ਅਰਬਾਜ਼ ਮੁੱਲਾ ਅਤੇ ਸ਼ਵੇਤਾ ਕੁੰਭਾਰ ਦੀ ਪ੍ਰੇਮ ਕਹਾਣੀ ਵੀ ਫਿਲਮਾਂ ਵਿੱਚ ਦਿਖਣ ਵਾਲੀ ਕਿਸੇ ਆਮ ਪ੍ਰੇਮ ਕਹਾਣੀ ਵਾਂਗ ਹੀ ਸ਼ੁਰੂ ਹੋਈ ਸੀ, ਜਿਸ ਵਿੱਚ ਜੋੜੇ ਨੇ ਹੱਥਾਂ ਵਿੱਚ ਹੱਥ ਪਾ ਕੇ ਪਾਰਕਾਂ ਦੀਆਂ ਸੈਰਾਂ ਦੌਰਾਨ ਸੁਨਿਹਰੇ ਭਵਿੱਖ ਲਈ ਸੁਪਨੇ ਦੇਖਣੇ ਸ਼ੁਰੂ ਕੀਤੇ ਸਨ।
ਪਰ ਭਵਿੱਖ ਵਿੱਚ ਇਹਨਾਂ ਦਾ ਅੰਤ ਅਜਿਹਾ ਦਰਦਨਾਕ ਹੋ ਨਿਬੜਿਆ ਜਿਸ ਦਾ ਕਿਆਸ ਕਰਨਾ ਵੀ ਔਖਾ ਹੈ।
ਤਿੰਨ ਸਾਲ ਚੱਲੇ ਇਹਨਾਂ ਦੋਵਾਂ ਦੇ ਪਿਆਰ ਦੌਰਾਨ ਸਾਰਾ ਸਮਾਂ ਹੀ ਇਸ ਜੌੜੇ ਨੂੰ ਆਪਣੇ ਧਾਰਮਿਕ ਵਿਖਰੇਵਿਆਂ ਕਾਰਨ ਬੇਅੰਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੁੱਲਾ ਇੱਕ ਮੁਸਲਮਾਨ ਸੀ ਜਿਸ ਨੂੰ ਕੁੰਭਾਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਦੀ ਵੀ ਨਹੀਂ ਸੀ ਸਵੀਕਾਰਿਆ।
ਇਹਨਾਂ ਦੇ ਵਧ ਰਹੇ ਪਿਆਰ ਤੋਂ ਕੁੰਭਾਰ ਪਰਿਵਾਰ ਇੰਨਾ ਜਿਆਦਾ ਪਰੇਸ਼ਾਨ ਹੋ ਗਿਆ ਕਿ ਉਸ ਨੇ ਇਸ 24 ਸਾਲਾਂ ਦੇ ਨੌਜਵਾਨ ਨੂੰ ਜਾਨੋਂ ਮਾਰਨ ਲਈ ਇੱਕ ਹਿੰਦੂ ਰਾਸ਼ਟਰਵਾਦੀ ਸਮੂਹ ਦੀ ਮੱਦਦ ਲੈਣ ਦੀ ਠਾਣੀ।
ਪੁਲਿਸ ਅਨੁਸਾਰ 28 ਸਤੰਬਰ ਨੂੰ ਮੁੱਲਾ ਦਾ ਬੁਰੀ ਤਰਾਂ ਨਾਲ ਵੱਢਿਆ ਟੁੱਕਿਆ ਸ਼ਰੀਰ ਕਰਨਾਟਕ ਰਾਜ ਦੇ ਬੈਲਗਾਵੀ ਸ਼ਹਿਰ ਦੇ ਇੱਕ ਰੇਲਵੇ ਲਾਈਨ ਤੋਂ ਮਿਲਿਆ।
ਮੁੱਲਾ ਦੀ ਮਾਤਾ ਨਜ਼ਮਾਂ ਸ਼ੇਖ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਸ ਦੇ ਬੇਟੇ ਦਾ ਅੰਤ ਇਸ ਤਰਾਂ ਨਾਲ ਦਰਦਨਾਕ ਵੀ ਹੋ ਸਕਦਾ ਸੀ।
