ਆਸਟ੍ਰੇਲੀਆ ਦੇ ਖ਼ਜ਼ਾਨਾ ਮੰਤਰੀ ਜਿਮ ਚਾਲਮਰਸ ਨੇ 2026 ਦਾ ਫੈਡਰਲ ਬਜਟ ਪੇਸ਼ ਕਰਦਿਆਂ ਇਸਨੂੰ 'ਸੁਧਾਰਾਂ ਵਾਲਾ ਔਖਾ ਰਸਤਾ' ਕਰਾਰ ਦਿੱਤਾ ਹੈ। ਬਜਟ ਵਿੱਚ ਹਾਊਸਿੰਗ ਟੈਕਸ ਸੁਧਾਰ, ਨੈਗੇਟਿਵ ਗੀਅਰਿੰਗ ਵਿੱਚ ਬਦਲਾਅ, ਨਵੇਂ ਟੈਕਸ ਰਾਹਤ ਉਪਾਅ ਅਤੇ ਨੈਸ਼ਨਲ ਡਿਸਏਬਿਲਟੀ ਇੰਸ਼ੋਰੈਂਸ ਸਕੀਮ (NDIS) ਵਿੱਚ ਵੱਡੀਆਂ ਬੱਚਤਾਂ ਸ਼ਾਮਲ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਬਜਟ ਮਹਿੰਗਾਈ ਦੇ ਦਬਾਅ ਨੂੰ ਘਟਾਉਣ, ਘਰਾਂ ਦੀ ਪਹੁੰਚ ਵਧਾਉਣ ਅਤੇ ਅਰਥਵਿਵਸਥਾ ਨੂੰ ਲੰਬੇ ਸਮੇਂ ਲਈ ਮਜ਼ਬੂਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
ਖ਼ਜ਼ਾਨਾ ਮੰਤਰੀ ਜਿਮ ਚਾਲਮਰਸ ਨੇ ਆਪਣਾ 2026 ਦਾ ਫੈਡਰਲ ਬਜਟ ਪੇਸ਼ ਕੀਤਾ ਹੈ, ਜਿਸਨੂੰ ਉਹ 'ਸੁਧਾਰਾਂ ਵਾਲਾ ਔਖਾ ਰਸਤਾ' ਕਹਿ ਰਹੇ ਹਨ।
ਇਸ ਬਜਟ ਦਾ ਕੇਂਦਰ ਹਾਊਸਿੰਗ ਟੈਕਸ ਵਿੱਚ ਬਦਲਾਅ ਅਤੇ ਨੈਸ਼ਨਲ ਡਿਸਏਬਿਲਟੀ ਇੰਸ਼ੋਰੈਂਸ ਸਕੀਮ (NDIS) ਵਿੱਚ ਸੁਧਾਰਾਂ ਰਾਹੀਂ ਕੀਤੀ ਜਾਣ ਵਾਲੀ ਵੱਡੀ ਬੱਚਤ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਹ ਬਜਟ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਅਤੇ ਭਵਿੱਖ ਲਈ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਮਿਡਲ ਈਸਟ ਵਿੱਚ ਚੱਲ ਰਹੀ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ, ਜਿਸ ਨਾਲ ਮਹਿੰਗਾਈ ਵਿੱਚ ਹੋਰ ਵਾਧਾ ਹੋ ਰਿਹਾ ਹੈ ਅਤੇ ਆਰਥਿਕ ਵਿਕਾਸ ਹੌਲਾ ਪੈ ਰਿਹਾ ਹੈ। ਟ੍ਰੇਜ਼ਰੀ ਮੁਤਾਬਕ ਇਸ ਸਾਲ ਦੇ ਵਿਚਕਾਰ ਮਹਿੰਗਾਈ ਲਗਭਗ 5 ਫੀਸਦੀ ਤੱਕ ਪਹੁੰਚ ਸਕਦੀ ਹੈ।
ਬਜਟ ਵਿੱਚ ਪੰਜ ਮੁੱਖ ਯੋਜਨਾਵਾਂ ‘ਤੇ ਜ਼ੋਰ ਦਿੱਤਾ ਗਿਆ ਹੈ:
- ਵਧ ਰਹੀਆਂ ਤੇਲ ਕੀਮਤਾਂ ਦੇ ਪ੍ਰਭਾਵ ਨਾਲ ਨਜਿੱਠਣਾ
- ਲੋਕਾਂ ‘ਤੇ ਖਰਚਿਆਂ ਦਾ ਦਬਾਅ ਘਟਾਉਣਾ
- ਅਰਥਵਿਵਸਥਾ ਨੂੰ ਹੋਰ ਉਤਪਾਦਕ ਬਣਾਉਣਾ
- ਟੈਕਸ ਪ੍ਰਣਾਲੀ ਵਿੱਚ ਸੁਧਾਰ
- ਬਜਟ ਨੂੰ ਹੋਰ ਮਜ਼ਬੂਤ ਅਤੇ ਟਿਕਾਊ ਬਣਾਉਣਾ
ਸਰਕਾਰ ਨੇ ਫਿਊਲ ਸੁਰੱਖਿਆ ਲਈ 10 ਬਿਲੀਅਨ ਡਾਲਰ ਦੇ ਪੈਕੇਜ ਦਾ ਵੀ ਐਲਾਨ ਕੀਤਾ ਹੈ, ਜਿਸਦਾ ਉਦੇਸ਼ ਦੇਸ਼ ਲਈ ਈਂਧਨ ਅਤੇ ਖਾਦ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਹੈ।
