ਸਤਿੰਦਰਪਾਲ ਸਿੰਘ ਨੇ ਸਾਲ 2019 ਦੇ ਸ਼ੁਰੂ ਵਿੱਚ ਪੈਨਰਥ ਨੇੜੇ ਜੌਰਡਨ ਸਪ੍ਰਿੰਗਜ਼ ਵਿੱਚ ਆਪਣੇ ਨਵੇਂ ਬਣੇ ਮਕਾਨ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ।
ਉਹਨਾਂ ਨੂੰ ਇਸ ਇਲਾਕੇ ਦੀਆਂ ਸਹੂਲਤਾਂ ਅਤੇ ਵਿਕਾਸ ਨੂੰ ਲੈਕੇ ਕਾਫੀ ਤਸੱਲੀ ਹੈ ਪਰ ਹਾਲ ਹੀ ਵਿੱਚ ਇਸ ਇਲਾਕੇ ਦੇ ਮੀਡਿਆ ਵਿੱਚ ਹੋਏ ‘ਪ੍ਰਚਾਰ ਅਤੇ ਕਵਰੇਜ’ ਨੂੰ ਲੈਕੇ ਉਹ ਕਾਫੀ ਚਿੰਤਿਤ ਅਤੇ ਖ਼ਫ਼ਾ ਹਨ।
ਸ੍ਰੀ ਸਿੰਘ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਸਥਿੱਤ ਕੁਝ ਘਰਾਂ ਦੀ ਜ਼ਮੀਨ ਦਾ ਧਸਣਾ ਅਤੇ ਆਈਆਂ ਤ੍ਰੇੜਾਂ ਮੀਡਿਆ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹਨ।
ਸ੍ਰੀ ਸਿੰਘ ਨੇ ਕਿਹਾ ਕਿ ਹਾਲਾਂਕਿ ਉਹਨਾਂ ਦੀ ਰਿਹਾਇਸ਼ ਇਸ ਸਮੱਸਿਆ ਨਾਲ ਪ੍ਰਭਾਵਤ ਨਹੀਂ ਹੋਈ ਹੈ, ਪਰ ਉਹ ਚਿੰਤਤ ਹਨ ਕਿ ਇਹਨਾਂ ਖਬਰਾਂ ਨਾਲ਼ ਇਸ ਖੇਤਰ ਵਿੱਚ ਜਾਇਦਾਦ ਦੀਆਂ ਸਮੁੱਚੀਆਂ ਕੀਮਤਾਂ ਅਤੇ ਬੀਮਾ ਖਰਚਿਆਂ ’ਤੇ ਮਾੜਾ ਅਸਰ ਪਵੇਗਾ।

ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ, “ਚੰਗਾ ਹੁੰਦਾ ਕਿ ਲੋਕਾਂ ਨੂੰ ਦੱਸਿਆ ਜਾਂਦਾ ਕਿ ਇਹ ਸਮੱਸਿਆ ਸਾਡੇ ਇਲਾਕੇ ਦੇ ਇੱਕ ਛੋਟੇ ਹਿੱਸੇ ਨਾਲ਼ ਸਬੰਧਿਤ ਹੈ ਨਾਕਿ ਸਾਰੇ ਇਲਾਕੇ ਦੀ।"
“ਮੇਰੀ ਜਾਣਕਾਰੀ ਮੁਤਾਬਿਕ ਸਾਡੇ ਇਲਾਕੇ ਦੇ 2000 ਘਰਾਂ ਵਿੱਚੋਂ ਤਕਰੀਬਨ 40 ਦੇ ਕਰੀਬ ਘਰਾਂ ਵਿੱਚ ਹਲਕੀ ਤੋਂ ਦਰਮਿਆਨੇ ਪੱਧਰ ਦੀ ਸਮੱਸਿਆ ਹੈ ਜਿੰਨਾ ਬਾਰੇ ਹੱਲ਼ ਤਲਾਸ਼ੇ ਜਾ ਰਹੇ ਹਨ।“
ਇਸ ਦੌਰਾਨ ਓਥੋਂ ਦੇ ਪ੍ਰੋਪਰਟੀ ਡਿਵੈਲਪਰ ਲੈਂਡਲੀਜ਼ ਵੱਲੋਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਗਿਆ ਕਿ ਉਹ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਅਤੇ 'ਕੰਪੇਨਸੇਸ਼ਨ' ਪ੍ਰਕਿਰਿਆ ਉੱਤੇ ਕੰਮ ਕਰ ਰਹੇ ਹਨ।
ਪੈਨਰਥ ਸਿਟੀ ਕੌਂਸਿਲ ਵੱਲੋਂ ਇਸ ਸਿਲਸਿਲੇ ਵਿੱਚ ਪ੍ਰੋਪਰਟੀ ਡਿਵੈਲਪਰ ਨੂੰ ਜਵਾਬਦੇਹੀ ਲਈ ਅੱਗੇ ਆਉਣ ਲਈ ਆਖਿਆ ਹੈ।
ਉਹਨਾਂ ਵੱਲੋਂ ਤਕਰੀਬਨ 900 ਘਰਾਂ ਨੂੰ ਸਾਵਧਾਨ ਰਹਿਣ ਲਈ ਨੋਟਿਸ* ਵੀ ਭੇਜੇ ਗਏ ਹਨ ਜਿਸਨੂੰ ਕਿ ਕੁਝ ਸਥਾਨਿਕ ਲੋਕਾਂ ਵੱਲੋਂ 'ਗੈਰ-ਜਰੂਰੀ' ਕਰਾਰ ਦਿੱਤਾ ਗਿਆ ਹੈ।