ਹਾਲੀਆ ਜਨਗਨਣਾ ਦੀ ਰਿਪੋਰਟ ਅਨੁਸਾਰ, ਭਾਰਤ ਦੀ ਕੁੱਲ 1.3 ਬਿਲੀਅਨ ਅਬਾਦੀ ਦਾ 80% ਹਿੱਸਾ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦਾ ਹੈ, ਜਦਕਿ 14% ਅਬਾਦੀ ਮੁਸਲਮਾਨਾਂ ਦੀ ਹੈ।
ਅਲੋਚਕਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਹਿੰਦੂ ਰਾਸ਼ਟਰਵਾਦੀ ਏਜੰਡੇ ਨੇ ਲੋਕਾਂ ਦਾ ਧਰੁਵੀਕਰਨ ਕੀਤਾ ਹੈ ਜਿਸ ਨਾਲ ਅੰਤਰਜਾਤੀ ਜੋੜਿਆਂ ਵਿਰੁੱਧ ਕੀਤੀ ਜਾਣ ਵਾਲੀ ਹਿੰਸਾ ਵਿੱਚ ਵਾਧਾ ਹੋਇਆ ਹੈ।
ਸੈਂਕੜੇ ਮੁਸਲਿਮ ਮਰਦਾਂ ਉੱਤੇ ਹਮਲੇ ਕੀਤੇ ਗਏ ਹਨ ਅਤੇ ਬਹੁਤ ਸਾਰਿਆਂ ਨੂੰ ਆਪਣੀਆਂ ਜਾਨਾਂ ਬਚਾਉਣ ਖਾਤਰ ਛੁੱਪਣਾ ਪੈ ਰਿਹਾ ਹੈ।
ਇਹਨਾਂ ਵਿੱਚੋਂ ਕਈ ਮਾਰੇ ਵੀ ਜਾ ਚੁੱਕੇ ਹਨ।
ਜਦੋਂ 2018 ਵਿੱਚ ਇਹ ਕੁੰਭਾਰ ਕੁੜੀ ਮੁੱਲਾ ਲੜਕੇ ਨੂੰ ਮਿਲੀ ਤਾਂ ਇਸ ਜੋੜੇ ਨੂੰ ਵੀ ਭਵਿੱਖ ਵਿੱਚ ਹੋਣ ਵਾਲੇ ਖਤਰਿਆਂ ਦਾ ਗਿਆਨ ਸੀ।
ਭਾਜਪਾ ਅਤੇ ਹਿੰਦੂ ਰਾਸ਼ਟਰਵਾਦੀਆਂ ਨੇ ‘ਲਵ-ਜਿਹਾਦ’ ਦੇ ਪ੍ਰਚਾਰ ਮੁਹਿੰਮ ਨੂੰ ਭਾਰਤ ਵਿੱਚ ਜੋਰ-ਸ਼ੋਰ ਨਾਲ ਚਲਾਇਆ ਹੋਇਆ ਹੈ।
ਇਹ ਬਦਨਾਮ ਸਾਜਿਸ਼ੀ ਸਿਧਾਂਤ ਇਹ ਦਰਸਾਉਂਦਾ ਹੈ ਕਿ ਮੁਸਲਿਮ ਮਰਦ, ਭਾਰਤ ਵਿੱਚ ਦਬਦਬਾ ਪੈਦਾ ਕਰਨ ਦੀ ਇੱਕ ਯੋਜਨਾ ਤਹਿਤ, ਪਿਆਰ, ਧੋਖੇ, ਅਗਵਾ ਅਤੇ ਵਿਆਹ ਦਾ ਝਾਂਸਾ ਦੇ ਕੇ ਹਿੰਦੂ ਔਰਤਾਂ ਨੂੰ ਇਸਲਾਮ ਵਿੱਚ ਪਰਿਵਰਤਨ ਕਰਨ ਲਈ ਨਿਸ਼ਾਨਾ ਬਣਾਉਂਦੇ ਹਨ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਗੋਪਾਲ ਕਰਿਸ਼ਨ ਅਗਰਵਾਲ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਅੰਤਰਜਾਤੀ ਵਿਆਹਾਂ ਦੇ ਸਖਤ ਖਿਲਾਫ ਨਹੀਂ ਹੈ।
