ਸਿਡਨੀ ਦੇ ਗਲੈੱਨਵੁੱਡ ਸ਼ਹਿਰ, ਜੋ ਕਿ ਪੰਜਾਬੀ ਭਾਈਚਾਰੇ ਦਾ ਗੜ੍ਹ ਮੰਨਿਆਂ ਜਾਂਦਾ ਹੈ, ਵਿੱਚ ਫਤਿਹ ਫਾਂਊਂਡੇਸ਼ਨ ਆਸਟ੍ਰੇਲੀਆ ਵਲੋਂ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ ਸੰਸਾਰਕ ਯੁੱਧਾਂ ਵਿੱਚ ਭਾਗ ਲੈਣ ਵਾਲੇ ਸਾਰੇ ਸੈਨਿਕਾਂ ਨੂੰ ਸਲਾਮੀ ਪੇਸ਼ ਕਰਦੇ ਹੋਏ ਇੱਕ ਸਮਾਰਕ ਸਥਾਪਤ ਕੀਤਾ ਗਿਆ ਹੈ।
26 ਮਾਰਚ 2023 ਵਾਲੇ ਦਿਨ ਸਵੇਰੇ 10 ਵਜੇ ਇੱਕ ਅਣਜਾਣ ਸਿੱਖ ਸਿਪਾਹੀ ਦੇ ਬੁੱਤ ਦਾ ਉਦਘਾਟਨ ਬਲੈਕਟਾਊਨ ਦੇ ਮੇਅਰ, ਟੋਨੀ ਬਲੀਸਡੇਅਲ ਵਲੋਂ ਕੀਤਾ ਗਿਆ।
ਆਸਟ੍ਰੇਲੀਆ ਦੀ ਹਵਾਈ ਫੌਜ ਵਿੱਚ ਤਾਇਨਾਤ ਜਗਰੂਪ ਕੌਰ ਮਾਂਗਟ ਨੇ ਨਿਊ ਸਾਊਥ ਵੇਲਜ਼ ਦੀ ਗਵਰਨਰ ਮਾਰਗ੍ਰੇਟ ਬੀਜ਼ਲੀ ਏਸੀ ਕੇਸੀ ਦਾ ਸੁਨੇਹਾ ਪੜਿਆ ਜਿਸ ਵਿੱਚ ਉਹਨਾਂ ਨੇ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਅਤੇ ਸ਼ਾਨਦਾਰ ਪ੍ਰਦਰਸ਼ਨਾਂ ਨੂੰ ਯਾਦ ਕੀਤਾ।

ਇਸ ਸਮਾਗਮ ਵਿੱਚ ਭਾਰਤੀ ਭਾਈਚਾਰੇ ਦੇ ਨਾਮਵਰ ਨੁਮਾਇੰਦਿਆਂ ਸਮੇਤ ਲੋਕਲ ਐਮ ਪੀਜ਼, ਕਾਂਊਂਸਲਰਾਂ, ਅਤੇ ਭੂਤਪੂਰਵ ਅਤੇ ਮੌਜੂਦਾ ਫੌਜੀਆਂ ਨੇ ਵੀ ਭਾਗ ਲਿਆ।
ਭਾਗ ਲੈਣ ਵਾਲਿਆਂ ਵਿੱਚ ਜੈਦੀਪ ਸਿੰਘ ਸੰਧੂ ਵੀ ਸ਼ਾਮਲ ਸਨ ਜਿਹਨਾਂ ਦੇ ਦਾਦਾ ਜੀ ਨੇ ਦੂਜੇ ਵਿਸ਼ਵ ਯੁੱਧ ਵਿੱਚ ਭਾਗ ਲੈਂਦੇ ਹੋਏ ਕਈ ਸਾਲ ਜਰਮਨੀ ਜੇਲਾਂ ਵਿੱਚ ਕੈਦ ਕੱਟੀ ਸੀ।

ਸ਼੍ਰੀ ਸੰਧੂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਇਸ ਸਮਾਰਕ ਦੀ ਸਥਾਪਤੀ ਨਾਲ ਮੇਰੇ ਦਾਦਾ ਜੀ ਵਰਗੇ ਅਨੇਕਾਂ ਸਿਪਾਹੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਹੈ”।
ਫਤਿਹ ਫਾਊਂਡੇਸ਼ਨ ਆਸਟ੍ਰੇਲੀਆ ਵਲੋਂ ਹਰਕੀਰਤ ਸਿੰਘ ਸੰਧਰ ਨੇ ਕਿਹਾ, “ਇਸ ਉਪਰਾਲੇ ਵਾਸਤੇ ਭਾਈਚਾਰੇ ਵਲੋਂ ਮਿਲੇ ਭਰਪੂਰ ਸਹਿਯੋਗ ਲਈ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ”।
“ਇਸਨੂੰ ਮੁਕੰਮਲ ਕੀਤੇ ਜਾਣ ਤੱਕ ਤਕਰੀਬਨ ਤਿੰਨ ਸਾਲ ਤੋਂ ਜਿਆਦਾ ਦਾ ਸਮਾਂ ਲਗਿਆ ਹੈ”।

ਨਾਮਵਰ ਗਾਇਕ ਦਵਿੰਦਰ ਸਿੰਘ ਧਾਰੀਆ ਨੇ ਇੱਕ ਧਾਰਮਿਕ ਗੀਤ ਗਾ ਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ।
ਬਲੈਕਟਾਊਨ ਦੀ ਲੋਕਲ ਪੰਜਾਬੀ ਕਾਂਊਂਸਲਰ ਕੁਸ਼ਪਿੰਦਰ ਕੌਰ ਨੇ ਵਧਾਈ ਦਿੰਦੇ ਹੋਏ ਕਿਹਾ, “ਇਹ ਸਮੁੱਚੇ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ”।
ਇਹ ਸਮਾਰਕ ਸਿਡਨੀ ਦੇ ਬਲੈਕਟਾਊਨ ਇਲਾਕੇ ਦੇ ਗਲੈੱਨਵੁੱਡ ਸ਼ਹਿਰ ਵਿੱਚ, ਗਲੈੱਨਵੁੱਡ ਲੇਕ, ਗਲੈੱਨਵੁੱਡ ਡਰਾਈਵ ਵਿਖੇ ਸਥਾਪਤ ਕੀਤਾ ਗਿਆ ਹੈ।






