ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਦੇ ਕਲਚਰਲ, ਵੈਲਫੇਅਰ ਅਤੇ ਸੋਸ਼ਲ ਸੇਵਾਵਾਂ ਦੇ ਡਾਇਰੈਕਟਰ ਤਰਲੋਚਨ ਸਿੰਘ ਗਿੱਲ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ, ‘ਐਸੋਸ਼ਿਏਸ਼ਨ ਵਲੋਂ ਆਤਿਸ਼ਬਾਜ਼ੀ ਨਾ ਕੀਤੇ ਜਾਣ ਵਾਲੇ ਫੈਸਲੇ ਨਾਲ ਤਕਰੀਬਨ 5000 ਡਾਲਰਾਂ ਦੀ ਬੱਚਤ ਹੋਈ ਸੀ ਅਤੇ ਇਸ ਰਾਸ਼ੀ ਨੂੰ ਬੁੱਸ਼ਫਾਇਰ ਪੀੜਤਾਂ ਦੀ ਮਦਦ ਲਈ ਦੇਣ ਦਾ ਫੈਸਲਾ ਲਿਆ ਗਿਆ ਸੀ’।
‘ਇਸ ਉਪਰਾਲੇ ਨੂੰ ਹੋਰ ਅੱਗੇ ਵਧਾਂਉਂਦੇ ਹੋਏ, ਕੁੱਝ ਸੀਨੀਅਰ ਸਿਟਿਜ਼ਨਸ ਨੇ ਸੰਗਤਾਂ ਕੋਲੋਂ ਦੋ ਦਿਨਾਂ ਦੇ ਵਿੱਚ $20,766 ਡਾਲਰਾਂ ਦਾ ਦਾਨ ਪ੍ਰਾਪਤ ਕੀਤਾ ਗਿਆ ਸੀ’।
ਐਸੋਸ਼ਿਏਸ਼ਨ ਵਲੋਂ ਲਏ ਸਾਂਝੇ ਫੈਸਲੇ ਨਾਲ ਇਹ ਸਾਰੀ ਰਾਸ਼ੀ ਨਿਊ ਸਾਊਥ ਵੇਲਜ਼ ਵਿੱਚ ਕਾਫੀ ਲੰਬੇ ਸਮੇਂ ਤੋਂ ਚਲੀ ਆ ਰਹੀ ਬੁੱਸ਼ਫਾਇਰ ਤੋਂ ਪ੍ਰਭਾਵਤ ਹੋਏ ਭਾਈਚਾਰੇ ਦੀ ਮਦਦ ਲਈ ਦਾਨ ਦੇਣ ਦਾ ਵਿਚਾਰ ਬਣਾਇਆ ਗਿਆ।
ਸ਼੍ਰੀ ਗਿੱਲ ਨੇ ਕਿਹਾ, ‘ਅਸੀਂ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਇਸ ਬਾਬਤ ਗਲਬਾਤ ਕੀਤੀ। ਸਾਲਵੇਸ਼ਨ ਆਰਮੀ ਅਤੇ ਸੈਂਟ ਵਿਨਸੈਂਟ ਡੀ-ਪਾਲ, ਦੋਹਾਂ ਨੂੰ 15 ਹਜਾਰ ਹਰੇਕ ਵਾਸਤੇ ਦੇਣ ਦਾ ਫੈਸਲਾ ਕੀਤਾ ਗਿਆ ਜਿਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਇਸ ਸਾਰੀ ਰਾਸ਼ੀ ਦਾ ਇੱਕ ਇੱਕ ਪੈਸਾ ਬੁੱਸ਼ਫਾਇਰ ਤੋਂ ਪੀੜਤ ਭਾਈਚਾਰੇ ਦੀ ਮਦਦ ਲਈ ਹੀ ਵਰਤਿਆ ਜਾਵੇਗਾ’।
ਗੌਰਤਲਬ ਹੈ ਕਿ ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ (ਗਲੈੱਨਵੁੱਡ / ਪਾਰਕਲੀ ਗੁਰੂਦਵਾਰਾ ਸਾਹਿਬ) ਆਸਟ੍ਰੇਲੀਆ ਦੀ ਸਭ ਵੱਡੀ ਸਿੱਖ ਸੰਸਥਾ ਹੈ ਜਿਸ ਦੇ ਹਾਲ ਵਿੱਚ ਹੀ 15 ਨਵੇਂ ਸੇਵਾਦਾਰ ਚੁਣੇ ਗਏ ਹਨ।
‘ਇਹਨਾਂ ਨਵੇਂ ਚੁਣੇ ਗਏ 15 ਡਾਇਰੈਕਟਰਾਂ ਦੇ ਨਾਮ ਸੰਗਤ ਵਲੋਂ ਹੀ ਸੁਝਾਏ ਗਏ ਸਨ ਅਤੇ ਇਹ ਸਾਰੇ ਹੀ ਪਹਿਲੀ ਵਾਰ ਮੈਨੇਜਮੈਂਟ ਦੀ ਸੇਵਾ ਲਈ ਅੱਗੇ ਆਏ ਹਨ’।
ਸ਼੍ਰੀ ਗਿੱਲ ਨੇ ਐਸੋਸ਼ਿਏਸ਼ਨ ਦੇ ਮੈਂਬਰਾ ਦੇ ਉਦੇਸ਼ਾਂ ਬਾਰੇ ਦਸਦੇ ਹੋਏ ਕਿਹਾ, ‘ਸਾਰੇ ਹੀ ਮੈਂਬਰਾਨ ਭਾਈਚਾਰੇ ਦੀ ਸੇਵਾ ਲਈ ਇਕਮੱਤ ਹੋ ਕਿ ਕਾਰਜ ਕਰਨ ਲਈ ਤਤਪਰ ਹਨ’।
‘ਸਾਰੇ ਹੀ ਸਿੱਖ ਭਾਈਚਾਰੇ ਨੂੰ ਇਹਨਾਂ ਬੁਸ਼ਫਾਇਰ ਵਰਗੇ ਹੰਗਾਮੀ ਹਾਲਾਤਾਂ ਤੋਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਨਾਲ ਹੀ ਸਰਕਾਰ ਦੇ ਪਾਣੀ ਨੂੰ ਬਚਾਉਣ ਲਈ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣ ਵੀ ਕਰਨੀ ਚਾਹੀਦੀ ਹੈ’।