ਦਿੱਲੀ ਦੀ ਜਵਾਹਰਲਾਲ ਨੇਹਰੂ ਯੂਨਿਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਮੋਹਨ ਰਾਓ ਨੇ ਅੰਤਰਜਾਤੀ ਵਿਆਹਾਂ ਉੱਤੇ ਬਹੁਤ ਖੋਜ ਕੀਤੀ ਹੈ।
ਭਾਰਤ ਦੀ ਦੇਸ਼ ਵਿਆਪੀ ਜਾਂਚ ਏਜੰਸੀ ਅਤੇ ਬਹੁਤ ਸਾਰੇ ਅਦਾਲਤੀ ਫੈਸਲਿਆਂ ਨੇ ਲਵ-ਜਿਹਾਦ ਮੁਹਿੰਮ ਨੂੰ ਮੂਲੋਂ ਹੀ ਖਾਰਜ ਕਰ ਦਿੱਤਾ ਹੈ।
ਪਰ ਮੁੱਲਾ ਨੂੰ ਉਸ ਸਮੇਂ ਤੋਂ ਹੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ, ਜਦੋਂ ਉਸ ਨੇ ਆਪਣੇ ਇਸ ਪ੍ਰੇਮ ਸਬੰਧਾਂ ਨੂੰ ਖਤਮ ਕਰਨ ਤੋਂ ਕੋਰੀ ਨਾਹ ਕਰ ਦਿੱਤੀ ਸੀ।
ਪਹਿਲਾਂ ਇਹ ਧਮਕੀਆਂ ਸਿੱਧੀਆਂ ਕੁੰਭਾਰ ਪਰਿਵਾਰ ਤੋਂ ਮਿਲੀਆਂ ਸਨ ਅਤੇ ਬਾਅਦ ਵਿੱਚ ਇਹ, ਸ਼੍ਰੀ ਰਾਮ ਸੈਨਾ ਹਿੰਦੁਸਤਾਨ ਨਾਮੀ ਹਿੰਦੂ ਰਾਸ਼ਟਰਵਾਦੀ ਸਮੂਹ ਤੋਂ ਮਿਲਣ ਲੱਗੀਆਂ।
ਇਸ ਸਮੂਹ ਨੇ ਮੁੱਲਾ ਨੂੰ ਪ੍ਰੇਮ ਸਬੰਧ ਖਤਮ ਕਰਨ ਦੀ ਧਮਕੀ ਦੇ ਨਾਲ ਉਸ ਕੋਲੋਂ ਪੈਸਿਆਂ ਦੀ ਵੀ ਮੰਗ ਕੀਤੀ।
ਮੁੱਲਾ ਦੀ ਮਾਤਾ ਸ਼ੇਖ ਨੇ ਆਪਣੇ ਪੁੱਤਰ ਨੂੰ ਇਹ ਪ੍ਰੇਮ ਸਬੰਧ ਖਤਮ ਕਰਨ ਲਈ ਕਈ ਵਾਰ ਕਿਹਾ ਵੀ ਸੀ।
ਦੋਸਤਾਂ ਦਾ ਕਹਿਣਾ ਹੈ ਕਿ ਜਦੋਂ ਇਸ ਜੋੜੇ ਦੇ ਦੋਹਾਂ ਪਰਿਵਾਰਾਂ ਵਲੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਤਾਂ, ਇਹ ਜੋੜਾ ਛੁੱਪ-ਛੁੱਪ ਕੇ ਮਿਲਣ ਲੱਗਿਆ।
ਇਹ ਪਤਾ ਚੱਲਣ ਤੇ ਕੁੰਭਾਰ ਪਰਿਵਾਰ ਨੂੰ ਅੰਤਾ ਦਾ ਗੁੱਸਾ ਚੜ ਗਿਆ।