ਸ਼੍ਰੀ ਸਿੰਘ ਨੇ ਕਿਹਾ ਕਿ ਕੌਂਸਿਲ ਦੁਆਰਾ 'ਨੁਕਸਾਨੇ ਗਏ ਘਰਾਂ ਦੀ ਬਜਾਇ ਸਭ ਨੂੰ' ਨੋਟਿਸ ਭੇਜਣ ਮਗਰੋਂ ਹੀ ਮੀਡਿਆ ਨੇ 'ਗੁੰਮਰਾਹਕੁੰਨ ਅਤੇ ਅਰਧ-ਸੱਚ' ਵਾਲੀਆਂ ਖਬਰਾਂ ਕਵਰ ਕੀਤੀਆਂ ਹਨ।
ਕੁਝ ਮੀਡਿਆ ਰਿਪੋਰਟਾਂ ਵਿੱਚ ਕਥਿਤ ਤੌਰ ਉੱਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਇਹ ਇਲਾਕਾ 'ਨਾਕਾਫੀ ਲੈਂਡਫਿਲ' ਨਾਲ਼ ਵਿਕਸਤ ਕੀਤਾ ਗਿਆ ਸੀ, ਜਿਸ ਕਾਰਨ ਇਸ ਦੇ ਕੁਝ ਹਿੱਸੇ ਵਿੱਚ ਜ਼ਮੀਨ ਧਸ ਰਹੀ ਹੈ।

ਸ੍ਰੀ ਸਿੰਘ ਨੇ ਕਿਹਾ ਕਿ ਉਹ ਘੱਟੋ-ਘੱਟ ਦੋ ਮੌਕਿਆਂ ਤੋਂ ਜਾਣੂ ਹਨ ਜਿਥੇ ਮੌਜੂਦਾ ਸਥਿਤੀ ਕਾਰਨ ਜਾਇਦਾਦ ਦੇ ਸੌਦਿਆਂ ’ਤੇ ਬੁਰਾ ਪ੍ਰਭਾਵ ਪਿਆ ਹੈ।
“ਸਾਡੇ ਇਲਾਕੇ ਦਾ ਇੱਕ ਛੋਟਾ ਜਿਹਾ ਹਿੱਸਾ ਇਸ ਮਸਲੇ ਤੋਂ ਪ੍ਰਭਾਵਿਤ ਹੈ। ਸਾਡੇ ਤਕਰੀਬਨ ਸਭ ਦੇ ਘਰ ਐੱਚ 1 ਸਲੈਬ ਉੱਤੇ ਬਣੇ ਹੋਏ ਹਨ ਜਿਸ ਕਰਕੇ ਇਹ ਸਮੱਸਿਆ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਪਰ ਖਰੀਦਦਾਰ ਵੇਰਵਿਆਂ ਵਿਚ ਨਹੀਂ ਜਾਣਾ ਚਾਹੁੰਦੇ ਕਿਓਂਕਿ ਮੀਡੀਆ ਨੇ ਬਹੁਤ ਜ਼ਿਆਦਾ ਡਰ ਦਾ ਮਾਹੌਲ ਬਣਾ ਦਿੱਤਾ ਹੈ,” ਉਨਾਂ ਕਿਹਾ।
ਇਸ ਸਬੰਧੀ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ।
*ਐਸ ਬੀ ਐਸ ਪੰਜਾਬੀ ਵੱਲੋਂ ਇਸ ਸਿਲਸਿਲੇ ਵਿੱਚ ਪੈਨਰਥ ਸਿਟੀ ਕੌਂਸਿਲ ਨੂੰ ਵੀ ਸੰਪਰਕ ਕੀਤਾ ਗਿਆ ਹੈ ਜਿਥੋਂ ਕਿ ਜੁਆਬ ਆਉਣਾ ਬਾਕੀ ਹੈ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ





