ਇਸ ਦੇ ਨਾਲ ਹੁਣ ਆਸ਼ਾ ਆਸਟ੍ਰੇਲੀਆ ਨੇ ਇੱਕ ਹੋਰ ਨਿਵੇਕਲਾ ਉਪਰਾਲਾ ਕਰਦੇ ਹੋਏ ਪੀੜ੍ਹੀਆਂ ਦੀ ਸਾਂਝ ਪੀਢੀ ਕਰਨ ਦਾ ਯਤਨ ਕੀਤਾ ਹੈ।
ਇਸ ਸੰਸਥਾ ਨੇ ਹੋਰਨਸਬੀ ਅਤੇ ਵੈਸਟ ਰਾਈਡ ਹਾਈ ਸਕੂਲ ਦੇ ਬੱਚਿਆਂ ਨੂੰ ਭਾਈਚਾਰੇ ਦੇ ਬਜ਼ੁਰਗਾਂ ਨਾਲ ਸਮਾਂ ਬਿਤਾਉਣ ਲਈ ਵਿਸ਼ੇਸ਼ ਤੌਰ ਤੇ ਸੱਦਿਆ ਤਾਂ ਕਿ ਉਹ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋਏ ਮਨ ਪ੍ਰਚਾਵਾ ਕਰ ਸਕਣ।
ਆਸ਼ਾ ਆਸਟ੍ਰੇਲੀਆ ਸੰਸਥਾ ਦੀ ਬਜਿੰਦਰ ਦੁੱਗਲ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ, “ਇਹਨਾਂ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗੱਲਾਂ ਕਰਦੇ ਹੋਏ ਇਹਨਾਂ ਦੀ ਖਾਣਾ ਬਨਾਉਣ ਦੀ ਮਹਾਰਤ ਨੂੰ ਕਲਮਬੱਧ ਕਰਨਾ ਸ਼ੁਰੂ ਕਰ ਦਿੱਤਾ”।

Book of recipes from GrandMa Source: Bijinder Duggal
“ਇਸ ਉਪਰਾਲੇ ਦੇ ਨਤੀਜੇ ਵਜੋਂ, ‘ਗਰੈਂਡਮਾ’ਸ ਸੀਕਰੇਟ ਰੈਸੀਪੀਸ’ ਨਾਮੀ ਇੱਕ ਬਹੁ-ਭਾਸ਼ੀ ਪੁਸਤਕ ਤਿਆਰ ਹੋ ਗਈ ਹੈ ਜਿਸ ਨੂੰ 5 ਜੂਨ ਵਾਲੇ ਦਿਨ ‘ਸੁਰ ਸੰਗਮ’ ਨਾਮੀ ਇੱਕ ਵਿਸ਼ੇਸ਼ ਸਮਾਗਮ ਦੌਰਾਨ ਲੋਕਾਂ ਲਈ ਪੇਸ਼ ਕੀਤਾ ਜਾਵੇਗਾ”।
ਪਿਛਲੇ ਤਕਰੀਬਨ ਦੋ ਸਾਲਾਂ ਤੋਂ ਸਮਾਜ ਦੇ ਤਕਰੀਬਨ ਹਰ ਵਰਗ ਨੂੰ ਹੀ ਕਰੋਨਾਵਾਇਰਸ ਦੀ ਮਾਰ ਕਿਸੇ ਨਾ ਕਿਸੇ ਤਰਾਂ ਝੱਲਣੀ ਪਈ ਹੈ।
ਬਜ਼ੁਰਗਾਂ ਲਈ ਇਹ ਸਮਾਂ ਬਹੁਤ ਜਿਆਦਾ ਔਖਾ ਸੀ, ਕਿਉਂਕਿ, ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਹਰ ਪ੍ਰਕਾਰ ਦੀ ਹਿਫਾਜ਼ਤ ਕਰਦੇ ਹੋਏ ਉਹਨਾਂ ਨੂੰ ਘਰਾਂ ਅੰਦਰ ਹੀ ਰੱਖਣਾ ਚਾਹੁੰਦੇ ਸਨ।ਪਰ ਅਜਿਹਾ ਕਰਨ ਨਾਲ ਬਹੁਤ ਸਾਰੇ ਬਜ਼ੁਰਗ ਕਾਫੀ ਦਬਾਵਾਂ ਦਾ ਸ਼ਿਕਾਰ ਵੀ ਹੁੰਦੇ ਗਏ।
ਆਸ਼ਾ ਆਸਟ੍ਰੇਲੀਆ ਵਲੋਂ ਆਪਣੀ ਕਾਰਜ ਪ੍ਰਣਾਲੀ ਨੂੰ ਬਦਲਦੇ ਹੋਏ ਸੋਸ਼ਲ ਮੀਡੀਆ ਦੁਆਰਾ ਇਹਨਾਂ ਬਜ਼ੁਰਗਾਂ ਨਾਲ ਸੰਪਰਕ ਬਣਾਇਆ ਗਿਆ ਅਤੇ ਉਹਨਾਂ ਨੂੰ ਹਰ ਪ੍ਰਕਾਰ ਦੀ ਮਾਹਰ ਸਲਾਹ ਕਈ ਸੈਸ਼ਨਾਂ ਦੌਰਾਨ ਪ੍ਰਦਾਨ ਕੀਤੀ ਗਈ।
ਮਿਸ ਦੁੱਗਲ ਨੇ ਕਿਹਾ, “ਸਿਡਨੀ ਵਿੱਚ ਕਰੋਨਾਵਾਇਰਸ ਦੇ ਹਾਲਾਤ ਸੁਧਰਨ ਦੇ ਨਾਲ ਅਸੀਂ ਚਾਰ ਸ਼ਹਿਰਾਂ ਵਿੱਚ ਆਹਮੋ-ਸਾਹਮਣੇ ਕਰਵਾਏ ਜਾਣ ਵਾਲੇ ਸੈਸ਼ਨ ਮੁੜ ਤੋਂ ਸ਼ੁਰੂ ਕਰ ਦਿੱਤੇ ਹਨ”।
ਆਸ਼ਾ ਆਸਟ੍ਰੇਲੀਆ ਵਲੋਂ ਵੈਂਟਵਰਥਵਿੱਲ, ਹੋਰਨਸਬੀ, ਕਰੋਸ-ਨੈਸਟ ਅਤੇ ਵੈਸਟ ਰਾਈਡ ਸਬਰਬਾਂ ਵਿੱਚ ਸੈਸ਼ਨ ਲਗਾ ਕਿ ਮਾਹਰਾਂ ਨਾਲ ਜੋੜਿਆ ਜਾਂਦਾ ਹੈ।
ਇਸ ਸੰਸਥਾ ਵਲੋਂ ਇੱਕ ਵੱਡਾ ਉਪਰਾਲਾ ਇਹ ਵੀ ਕੀਤਾ ਜਾਂਦਾ ਹੈ ਕਿ ਬਜ਼ੁਰਗਾਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕਰਦੇ ਹੋਏ ਉਹਨਾਂ ਦਾ ਮਨੋਰੰਜਨ ਕੀਤਾ ਜਾਵੇ ਤਾਂ ਕਿ ਉਹ ਕੁੱਝ ਘੰਟਿਆਂ ਲਈ ਤਾਂ ਜਰੂਰ ਹੀ ਮਾਨਸਿਕ ਦਬਾਵਾਂ ਵਿੱਚੋਂ ਨਿਕਲ ਕੇ ਜਿੰਦਗੀ ਦਾ ਅਨੰਦ ਮਾਣ ਸਕਣ।