ਮੁੱਲਾ ਨੂੰ ਸ਼੍ਰੀ ਰਾਮ ਸੇਨਾ ਹਿੰਦੁਸਤਾਨ ਵਲੋਂ ਮਿਲਣ ਲਈ ਸੱਦਿਆ ਗਿਆ।
ਪੁਲਿਸ ਸੁਪਰਡੰਟ ਲਕਸ਼ਮਨ ਨਿੰਬਾਰਗੀ ਅਨੁਸਾਰ ਇਸ ਮਿਲਣੀ ਦੌਰਾਨ ਹੀ ਮੁੱਲਾ ਦਾ ਕਤਲ ਕਰਦੇ ਹੋਏ ਇਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ ਸੀ।
10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਇਹਨਾਂ ਉੱਤੇ ਰਸਮੀ ਦੋਸ਼ ਲਾਉਣੇ ਅਜੇ ਬਾਕੀ ਹਨ।
ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਕੁੰਭਾਰ ਦੇ ਮਾਪੇ ਵੀ ਸ਼ਾਮਲ ਹਨ, ਜਿਹਨਾਂ ਨੇ ਪੁਲਿਸ ਅਨੁਸਾਰ ਇਸ ਕਤਲ ਲਈ ਪੈਸੇ ਦੇਣਾ ਮੰਨ ਲਿਆ ਹੈ।
ਪਰ ਸ਼੍ਰੀ ਰਾਮ ਸੈਨਾ ਹਿੰਦੁਸਤਾਨ ਨੇ ਇਸ ਕਤਲ ਤੋਂ ਸਾਫ ਇਨਕਾਰ ਕੀਤਾ ਹੈ।
ਇਸ ਸੈਨਾ ਦੇ ਮੁਖੀ ਰਾਮਾਕਾਂਤ ਕੋਂਡੁਸਕਰ ਦਾ ਕਹਿਣਾ ਹੈ ਕਿ ਉਹ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ, ਪਰ ਇਹ ਜ਼ਰੂਰ ਮੰਨਦੇ ਹਨ ਕਿ ਵਿਆਹ ਆਪੋ ਆਪਣੇ ਧਰਮਾਂ ਵਿੱਚ ਹੀ ਹੋਣੇ ਚਾਹੀਦੇ ਹਨ।
ਸਾਲ 2020 ਵਿੱਚ ਪਿਊ ਰਿਸਰਚ ਸੈਂਟਰ ਵਲੋਂ ਕੀਤੀ ਗਈ ਇੱਕ ਖੋਜ ਤੋਂ ਪਤਾ ਚੱਲਿਆ ਹੈ ਕਿ ਭਾਰਤ ਦੇ ਹਿੰਦੂਆਂ ਵਿੱਚੋਂ ਦੋ ਤਿਹਾਈ ਹਿੱਸਾ, ਆਪਣੇ ਬੱਚਿਆਂ ਨੂੰ ਧਰਮ ਤੋਂ ਬਾਹਰ ਜਾ ਕੇ ਵਿਆਹ ਕਰਵਾਉਣ ਤੋਂ ਰੋਕਣਾ ਚਾਹੁੰਦੇ ਹਨ। ਅਜਿਹਾ ਹੀ ਤਕਰੀਬਨ 80% ਮੁਸਲਮਾਨਾਂ ਦਾ ਵੀ ਮੰਨਣਾ ਹੈ।
ਕਈ ਖੇਤਰਾਂ ਵਿੱਚ ਇਸ ਨੂੰ ਇੱਕ ਕਾਨੂੰਨ ਵਜੋਂ ਵੀ ਮਾਨਤਾ ਦਿੱਤੀ ਜਾ ਚੁੱਕੀ ਹੈ।
