ਐਸ ਬੀ ਐਸ ਪੰਜਾਬੀ ਨੇ ਡਾ ਕਮਲ ਪ੍ਰਕਾਸ਼ ਸਿੰਘ ਨਾਲ ਗੱਲ ਕਰਦੇ ਹੋਏ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਘਰਾਂ ਵਿੱਚ ਵਰਤੇ ਜਾਣ ਵਾਲੇ ਸੈਨੇਟਾਈਜ਼ਰ ਕਿਸ ਚੀਜ਼ ਦੇ ਬਣੇ ਹੁੰਦੇ ਹਨ, ਉਹਨਾਂ ਨੂੰ ਵਰਤਣ ਸਮੇਂ ਕਿਹੜੀਆਂ ਸਾਵਧਾਨੀਆਂ ਧਿਆਨ ਵਿੱਚ ਰਖਣੀਆਂ ਜਰੂਰੀ ਹਨ, ਅਤੇ ਜੇ ਕਰ ਬੱਚਿਆਂ ਵਲੋਂ ਇਸ ਨੂੰ ਖਾ ਲਿਆ ਜਾਂਦਾ ਹੈ ਤਾਂ ਤੁਰੰਤ ਕੀ ਕੀਤਾ ਜਾਣਾ ਜਰੂਰੀ ਹੁੰਦਾ ਹੈ।
ਖਾਸ ਨੁੱਕਤੇ:
- ਜਿਆਦਾਤਰ ਸੈਨੇਟਾਈਜ਼ਰ ਸ਼ਰਾਬ ਤੋਂ ਬਣਾਏ ਜਾਂਦੇ ਹਨ। ਕਈ ਸੈਨੇਟਾਈਜ਼ਰਾਂ ਵਿੱਚ ਸ਼ਰਾਬ ਦੀ ਮਾਤਰਾ 80% ਤੱਕ ਵੀ ਹੁੰਦੀ ਹੈ।
- ਆਮ ਹਾਲਾਤਾਂ ਵਿੱਚ ਸੈਨੇਟਾਈਜ਼ਰ ਦੀ ਵਰਤੋਂ ਸੁਰੱਖਿਅਤ ਹੀ ਹੁੰਦੀ ਹੈ। ਜਦੋਂ ਅਸੀ ਇਸ ਨੂੰ ਹੱਥਾਂ ਉੱਤੇ ਰਗੜਦੇ ਹਾਂ ਤਾਂ ਇਸ ਦੀ ਵਾਧੂ ਮਾਤਰਾ ਹਵਾ ਵਿੱਚ ਉੱਡ ਜਾਂਦੀ ਹੈ।
- ਵੱਡਿਆਂ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਛੋਟੇ ਬੱਚਿਆਂ ਨੂੰ ਸੈਨੇਟਾਈਜ਼ਰ ਵਰਤਣ ਵਾਸਤੇ ਦੇਣ ਅਤੇ ਇਹ ਵੀ ਸਿਖਾਉਣ ਕਿ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਵਰਤਿਆ ਜਾਂਦਾ ਹੈ।
ਡਾ ਕਮਲ ਪ੍ਰਕਾਸ਼ ਸਿੰਘ ਅਨੁਸਾਰ, ‘ਜਿਆਦਾਤਰ ਸੈਨੇਟਾਈਜ਼ਰ ਸ਼ਰਾਬ ਤੋਂ ਬਣਾਏ ਜਾਂਦੇ ਹਨ। ਇਸ ਤੋਂ ਅਲਾਵਾ ਹੋਰ ਵੀ ਕਈ ਚੀਜ਼ਾਂ ਇਸ ਵਿੱਚ ਮਿਲਾਈਆਂ ਜਾਂਦੀਆਂ ਹਨ ਤਾਂ ਕਿ ਹੱਥ ਨਰਮ ਰਹਿਣ। ਪਰ ਸੈਨੇਟਾਈਜ਼ਰਾਂ ਨੂੰ ਵਧੇਰੇ ਅਸਰਦਾਰ ਬਨਾਉਣ ਲਈ ਇਸ ਵਿੱਚ ਸ਼ਰਾਬ ਦੀ ਮਾਤਰਾ ਕੁੱਝ ਜਿਆਦਾ ਰੱਖੀ ਜਾਂਦੀ ਹੈ’।
