26 ਅਕਤੂਬਰ ਨੂੰ ਵੈਸਟਰਨ ਸਿਡਨੀ ਦੇ ਪੈਰਾਮਾਟਾ ਕੌਮਬੈਂਕ ਸਟੇਡੀਅਮ ‘ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕਾਂਸਰਟ ਵਿੱਚ 25 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ ਜਿਸ ਵਿੱਚ ਕਾਫੀ ਸਿੱਖ ਅਤੇ ਕੁਝ ਅੰਮ੍ਰਿਤਧਾਰੀ ਸਿੱਖ ਵੀ ਸ਼ਾਮਲ ਸਨ।
ਸਟੇਡੀਅਮ ਪ੍ਰਬੰਧਕਾਂ ਦੇ ਨਿਯਮਾਂ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਕੱਚ, ਹਥਿਆਰਾਂ, ਛੁਰਿਆਂ ਜਾਂ ਹੋਰ ਮਨਾ ਕੀਤੀਆਂ ਚੀਜ਼ਾਂ ਨਾਲ ਅੰਦਰ ਜਾਣ ਦੀ ਆਗਿਆ ਨਹੀਂ ਹੈ। ਇਸ ਨੀਤੀ ਤਹਿਤ ਸਕਿਉਰਿਟੀ ਨੇ ਅਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਸਮੇਤ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਪਰ ਇੱਕ ਕਲੋਕਿੰਗ ਸੇਵਾ ਪ੍ਰਦਾਨ ਕੀਤੀ।
Venues NSW ਦੇ ਬਿਆਨ ਅਨੁਸਾਰ, ਪੰਜ ਵਿਅਕਤੀਆਂ ਨੇ ਆਪਣੀ ਕਿਰਪਾਨ ਕਲੋਕਿੰਗ ਸੇਵਾ ‘ਚ ਰੱਖੀ ਜਦਕਿ ਇੱਕ ਵਿਅਕਤੀ ਨੇ ਆਪਣੀ ਕਿਰਪਾਨ ਉਤਾਰ ਕੇ ਰੱਖਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਕਿਹਾ, “ਅਸੀਂ ਸਮਝਦੇ ਹਾਂ ਕਿ ਕਿਰਪਾਨ ਸਿੱਖਾਂ ਲਈ ਇੱਕ ਮਹੱਤਵਪੂਰਨ ਧਾਰਮਿਕ ਚਿੰਨ੍ਹ ਹੈ, ਪਰ ਮੌਜੂਦਾ ਨਿਯਮਾਂ ਅਨੁਸਾਰ ਸਾਡੇ ਵੈਨਿਊਜ਼ ਅੰਦਰ ਕਿਰਪਾਨ ਲੈਕੇ ਜਾਣ ਦੀ ਆਗਿਆ ਨਹੀਂ ਹੈ। ਅਸੀਂ ਮੁਫ਼ਤ ਅਤੇ ਸੁਰੱਖਿਅਤ ਕਲੋਕਿੰਗ ਸੇਵਾ ਪ੍ਰਦਾਨ ਕਰਦੇ ਹਾਂ ਅਤੇ ਇਹ ਨੀਤੀ ਪਿਛਲੇ ਦਸ ਸਾਲਾਂ ਤੋਂ ਲਾਗੂ ਹੈ।”
ਸਿਡਨੀ ‘ਚ ਪਿਛਲੇ 22 ਸਾਲ ਤੋਂ ਰਹਿ ਰਹੇ ਪਰਮਵੀਰ ਸਿੰਘ ਬਿਮਵਾਲ ਨੇ ਆਪਣੀ ਕਿਰਪਾਨ ਉਤਾਰਣ ਤੋਂ ਇਨਕਾਰ ਕੀਤਾ ਅਤੇ ਸਟੇਡੀਅਮ ਅੰਦਰ ਜਾਣ ਦੀ ਬਜਾਏ ਵਾਪਸ ਚਲੇ ਗਏ। ਉਨ੍ਹਾਂ ਨੇ ਕਿਹਾ, "ਕਿਰਪਾਨ ਕੋਈ ਚਾਕੂ ਨਹੀਂ ਹੈ ਸਾਡਾ ਆਰਟੀਕਲ ਆਫ ਫੇਥ ਹੈ।”
“ਮੈਨੂੰ ਕਿਹਾ ਗਿਆ ਕਿ ਆਪਣੀ ਕਿਰਪਾਨ ਇੱਕ ਡੱਬੇ ਵਿੱਚ ਰੱਖੋ, ਪਰ ਮੈਨੂੰ ਇਹ ਠੀਕ ਨਹੀਂ ਲੱਗਿਆ ਅਤੇ ਕੁੱਝ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਅਤੇ ਮੇਰੀ ਪਤਨੀ ਨੇ ਕਾਂਸਰਟ ਵਿੱਚ ਸ਼ਾਮਲ ਨਾਂ ਹੋਣ ਦਾ ਫ਼ੈਸਲਾ ਕੀਤਾ।”
Venues NSW ਨੇ ਪੁਸ਼ਟੀ ਕੀਤੀ ਹੈ ਕਿ ਪਰਮਵੀਰ ਸਿੰਘ ਦੀ ਟਿਕਟ ਦਾ ਰਿਫੰਡ ਕੀਤਾ ਜਾਵੇਗਾ।
25 ਸਾਲਾ ਨਵਪ੍ਰੀਤ ਸਿੰਘ ਕਹਲੋਂ ਨੇ ਵੀ ਇਸ ਮਾਮਲੇ ‘ਤੇ ਆਪਣਾ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ, “2023 ਵਿੱਚ ਸਿਡਨੀ ਦੇ Qudos Bank Arena ਵਿੱਚ ਹੋਏ ਦਿਲਜੀਤ ਦੋਸਾਂਝ ਦੇ ਕਾਂਸਰਟ ਵਿੱਚ ਵੀ ਇਹੀ ਨੀਤੀ ਸੀ, ਪਰ ਉਸ ਵੇਲੇ ਇਹ ਜਾਣਕਾਰੀ ਸਪਸ਼ਟ ਨਹੀਂ ਸੀ। ਇਸ ਸਾਲ ਮੈਂ ਪਹਿਲਾਂ ਤੋਂ ਹੀ ਜਾਣਕਾਰੀ ਹੋਣ ਕਰਕੇ ਕਾਂਸਰਟ ‘ਚ ਨਾਂ ਜਾਣ ਦਾ ਫੈਸਲਾ ਕੀਤਾ। ਜੇਕਰ ਟਿਕਟ ਖਰੀਦਣ ਸਮੇਂ ਇਹ ਨੀਤੀ ਸਾਫ਼ ਦੱਸੀ ਜਾਂਦੀ, ਤਾਂ ਗੇਟਾਂ ‘ਤੇ ਹੋਈ ਇਸ ਕੰਫਲਿਕਟ ਤੋਂ ਬਚਿਆ ਜਾ ਸਕਦਾ ਸੀ।”
ਪੂਰਾ ਵੇਰਵਾ ਜਾਨਣ ਲਈ ਸੁਣੋ ਇਹ ਆਡੀਉ ਰਿਪੋਰਟ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।















