10 ਅਪ੍ਰੈਲ ਨੂੰ ਦੱਖਣੀ ਆਸਟ੍ਰੇਲੀਆ ਸਰਕਾਰ ਦੇ ਟਰਾਂਸਪੋਰਟ ਮੰਤਰੀ ਸਟੀਫਨ ਨੋਲ ਵੱਲੋਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚਲੇ ਤਕਰੀਬਨ 1000 ਟੈਕਸੀ ਆਪਰੇਟਰਜ਼ ਦੀ ਮਦਦ ਲਈ 52 ਲੱਖ ਡਾਲਰ ਦੀ ਸਹਾਇਤਾ ਮੁਹੱਈਆ ਕਰਵਾਏਗੀ ਤਾਂ ਜੋ ਉਹ ਕੋਵਿਡ-19 ਸੰਕਟ ਤੋਂ ਪੈਦਾ ਹੋਏ ਮਾੜੇ ਆਰਥਿਕ ਹਾਲਾਤਾਂ ਨਾਲ ਨਜਿੱਠ ਸਕਣ।
ਯੂਨਾਇਟਡ ਟੈਕਸੀ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਤ੍ਰਿਮਣ ਗਿੱਲ ਨੇ ਇਸ ਪੈਕੇਜ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਐੱਸ ਬੀ ਐੱਸ ਪੰਜਾਬੀ ਨਾਲ਼ ਗੱਲ ਕਰਦਿਆਂ ਜ਼ਾਹਿਰ ਕੀਤਾ ਕਿ ਟੈਕਸੀ ਸਨਅਤ ਵਿੱਚ ਆਮਦਨ ਦੇ ਲਿਹਾਜ ਨਾਲ਼ ਪਿਛਲੇ ਕੁਝ ਸਮੇਂ ਦੌਰਾਨ 60 ਤੋਂ 70 ਫ਼ੀਸਦ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਲਾਨੀ 4300 ਡਾਲਰ ਦੀ ਸਹਾਇਤਾ ਅਤੇ ਸਾਲਾਨਾ ਫ਼ੀਸ-ਮਾਫ਼ੀ, ਟੈਕਸੀ ਇੰਡਸਟਰੀ ਨੂੰ ਮੁੜ ਸਥਾਪਤੀ ਵਿੱਚ ਮਦਦ ਕਰਨ ਲਈ ਦਿੱਤੀ ਜਾ ਰਹੀ ਹੈ, ਜਿਸਨੂੰ ਕਿ ਉਹ ਸਰਕਾਰ ਦਾ ਇੱਕ ਵਧੀਆ ਕਦਮ ਮੰਨਦੇ ਹਨ।

Amrik Singh Thandi Source: Supplied
ਅਮਰੀਕ ਸਿੰਘ ਥਾਂਦੀ ਜੋ ਪਿਛਲੇ 36 ਸਾਲ ਤੋਂ ਟੈਕਸੀ ਸਨਅਤ ਵਿੱਚ ਹਨ, ਨੇ ਕਿਹਾ ਕਿ ਭਾਵੇਂ ਉਹ ਇਸ ਸਹਾਇਤਾ ਪੈਕੇਜ ਦਾ ਸਵਾਗਤ ਕਰਦੇ ਹਨ ਪਰ ਹੋ ਰਹੇ ਨੁਕਸਾਨ ਦੀ ਭਰਪਾਈ ਲਈ ਇਹ ਰਕਮ ਬਹੁਤ ਨਿਗੂਣੀ ਹੈ।
ਦੀਪਕ ਭਾਰਦਵਾਜ, ਐਡੀਲੇਡ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਨੁਮਾਇੰਦੇ ਤੇ ਸੋਸ਼ਲ ਵਰਕਰ ਹਨ।

Deepak Bhardwaj Source: Supplied
ਉਨ੍ਹਾਂ ਸਰਕਾਰ ਅਤੇ ਟੈਕਸੀ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੈਕੇਜ ਦਾ ਫਾਇਦਾ ਟੈਕਸੀ-ਚਾਲਕਾਂ ਤੱਕ ਵੀ ਪਹੁੰਚਦਾ ਕਰਨ ਜੋ ਕਿ ਇਸ ਵੇਲੇ ਸਭ ਤੋਂ ਵੱਧ ਨੁਕਸਾਨ ਹੰਢਾ ਰਹੇ ਹਨ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਟੈਕਸੀ-ਚਾਲਕ, ਅੰਤਰਰਾਸ਼ਟਰੀ ਵਿਦਿਆਰਥੀ ਜਾਂ ਹੋਰ ਆਰਜ਼ੀ ਵੀਜ਼ਿਆਂ ਉੱਤੇ ਹਨ ਤੇ ਉਨ੍ਹਾਂ ਨੂੰ ਜੌਬ ਕੀਪਰ ਤੇ ਜੌਬ ਸੀਕਰ ਸਰਕਾਰੀ ਭੱਤੇ ਵੀ ਨਹੀਂ ਮਿਲ ਸਕਦੇ, ਜਿਸਦੇ ਚਲਦਿਆਂ ਉਹ ਗੰਭੀਰ ਆਰਥਿਕ ਤੰਗੀ ਦੇ ਹਾਲਤ ਵਿੱਚੋ ਗੁਜ਼ਰ ਰਹੇ ਹਨ।
ਪੂਰੀ ਗੱਲਬਾਤ ਸੁਣਨ ਲਈ ਉਪਰ ਫੋਟੋ 'ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