ਖਾਸ ਨੁਕਤੇ:
- ਅੰਤਰਰਾਸ਼ਟਰੀ ਵਿਦਿਆਰਥੀ ਪਰਮਿੰਦਰ ਸਿੰਘ ਦੀ ਮੌਤ ਪਿੱਛੋਂ ਪਰਿਵਾਰ ਵੱਲੋਂ ਇਨਸਾਫ ਦੀ ਮੰਗ।
- ਮੋਹਾਲੀ ਦੇ ਪਿਛੋਕੜ ਵਾਲ਼ਾ 46-ਸਾਲਾ ਪਰਮਿੰਦਰ ਸਿੰਘ ਸਿਡਨੀ ਵਿੱਚ ਆਪਣੀ ਭੈਣ ਰੁਪਿੰਦਰ ਕੌਰ ਕੋਲ਼ ਰਹਿੰਦਾ ਸੀ।
- ਨਿਊ ਸਾਊਥ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਇਸ ਸਬੰਧੀ ਜਾਂਚ ਅਜੇ ਚੱਲ ਰਹੀ ਹੈ।
- ਮ੍ਰਿਤਕ ਦੀ ਭੈਣ ਰੁਪਿੰਦਰ ਕੌਰ ਨੇ ਭਾਈਚਾਰੇ ਦੁਆਰਾ ਦਿੱਤੇ ਸਹਿਯੋਗ ਹੈ ਅਤੇ ਗੋ ਫੰਡ ਮੀ ਫੰਡਰੇਜ਼ਰ ਲਈ ਧੰਨਵਾਦ ਕੀਤਾ ਹੈ।
ਪੰਜਾਬ ਵਿਚੋਂ ਮੋਹਾਲੀ ਦੇ ਪਿਛੋਕੜ ਵਾਲ਼ਾ 46-ਸਾਲਾ ਪਰਮਿੰਦਰ ਸਿੰਘ ਸਿਡਨੀ ਵਿੱਚ ਆਪਣੀ ਭੈਣ ਰੁਪਿੰਦਰ ਕੌਰ ਕੋਲ਼ ਰਹਿੰਦਾ ਸੀ।
ਇਸ ਦੌਰਾਨ ਰੁਪਿੰਦਰ ਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਉਨ੍ਹਾਂ ਹਾਲਾਤਾਂ ਦਾ ਜ਼ਿਕਰ ਕੀਤਾ ਜਿੰਨ੍ਹਾਂ ਦੇ ਚਲਦਿਆਂ 23 ਜਨਵਰੀ ਦੀ ਸ਼ਾਮ ਉਸਦੇ ਭਰਾ ਦੀ ਆਖਰੀ ਸ਼ਾਮ ਹੋ ਨਿੱਬੜੀ ਸੀ।
"ਮੇਰੇ ਭਰਾ ਦੀ ਮੌਤ ਇੱਕ ਵਿਅਕਤੀ ਦੁਆਰਾ ਕਥਿਤ ਤੌਰ ਉੱਤੇ ਉਸਨੂੰ ਧੱਕਾ ਦੇਕੇ ਸੜਕ ਉੱਤੇ ਸੁੱਟਣ ਮਗ਼ਰੋਂ ਸੱਟਾਂ ਲੱਗਣ ਕਰਕੇ ਹੋਈ ਜਦਕਿ ਪੁਲਿਸ ਵੱਲੋਂ ਇਸ ਸਿਲਸਿਲੇ ਵਿੱਚ ਅਜੇ ਤੱਕ ਉਸ ਵਿਅਕਤੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ," ਉਨ੍ਹਾਂ ਕਿਹਾ।
"ਕੋਰੋਨਰ ਦੀ ਰਿਪੋਰਟ ਅਤੇ ਪੁਲਿਸ ਵੱਲੋਂ ਦੱਸਿਆ ਘਟਨਾਕ੍ਰਮ ਵੀ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਉਸਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਸਨ। ਅਸੀਂ ਇਸ ਸਿਲਸਿਲੇ ਵਿੱਚ ਮੁਕੰਮਲ ਤਫਤੀਸ਼ ਚਾਹੁੰਦੇ ਹਾਂ ਅਤੇ ਪੁਲਿਸ ਤੋਂ ਉਸ ਵਿਅਕਤੀ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ ਜਿਸਦੇ ਕਰਕੇ ਅੱਜ ਸਾਡਾ ਭਰਾ ਇਸ ਦੁਨੀਆ ਵਿੱਚ ਨਹੀਂ ਰਿਹਾ।"