ਪਿਛਲੇ ਸਾਲ ਉੱਤਰ ਪ੍ਰਦੇਸ਼ ਦੇ ਕਾਨੂੰਨੀ ਮਾਹਰਾਂ ਨੇ ਰਾਜ ਵਿੱਚ, ਦੇਸ਼ ਦੇ ਪਹਿਲੇ ਲਵ-ਜਿਹਾਦ ਕਾਨੂੰਨ ਨੂੰ ਲਾਗੂ ਕਰ ਦਿੱਤਾ ਸੀ। ਹਿੰਦੂ ਭਿਕਸ਼ੂ ਯੋਗੀ ਅਦਿੱਤਿਆ ਨਾਥ ਇਸ ਰਾਜ ਦੇ ਮੁਖੀ ਹਨ।
ਇਸ ਬਿਲ ਅਨੁਸਾਰ ਕਿਸੇ ਵੀ ਔਰਤ ਦਾ ਵਿਆਹ ਸਮੇਂ ਕੀਤਾ ਗਿਆ ਧਰਮ ਪਰਿਵਰਤਨ, ਉਸ ਵਿਆਹ ਨੂੰ ਖਾਰਜ ਕਰਨ ਵਾਲਾ ਹੋਵੇਗਾ ਅਤੇ ਇਸ ਲਈ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।
ਇਸ ਕਾਨੂੰਨ ਅਧੀਨ ਹੁਣ ਤੱਕ 100 ਤੋਂ ਵੀ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪਰ ਇਹਨਾਂ ਵਿੱਚੋਂ ਬਹੁਤ ਥੋੜਿਆਂ ਉੱਤੇ ਹੀ ਦੋਸ਼ ਲਾਏ ਜਾ ਸਕੇ ਹਨ।
ਇਸ ਦੇ ਨਾਲ ਤਿੰਨ ਹੋਰ ਰਾਜਾਂ ਨੇ ਵੀ ਤਰਕੀਬਨ ਅਜਿਹੇ ਕਾਨੂੰਨ ਲਾਗੂ ਕਰ ਦਿੱਤੇ ਹਨ।
ਪ੍ਰੋਫੈਸਰ ਰਾਓ ਅਨੁਸਾਰ ਇਹਨਾਂ ਕਾਨੂੰਨਾਂ ਨਾਲ ਧਾਰਮਿਕ ਪਾੜਾ ਹੋਰ ਵੀ ਵਧ ਜਾਵੇਗਾ।
ਕਰਨਾਟਕ ਰਾਜ ਵਿੱਚ ਮੁਸਲਮਾਨਾਂ ਵਿਰੋਧੀ ਹਿੰਸਾ ਵਿੱਚ ਕਾਫ਼ੀ ਵਾਧਾ ਹੋਇਆ ਹੈ ਜਿਸ ਨਾਲ ਭਾਈਚਾਰੇ ਵਿੱਚ ਸਹਿਮ ਪੈਦਾ ਹੋ ਗਿਆ ਹੈ। ਮੁੱਲਾ ਦਾ ਦੋਸਤ ਮੁਜ਼ੱਫਰ ਟਿਨਵਾਲ ਖ਼ਬਰ ਮਿਲਦੇ ਹੀ ਕਤਲ ਵਾਲੀ ਥਾਂ ਤੇ ਆਪਣੇ ਮੋਟਰਸਾਈਲ ਉੱਤੇ ਪਹੁੰਚਿਆ ਸੀ।
ਥੋੜਾ ਸਮਾਂ ਪੁਲਿਸ ਹਿਰਾਸਤ ਵਿੱਚ ਬਿਤਾਉਣ ਤੋਂ ਬਾਅਦ, ਕੁੰਭਾਰ ਇਸ ਸਮੇਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਕਿਸੇ ਅਗਿਆਤ ਸਥਾਨ ਤੇ ਰਹਿ ਰਹੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।