ਰਹਿਣ-ਸਹਿਣ ਦੇ ਵਧਦੇ ਖਰਚਿਆਂ ਤੋਂ ਰਾਹਤ ਦੇਣ ਲਈ 1.33 ਕਰੋੜ ਤੋਂ ਵੱਧ ਕਰਮਚਾਰੀਆਂ ਲਈ ਨਵਾਂ $250 'ਵਰਕਿੰਗ ਆਸਟ੍ਰੇਲੀਆਨਜ਼ ਟੈਕਸ ਆਫਸੈੱਟ' ਲਿਆਂਦਾ ਗਿਆ ਹੈ। ਇਸਦੇ ਨਾਲ ਹੀ $1,000 ਤੱਕ ਦਾ ਇੰਸਟੈਂਟ ਟੈਕਸ ਡਿਡਕਸ਼ਨ ਵੀ ਦਿੱਤਾ ਜਾਵੇਗਾ।
ਹਾਊਸਿੰਗ ਖੇਤਰ ਵਿੱਚ ਸਰਕਾਰ ਨੇ ਵੱਡੇ ਟੈਕਸ ਬਦਲਾਅ ਦਾ ਐਲਾਨ ਕੀਤਾ ਹੈ। ਅਗਲੇ ਸਾਲ ਜੁਲਾਈ ਤੋਂ ਨੈਗੇਟਿਵ ਗੀਅਰਿੰਗ ਸਿਰਫ਼ ਨਵੇਂ ਘਰਾਂ ਲਈ ਹੀ ਲਾਗੂ ਹੋਵੇਗੀ। ਇਸਦੇ ਨਾਲ ਹੀ ਕੈਪਿਟਲ ਗੇਨ ਟੈਕਸ ਵਿੱਚ ਵੀ ਬਦਲਾਅ ਕੀਤੇ ਜਾਣਗੇ।
ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਬਦਲਾਵਾਂ ਨਾਲ ਕਰੀਬ 75,000 ਹੋਰ ਆਸਟ੍ਰੇਲੀਆਈ ਲੋਕਾਂ ਨੂੰ ਘਰ ਖਰੀਦਣ ਵਿੱਚ ਮਦਦ ਮਿਲੇਗੀ।
ਬਜਟ ਵਿੱਚ ਰੱਖਿਆ, ਰੇਲ ਢਾਂਚੇ ਅਤੇ ਸਿਹਤ ਖੇਤਰ ਲਈ ਵੀ ਵੱਡੇ ਖ਼ਰਚਿਆਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਹਸਪਤਾਲਾਂ ਲਈ ਵਾਧੂ ਫੰਡ ਅਤੇ ਸਸਤੀ ਦਵਾਈਆਂ ਲਈ ਫਾਰਮਾਸਿਊਟਿਕਲ ਬੈਨਿਫਿਟਸ ਸਕੀਮ (PBS) ਵਿੱਚ ਹੋਰ ਨਿਵੇਸ਼ ਕੀਤਾ ਜਾਵੇਗਾ।
ਸਰਕਾਰ ਨੇ ਕਾਰੋਬਾਰਾਂ ਵਿੱਚ ਨਿਵੇਸ਼ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਨਵਾਂ ਪ੍ਰੋਡਕਟਿਵਟੀ ਪੈਕੇਜ ਵੀ ਪੇਸ਼ ਕੀਤਾ ਹੈ। ਇਸਦੇ ਤਹਿਤ ਹਰ ਸਾਲ 4,000 ਹੋਰ ਹੁਨਰਮੰਦ ਪਰਵਾਸੀ ਮਜ਼ਦੂਰਾਂ ਨੂੰ ਕੰਮਕਾਜੀ ਬਾਜ਼ਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੇਗੀ।
ਲੇਬਰ ਸਰਕਾਰ ਇਸ ਬੱਜਟ ਨੂੰ 'ਖਰਚਿਆਂ ‘ਤੇ ਕਾਬੂ ਵਾਲਾ ਬਜਟ' ਵਜੋਂ ਪੇਸ਼ ਕਰ ਰਹੀ ਹੈ। ਅਰਥਸ਼ਾਸਤਰੀਆਂ ਅਤੇ ਰਿਜ਼ਰਵ ਬੈਂਕ ਗਵਰਨਰ Michele Bullock ਨੇ ਚੇਤਾਵਨੀ ਦਿੱਤੀ ਸੀ ਕਿ ਬੇਹਿਸਾਬ ਸਰਕਾਰੀ ਖਰਚਾ ਮਹਿੰਗਾਈ ਵਧਾ ਸਕਦਾ ਹੈ ਅਤੇ ਵਿਆਜ ਦਰਾਂ ਵਿੱਚ ਹੋਰ ਵਾਧੇ ਦਾ ਖ਼ਤਰਾ ਪੈਦਾ ਕਰ ਸਕਦਾ ਹੈ।
ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਬੱਜਟ ਵਿੱਚ 63.8 ਬਿਲੀਅਨ ਡਾਲਰ ਦੀ ਬੱਚਤ ਕੀਤੀ ਜਾਵੇਗੀ, ਜਿਸਦਾ ਵੱਡਾ ਹਿੱਸਾ NDIS ਵਿੱਚ ਸੁਧਾਰਾਂ ਰਾਹੀਂ ਆਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੁਧਾਰ ਸਕੀਮ ਨੂੰ ਲੰਬੇ ਸਮੇਂ ਲਈ ਟਿਕਾਊ ਬਣਾਉਣ ਲਈ ਜ਼ਰੂਰੀ ਹਨ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