ਦੱਸਣਯੋਗ ਹੈ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਪਰਮਿੰਦਰ ਸਿੰਘ ਵੂਲਵਰਥਸ ਗਰੋਸਰੀ ਸਟੋਰ ਵਿੱਚ ਨੌਕਰੀ ਕਰਦਾ ਸੀ।
ਰੁਪਿੰਦਰ ਕੌਰ ਨੇ ਦੱਸਿਆ ਕਿ ਘਟਨਾ ਵਾਲ਼ੀ ਥਾਂ ਨਜ਼ਦੀਕ ਉਹ ਪੀ ਟੀ ਈ ਦੀ ਪੜ੍ਹਾਈ ਕਰਨ ਜਾਂਦਾ ਸੀ।
ਰੁਪਿੰਦਰ ਕੌਰ ਦੇ ਪਿਤਾ ਮੋਹਾਲੀ ਦੇ ਵਸਨੀਕ ਹਨ ਅਤੇ ਤਕਰੀਬਨ 5 ਸਾਲ ਪਹਿਲਾਂ ਉਨ੍ਹਾਂ ਆਪਣੇ ਪੁੱਤਰ ਪਰਮਿੰਦਰ ਸਿੰਘ ਨੂੰ ਆਸਟ੍ਰੇਲੀਆ ਪੜ੍ਹਨ ਲਈ ਭੇਜਿਆ ਸੀ।
"ਸਾਡੀ ਮਾਂ ਇਸ ਦੁਨੀਆਂ ਵਿੱਚੋਂ ਪਹਿਲਾਂ ਹੀ ਰੁਖਸਤ ਹੋ ਚੁੱਕੀ ਹੈ। ਮੇਰਾ ਭਰਾ, ਮੇਰੇ ਪਿਤਾ ਜੀ ਇਕੱਲਾ ਸਹਾਰਾ ਸੀ।
“ਪਿਤਾ ਜੀ ਪੁਲਿਸ ਵਿਚੋਂ ਐਸ ਪੀ ਰਿਟਾਇਰ ਹੋਏ ਹਨ ਅਤੇ ਅੱਜਕੱਲ ਵਕਾਲਤ ਕਰਦੇ ਹਨ। ਇਸ ਅਣਹੋਣੀ ਦੇ ਚਲਦਿਆਂ ਉਹ ਵੀ ਆਪਣੇ ਆਪ ਨੂੰ ਬਹੁਤ ਬੇਬੱਸ ਮਹਿਸੂਸ ਕਰ ਰਹੇ ਹਨ,” ਰੁਪਿੰਦਰ ਨੇ ਕਿਹਾ।
ਉੱਧਰ ਨਿਊ ਸਾਊਥ ਪੁਲਿਸ ਐਸ ਬੀ ਐਸ ਪੰਜਾਬੀ ਨੂੰ ਜੁਆਬ ਦਿੰਦਿਆਂ ਪੈਰਾਮੈਟਾ ਇਲਾਕੇ ਵਿੱਚ ਹੋਈ ਇਸ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਇਸ ਸਬੰਧੀ ਜਾਂਚ ਅਜੇ ਚੱਲ ਰਹੀ ਹੈ।
ਇਸ ਦੌਰਾਨ ਸਿਡਨੀ ਦੇ ਪੈਰਾਮੇਟਾ ਇਲਾਕੇ ਵਿੱਚ ਸਾਡੇ ਭਾਈਚਾਰੇ ਵੱਲੋਂ ਪਰਮਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਇੱਕ ਕੈਂਡਲ ਲਾਈਟ ਵਿਜਿਲ ਵੀ ਰੱਖਿਆ ਗਿਆ ਸੀ।
ਇਸ ਇਕੱਠ ਮੌਕੇ ਭਾਈਚਾਰਕ ਆਗੂਆਂ ਵੱਲੋਂ ਇਸ ਘਟਨਾ ਦੀ ਪੁਖਤਾ ਜਾਂਚ ਕਰਵਾਉਣ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਵੀ ਵਿੱਢੀ ਗਈ।
ਇਸ ਮੌਕੇ ਰੁਪਿੰਦਰ ਕੌਰ ਨੇ ਭਾਈਚਾਰੇ ਦੁਆਰਾ ਦਿੱਤੇ ਸਹਿਯੋਗ ਹੈ ਅਤੇ ਗੋ ਫੰਡ ਮੀ ਫੰਡਰੇਜ਼ਰ ਜ਼ਰੀਏ ਕੀਤੀ ਸਹਾਇਤਾ ਲਈ ਧੰਨਵਾਦ ਵੀ ਕੀਤਾ।
ਹੋਰ ਵੇਰਵੇ ਲਈ ਮ੍ਰਿਤਕ ਦੀ ਭੈਣ ਰੁਪਿੰਦਰ ਕੌਰ ਨਾਲ਼ ਇਹ ਇੰਟਰਵਿਊ ਸੁਣੋ....



