਦੇ ਅਦਾਰੇ ਵਿੱਚ ਕਿਸੇ ਕਿਸਮ ਦੇ ਭੇਦਭਾਵ ਜਾਂ ਜ਼ਿਆਦਤੀ ਵਾਲ਼ੇ ਵਿਵਹਾਰ ਲਈ ਕੋਈ ਥਾਂ ਨਹੀਂ ਹੈ।
ਪੁਲਿਸ ਵੱਲੋਂ 'ਜ਼ੀਰੋ ਟੌਲਰੈਂਸ' ਨੀਤੀ ਤਹਿਤ 'ਰਸਪੈਕਟ ਫੁੱਲ ਵਰਕ ਪਲੇਸ ਬਿਹੇਵੀਅਰ ਫਰੇਮਵਰਕ ਐਂਡ ਮੈਨੇਜਮੈਂਟ' ਮਾਡਲ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪੁਲਸ ਮਹਿਕਮੇ ਦੇ ਕਰਮਚਾਰੀਆਂ ਨੂੰ ਕੰਮ ਲਈ ਸੁਰੱਖਿਅਤ ਮਾਹੌਲ ਦਿੱਤਾ ਜਾਂਦਾ ਅਤੇ ਸੈਕਸੂਅਲ ਹਰਾਸਮੈਂਟ ਤੇ ਮਾੜੇ ਵਿਵਹਾਰ ਨੂੰ ਕਿਸੇ ਵੀ ਢੰਗ ਨਾਲ ਬਰਦਾਸ਼ਤ ਨਹੀਂ ਕੀਤਾ ਜਾਂਦਾ ਹੈ।
ਅਸੀਂ ਨਿਊ ਸਾਊਥ ਵੇਲਜ਼ ਪੁਲਸ ਨੂੰ ਖਾਸਮਖਾਸ ਇਸ ਸਿੱਖ ਪੁਲਸ ਅਫਸਰ ਦੇ ਕੇਸ ਤੇ ਉਹਨਾਂ ਦੁਆਰਾ ਲਾਏ ਗਏ ਦੋਸ਼ਾਂ ਬਾਰੇ ਸਵਾਲ ਕੀਤੇ ਸੀ ਜਿਸ ਦਾ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਅਸੀਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਕਿਸੇ ਸਾਬਤ-ਸੂਰਤ ਸਿੱਖ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਹੈ ਜਾਂ ਨਹੀਂ ਜਾਂ ਕੀ ਕਿਸੇ ਪੰਜ ਕਕਾਰਾਂ ਦੇ ਧਾਰਨੀ ਅੰਮ੍ਰਿਤਧਾਰੀ ਗੁਰਸਿੱਖ ਦੀ ਦਿੱਖ ਉਨ੍ਹਾਂ ਦੀ ਯੂਨੀਫਾਰਮ ਪਾਲਿਸੀ ਤਹਿਤ ਪ੍ਰਵਾਨ ਹੈ ਜਾਂ ਨਹੀਂ, ਇਸ ਬਾਰੇ ਵੀ ਉਨ੍ਹਾਂ ਸਾਨੂੰ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।

ਜਸਬੀਰ ਸਿੰਘ ਦੀ ਬੇਟੀ ਐਬੋਨੀ ਸਿੰਘ ਨੇ ਲੋਕ-ਕਚਹਿਰੀ 'ਚ ਹਾਜ਼ਰ ਹੁੰਦਿਆਂ ਹੁਣ ਇਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ ਜਿਸ ਤਹਿਤ ਉਹ ਨਿਊ ਸਾਊਥ ਵੇਲਜ਼ ਪੁਲਸ ਦੀ 'ਯੂਨੀਫਾਰਮ ਪਾਲਿਸੀ' ਵੱਖਰੀ ਦਿੱਖ ਵਾਲੇ ਲੋਕਾਂ ਲਈ, ਖਾਸਕਰ ਸਿੱਖਾਂ ਲਈ ,ਅਨੁਕੂਲ ਬਣਾਉਣ ਲਈ ਕੋਸ਼ਿਸ਼ ਕਰ ਰਹੀ ਹੈ।
ਹੁਣ ਤੱਕ 2800 ਵੀ ਵੱਧ ਲੋਕ (2 ਦਿਸੰਬਰ ਤੱਕ) ਉਸਦੀ ਪਟੀਸ਼ਨ 'ਤੇ ਦਸਤਖਤ ਕਰ ਚੁੱਕੇ ਹਨ।
ਐਬੋਨੀ ਸਿੰਘ ਜੋ ਖੁਦ ਇੱਕ ਦਸਤਾਰਧਾਰੀ ਸਿੱਖ ਕੁੜੀ ਹੈ, ਨੇ ਆਪਣੇ ਪਿਤਾ ਨਾਲ਼ ਹੋਏ ਕਥਿਤ ਦੁਰਵਿਵਹਾਰ ਲਈ ਜਵਾਬਦੇਹੀ ਮੰਗੀ ਹੈ ਅਤੇ ਉਸਨੇ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰਜੇਕਲਿਨ ਨੂੰ ਇਸ ਸਿਲਸਿਲੇ 'ਚ ਦਖਲਅੰਦਾਜ਼ੀ ਕਰਨ ਤੇ ਨਿਰਪੱਖ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ।

ਲਾਅ ਇਨਫੋਰਸਮੈਂਟ ਐਂਡ ਕੰਡਕਟ ਕਮਿਸ਼ਨ ਵੀ ਇਸ ਸਿਲਸਿਲੇ 'ਚ ਤਫਤੀਸ਼ ਕਰ ਰਿਹਾ ਹੈ ਜਿੰਨਾ ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਸ ਸਬੰਧੀ ਵਿਸ਼ੇਸ਼ ਆਡੀਓ ਰਿਪੋਰਟ ਸੁਣਨ ਲਈ ਇੱਥੇ ਕ੍ਲਿਕ ਕਰੋ...
Click this link to read this story in English.
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ





