ਮੋਹਨ ਸਿੰਘ ਸੇਖੋਂ ਨੇ ਸਿਡਨੀ ਦੇ ਗੁਰੂਦੁਆਰਾ ਗਲੈੱਨਵੁੱਡ ਵਿੱਚ ਸਿਰਫ ਇੱਕ ਘੰਟੇ ਦੌਰਾਨ ਹੀ 50 ਕਿਲੋ ਤੋਂ ਕੁੱਝ ਘੱਟ ਪਿਆਜਾਂ ਨੂੰ ਕੱਟ ਕੇ ਦਿਖਾਇਆ ਹੈ।
ਸ਼੍ਰੀ ਸੇਖੋਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਮੈਂ 1986 ਵਿੱਚ ਇੰਗਲੈਂਡ ਤੋਂ ਆਸਟ੍ਰੇਲੀਆ ਪ੍ਰਵਾਸ ਕਰਕੇ ਆਇਆ ਸੀ ਅਤੇ ਗੁਰੂਦੁਆਰਾ ਸਾਹਿਬ ਵਿੱਚ ਪਿਆਜ ਕੱਟਣ ਵਾਲੀ ਸੇਵਾ ਕਰਨੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਮੈਂ ਕਦੀ ਘਰ ਵਿੱਚ ਵੀ ਪਿਆਜ ਨਹੀਂ ਕੱਟੇ ਸਨ”।
“ਜਲਦ ਹੀ ਇਹ ਇੱਕ ਨਿਵੇਕਲਾ ਹੁਨਣ ਬਣਦਾ ਗਿਆ ਅਤੇ ਮੈਂ ਪਿਆਜ ਕੱਟਣ ਵਾਲੀ ਆਪਣੀ ਰਫਤਾਰ ਨੂੰ ਲਗਾਤਾਰ ਵਧਾਉਂਦਾ ਰਿਹਾ”।
ਆਸਟ੍ਰੇਲੀਆ ਪ੍ਰਵਾਸ ਕਰ ਕੇ ਆਉਣ ਤੋਂ ਪਹਿਲਾਂ ਸ਼੍ਰੀ ਸੇਖੋਂ ਇੰਗਲੈਂਡ ਵਿੱਚ ਬਰਿਟਿਸ਼ ਏਅਰਵੇਅਜ਼ ਨਾਲ ਕੰਮ ਕਰਦੇ ਰਹੇ ਸਨ। ਸਿਡਨੀ ਆਉਣ ਉਪਰੰਤ ਇਹਨਾਂ ਨੇ ਮਕਾਨ ਉਸਾਰੀ ਵਾਲਾ ਕਿੱਤਾ ਅਪਣਾਇਆ।
ਇਸ ਸਮੇਂ ਸ਼੍ਰੀ ਸੇਖੋਂ ਪੂਰੀ ਤਰਾਂ ਸੇਵਾ-ਮੁਕਤੀ ਵਾਲੀ ਜ਼ਿੰਦਗੀ ਬਿਤਾ ਰਹੇ ਹਨ ਅਤੇ ਸਿਡਨੀ ਸ਼ਹਿਰ ਤੋਂ ਬਾਹਰਵਾਰ ਇੱਕ ਖੁੱਲ੍ਹੇ ਇਲਾਕੇ ਵਿੱਚ ਆਪਣਾ ਘਰ ਬਣਾਕੇ ਰਹ ਰਹੇ ਹਨ।

47.15kg onions peeled, cut and chopped in just one hour Source: Mohan Singh Sekhon
ਹਰ ਵੇਲੇ ਪਿਆਜ ਕੱਟਣ ਵਾਲੀ ਸੇਵਾ ਲਈ ਤਿਆਰ ਰਹਿਣ ਵਾਲੇ ਸ਼੍ਰੀ ਸੇਖੋਂ ਨੇ ਦੱਸਿਆ, “ਮੈਂ ਆਪਣਾ ਨਾਮ ਅਤੇ ਫੋਨ ਨੰਬਰ ਗੁਰੂਦੁਆਰਾ ਸਾਹਿਬ ਦੀ ਰਸੋਈ ਉੱਤੇ ਲਿੱਖ ਕੇ ਲਾਇਆ ਹੋਇਆ ਹੈ ਤਾਂ ਕਿ ਕੋਈ ਵੀ ਮੈਨੂੰ, ਕਿਸੇ ਵੀ ਸਮੇਂ ਫੋਨ ਕਰਕੇ ਪਿਆਜ ਕੱਟਣ ਲਈ ਸੱਦ ਸਕਦਾ ਹੈ”।
ਗਿਨੀਜ਼ ਬੁੱਕ ਵਿੱਚ ਤੇਜ਼ ਪਿਆਜ ਕੱਟਣ ਦਾ ਮੌਜੂਦਾ ਰਿਕਾਰਡ 20 ਕਿਲੋ ਹੈ ਜੋ ਕਿਸੇ ਨੌਜਵਾਨ ਵਲੋਂ ਦਰਜ ਕਰਵਾਇਆ ਗਿਆ ਹੈ ਜਦਕਿ 77-ਸਾਲਾ ਸ਼੍ਰੀ ਸੇਖੋਂ ਵਲੋਂ ਹਾਲੀਆ ਪ੍ਰਦਰਸ਼ਨ ਦੌਰਾਨ ਲੱਗਭਗ ਢਾਈ ਗੁਣਾ ਜਿਆਦਾ (47.155 ਕਿਲੋ) ਪਿਆਜ ਕੱਟ ਕੇ ਦਿਖਾਏ ਹਨ।
ਸ਼੍ਰੀ ਸੇਖੋਂ ਨੇ ਦਾਅਵਾ ਕੀਤਾ ਕਿ ਜੇ ਪਹਿਲਾਂ ਤੋਂ ਹੀ ਛਿੱਲੇ ਹੋਏ ਪਿਆਜਾਂ ਨੂੰ ਕੱਟਣਾਹੋਵੇ ਤਾਂ ਉਹ 100 ਕਿਲੋ ਪਿਆਜ ਸਿਰਫ ਚਾਲੀਆਂ ਮਿੰਟਾਂ ਵਿੱਚ ਕੱਟ ਸਕਦੇ ਹਨ।
“ਪਿਆਜ ਕੱਟਣ ਸਮੇਂ ਹੁਣ ਮੇਰੀਆਂ ਅੱਖਾਂ ਵਿੱਚ ਵੀ ਕੋਈ ਪਾਣੀ ਨਹੀਂ ਆਉਂਦਾ ਹੈ। ਲਗਦਾ ਹੈ ਮੇਰੇ ਸ਼ਰੀਰ ਨੇ ਵੀ ਮੇਰੀ ਇਸ ਕਲਾ ਨੂੰ ਅਪਣਾ ਲਿਆ ਹੈ”, ਸ਼੍ਰੀ ਸੇਖੋਂ ਨੇ ਕਿਹਾ।
ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਲੋਂ ਕਰਵਾਏ ਇਸ ਪ੍ਰਦਰਸ਼ਨ ਨੂੰ ਮਾਨਤਾ ਮਿਲਣ ਵਿੱਚ ਵਿੱਚ ਦੋ ਤੋਂ ਢਾਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ ਜਿਸ ਪਿੱਛੋਂ ਹੀ ਉਨ੍ਹਾਂ ਦਾ ਨਾਮ ਸੰਭਾਵੀ ਤੌਰ ਉਤੇ ਸਭ ਤੋਂ ਤੇਜ਼ ਪਿਆਜ ਕੱਟਣ ਵਾਲੇ ਵਜੋਂ ਦਰਜ ਹੋ ਸਕੇਗਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।






