2009 ਵਿਚ ਸਿਡਨੀ ਵਿਚ ਪੰਜਾਬੀ ਪਰਿਵਾਰਾਂ ਨੂੰ ਸਭਿਆਚਾਰ ਅਤੇ ਆਪਸ ਵਿਚ ਜੋੜਨ ਲਈ ਕੀਤੇ ਗਏ ਇਕ ਉਪਰਾਲੇ ਨੂੰ ਇੰਨਾ ਜਿਆਦਾ ਹੁੰਗਾਰਾ ਮਿਲਿਆ ਕਿ ਹਰ ਉਮਰ ਤੇ ਵਰਗ ਦੇ ਲੋਕ ਇਸ ਨਾਲ ਜੁੜਦੇ ਗਏ। ਬਚਿਆਂ ਤੇ ਨੋਜਵਾਨਾਂ ਨੂੰ ਭੰਗੜੇ, ਗਿਧੇ, ਬੋਲੀਆਂ ਤੇ ਪੰਜਾਬੀ ਮਾਂ ਬੋਲੀ ਨਾਲ ਜੋੜਦੇ ਹੋਏ ਇਹਨਾਂ ਨੇ ਹਮੇਸ਼ਾਂ ਹੀ ਕੁਝ ਨਾ ਕੁਝ ‘ਹੋਰ’ ਕਰਨ ਦੇ ਯਤਨ ਜਾਰੀ ਰੱਖੇ। ਵਿਹਲੇ ਸਮੇਂ ਦੋਰਾਨ ਪਰਿਵਾਰਾਂ ਵਿਚ ਖੁਸ਼ਹਾਲੀ ਬਰਕਰਾਰ ਰਖਣ ਹਿਤ ਰੂਹ ਪੰਜਾਬ ਦੀ ਅਦਾਰੇ ਨੇ ਕਈ ਪ੍ਰਕਾਰ ਦੇ ਸੈਮੀਨਾਰ ਆਦਿ ਕਰਵਾਣੇ ਸ਼ੁਰੂ ਕਰ ਦਿਤੇ ਤਾਂ ਕਿ ਚੰਗੀ ਸਿਹਤ, ਖੁਸ਼ਹਾਲ ਪਰਿਵਾਰ ਨੇ ਨੁਸਖਿਆਂ ਦੇ ਨਾਲ ਨਾਲ ਅਜੋਕੇ ਵਿਸ਼ੇ ਜਿਵੇਂ ਕਿ ਬਚਿਆਂ ਵਿਚ ਸਕੂਲਾਂ, ਕਾਲਜਾਂ ਅਤੇ ਔਨ ਲਾਈਨ ਹੋਣ ਵਾਲੀ ਬੁਲਿੰਗ ਨੂੰ ਵੀ ਛੂਹਿਆ ਜਾਂਦਾ ਰਿਹਾ ਹੈ। ਇਸ ਦੇ ਮੰਤਵ ਅਤੇ ਕੰਮ ਕਾਜ ਦਾ ਤਰੀਕਾ ਇੰਨਾਂ ਸਪਸ਼ਟ ਅਤੇ ਕਾਰਗਰ ਹੈ ਕਿ ਹੁਣ ਇਸ ਦੇ ਦੋ ਹੋਰ ਅੰਗ ਐਡੀਲੇਡ ਅਤੇ ਮੈਲਬਰਨ ਸੂਬਿਆਂ ਵਿਚ ਵੀ ਸ਼ੁਰੂ ਹੋ ਚੁੱਕੇ ਹਨ। ਆਣ ਵਾਲੇ ਸ਼ਨੀਵਾਰ, 7 ਅਕਤੂਬਰ ਨੂੰ ‘ਰੂਹ ਪੰਜਾਬ ਦੀ’ ਦਾ ਸਲਾਨਾ ਸਭਿਆਚਾਰਕ ਮੇਲਾ ਸਿਡਨੀ ਦੇ ਬਹਾਈ ਸੈਂਟਰ ਸਿਲਵਰਵਾਰਟ ਵਿਚ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਤਕਰੀਬਨ 30 ਦੇ ਕਰੀਬ ਪ੍ਰਫੋਰਮੈਂਨਸਾਂ ਹੋਣਗੀਆਂ।
ਐਸ ਬੀ ਐਸ ਅਦਾਰਾ ਹਰ ਉਸ ਸੰਸਥਾ ਦਾ ਮਾਣ ਸਤਿਕਾਰ ਕਰਦਾ ਹੈ ਜੋ ਕਿ ਪੰਜਾਬੀ ਸਭਿਆਚਾਰ ਅਤੇ ਭਾਈਚਾਰੇ ਦੀ ਕਿਸੇ ਵੀ ਪੱਖੋਂ ਸੇਵਾ ਕਰਦੇ ਹੋਏ ਸਾਰੀ ਕੋਮ ਦਾ ਨਾਮ ਉਚਾ ਕਰ ਰਹੇ ਹਨ।