ਬੇਸ਼ਕ ਇਸ ਸਾਲ ਪੂਰੇ ਦੇਸ਼ ਵਿੱਚ ਕਰੋਨਾਵਾਇਰਸ ਤੋਂ ਬਚਾਉਣ ਲਈ ਟੀਕਾਕਰਣ ਉੱਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਫੇਰ ਵੀ ਜਨਰਲ ਪਰੈਕਟੀਸ਼ਨਰ ਲੋਰੈਨ ਬੇਕਰ ਅਨੁਸਾਰ ਲੋਕਾਂ ਨੂੰ ਇਨਫਲੂਐਂਜ਼ਾ ਦੇ ਮਾਮਲੇ ਵਿੱਚ ਵੀ ਢਿੱਲ ਮੱਠ ਨਹੀਂ ਵਰਤਣੀ ਚਾਹੀਦੀ।
ਸਾਲ 2019 ਦੌਰਾਨ ਇਨਫਲੂਐਂਜ਼ਾ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜਿਆਦਾ ਕਹਿਰ ਢਾਇਆ ਸੀ। ਤਕਰੀਬਨ 3 ਲੱਖ ਫਲੂ ਦੀਆਂ ਲਾਗਾਂ ਅਤੇ 800 ਦੇ ਕਰੀਬ ਮੌਤਾਂ ਸਿਰਫ ਇੱਕ ਸਾਲ ਵਿੱਚ ਹੀ ਦਰਜ ਹੋਈਆਂ ਸਨ। ਦਸਣਯੋਗ ਹੈ ਕਿ ਇਨਫਲੂਐਂਜ਼ਾ ਆਮ ਸਰਦੀ ਵਾਲੀ ਬਿਮਾਰੀ ਨਾਲੋਂ ਜਿਆਦਾ ਤਕਲੀਫ ਦਿੰਦਾ ਹੈ। ਡਾ ਜੋਨਾਥਨ ਐਂਡਰਸਨ ਅਨੁਸਾਰ ਜਿਆਦਾਤਰ ਲੋਕ ਇੱਕ ਹਫਤੇ ਵਿੱਚ ਇਸ ਲਾਗ ਤੋਂ ਮੁਕਤ ਹੋ ਜਾਂਦੇ ਹਨ, ਪਰ ਕਈਆਂ ਨੂੰ ਕਾਫੀ ਲੰਬਾ ਸਮਾਂ ਇਸ ਨਾਲ ਜੂਝਣਾ ਪੈਂਦਾ ਹੈ।
ਸਾਲ 2020 ਦੌਰਾਨ ਲੱਗੀਆਂ ਬੰਦਸ਼ਾਂ ਕਾਰਨ ਇਨਫਲੂਐਂਜ਼ਾ ਕੁੱਝ ਮੱਠਾ ਰਿਹਾ ਸੀ। ਪਰ ਹੁਣ ਬੰਦਸ਼ਾਂ ਖਤਮ ਹੋਣ ਉੱਤੇ ਇਸ ਦਾ ਖਤਰਾ ਇੱਕ ਵਾਰ ਫੇਰ ਬਹੁਤ ਜਿਆਦਾ ਦੇਖਿਆ ਜਾ ਰਿਹਾ ਹੈ।
ਹਾਲੀਆ ਖੋਜ ਵਿੱਚ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਫਲੂ ਵਿਰੁੱਧ ਹਾਲ ਦੀ ਘੜੀ ਚੰਗੀ ਤਰਾਂ ਨਾਲ ਤਿਆਰ ਨਹੀਂ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਜਦੋਂ 90% ਲੋਕਾਂ ਨੇ ਫਲੂ ਦੇ ਟੀਕੇ ਲਗਵਾਏ ਸਨ, ਇਸ ਸਾਲ ਸਿਰਫ 66% ਲੋਕਾਂ ਨੇ ਹੀ ਹਾਲੇ ਤੱਕ ਇਹ ਟੀਕੇ ਲਗਵਾਏ ਹਨ। ਅਤੇ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।
ਸਿਹਤ ਮਾਹਰਾਂ ਵਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਪ੍ਰਵਾਸੀ ਅਤੇ ਮੂਲ ਲੋਕਾਂ ਦੀ ਜਿਆਦਾ ਵੱਸੋਂ ਵਾਲੀਆਂ ਥਾਵਾਂ ਉੱਤੇ ਫਲੂ ਦੇ ਟੀਕੇ ਲਗਾਉਣ ਵਾਸਤੇ ਹੋਰ ਵੀ ਜਿਆਦਾ ਉਪਰਾਲੇ ਕਰਨ ਦੀ ਲੋੜ ਹੈ।
ਆਸਟ੍ਰੇਲੀਅਨ ਇੰਡੀਜਿਨਸ ਡਾਕਟਰਸ ਐਸੋਸ਼ੀਏਸ਼ਨ ਦੀ ਡਾ ਤਾਨੀਆ ਸ਼ਰਾਮ ਮੁਤਾਬਕ ਸਾਨੂੰ 2015 ਵਾਲੇ ਸਵਾਈਨ ਫਲੂ ਨੂੰ ਅਣਗੋਲਿਆਂ ਨਹੀਂ ਕਰਨਾ ਚਾਹੀਦਾ।
ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਉਹ ਇੱਕ ਯੂਨਿਵਰਸਲ ਟੀਕਾ ਬਨਾਉਣ ਦੇ ਬਿਲਕੁੱਲ ਨਜ਼ਦੀਕ ਪਹੁੰਚ ਚੁੱਕੇ ਹਨ ਜਿਸ ਨਾਲ ਇੰਡੀਜਿਨਸ ਭਾਈਚਾਰੇ ਨੂੰ ਬਹੁਤ ਲਾਭ ਹੋਣ ਦੀ ਉਮੀਦ ਹੈ।
ਪਰੋਫੈਸਰ ਕੈਥਰੀਨ ਕੈਜ਼ੀਰਸਕਾ ਅਨੁਸਾਰ ਇਹ ਨਵਾਂ ਟੀਕਾ ਇੰਡੀਜਿਨਸ ਭਾਈਚਾਰੇ ਨਾਲ ਮਿਲਦੇ ਜੁਲਦੇ ਪਰੋਟੀਨਜ਼ ਉੱਤੇ ਕੇਂਦਰਤ ਹੋਵੇਗਾ ਜਿਸ ਨਾਲ ਇਮਿਊਨ ਸਿਸਟਮ ਨੂੰ ਬਲ ਮਿਲਦਾ ਹੈ।
ਵਿਗਿਆਨੀਆਂ ਨੇ ਕਿਹਾ ਹੈ ਕਿ ਬੇਸ਼ਕ ਇਹ ਟੀਕਾ ਹਾਲੇ ਦੋ ਸਾਲ ਤੱਕ ਸ਼ਾਇਦ ਨਾ ਤਿਆਰ ਹੋ ਸਕੇ, ਪਰ ਇਸ ਦੇ ਸੰਭਾਵੀ ਨਤੀਜ਼ਿਆਂ ਤੋਂ ਡਾ ਸ਼ਰਾਮ ਬਹੁਤ ਉਤਸ਼ਾਹਤ ਨਜ਼ਰ ਆ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਸਾਨੂੰ ਆਪਣਾ ਸਾਰਾ ਧਿਆਨ ਫਲੂ ਤੋਂ ਹੋਣ ਵਾਲੇ ਖਤਰਿਆਂ ਉੱਤੇ ਹੀ ਕੇਂਦਰਤ ਕਰਨਾ ਚਾਹੀਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।