‘ਕਈ ਸੈਨੇਟਾਈਜ਼ਰਾਂ ਵਿੱਚ ਸ਼ਰਾਬ ਦੀ ਮਾਤਰਾ 80% ਤੱਕ ਵੀ ਹੁੰਦੀ ਹੈ’।
ਅਸੀਂ ਆਪਣੇ ਹੱਥਾਂ ਤੋਂ ਕੀਟਾਣੂਆਂ ਨੂੰ ਮਾਰਨ ਲਈ ਸੈਨੇਟਾਈਜ਼ਰ ਚੰਗੀ ਤਰਾਂ ਨਾਲ ਰਗੜਦੇ ਹਾਂ।
ਡਾ ਸਿੰਘ ਨੇ ਕਿਹਾ, ‘ਆਮ ਹਾਲਾਤਾਂ ਵਿੱਚ ਸੈਨੇਟਾਈਜ਼ਰ ਦੀ ਵਰਤੋਂ ਸੁਰੱਖਿਅਤ ਹੀ ਹੁੰਦੀ ਹੈ। ਜਦੋਂ ਅਸੀ ਇਸ ਨੂੰ ਹੱਥਾਂ ਉੱਤੇ ਰਗੜਦੇ ਹਾਂ ਤਾਂ ਇਸ ਦੀ ਵਾਧੂ ਮਾਤਰਾ ਹਵਾ ਵਿੱਚ ਉੱਡ ਜਾਂਦੀ ਹੈ। ਇਸ ਤੋਂ ਬਾਅਦ ਜੇ ਕਰ ਹੱਥਾਂ ਨਾਲ ਖਾਣਾ ਖਾਇਆ ਜਾਂਦਾ ਹੈ ਤਾਂ ਕੋਈ ਨੁਕਸਾਨ ਨਹੀਂ ਹੁੰਦਾ’।
ਪੰਪ ਵਾਲੀ ਬੋਤਲ ਵਿੱਚੋਂ ਇੱਕ ਵਾਰ ਸਿਰਫ 2 ਤੋਂ 2.5 ਮਿਲੀ ਸੈਨੇਟਾਈਜ਼ਰ ਹੀ ਨਿਕਲਦਾ ਹੈ ਜੋ ਕਿ ਹਾਨੀਕਾਰਕ ਸਿੱਧ ਨਹੀਂ ਹੋ ਸਕਦਾ।
ਪਰ ਜੇ ਕਰ ਘਰ ਵਿੱਚ ਛੋਟੇ ਬੱਚੇ ਹਨ ਤਾਂ ਸੈਨੇਟਾਈਜ਼ਰ ਸੰਭਾਲਣ ਅਤੇ ਵਰਤਣ ਸਮੇਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸੈਨੇਟਾਈਜ਼ਰਾਂ ਨੂੰ ਹੋਰਨਾਂ ਜ਼ਹਰੀਲੇ ਪਦਾਰਥਾਂ ਵਾਂਗ ਹੀ ਸੰਭਾਲਣਾ ਜਰੂਰੀ ਹੈ।
‘ਵੱਡਿਆਂ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਛੋਟੇ ਬੱਚਿਆਂ ਨੂੰ ਸੈਨੇਟਾਈਜ਼ਰ ਦੇਣ ਅਤੇ ਇਹ ਵੀ ਸਿਖਾਉਣ ਕਿ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਵਰਤਿਆ ਕਿਵੇਂ ਜਾਂਦਾ ਹੈ’।
ਕਿਸੇ ਬੱਚੇ ਵਲੋਂ ਅਣਜਾਣੇ ਵਿੱਚ ਸੈਨੇਟਾਈਜ਼ਰ ਖਾ ਲਿਆ ਜਾਂਦਾ ਹੈ ਤਾਂ ਤੁਰੰਤ ਪੌਆਇਜ਼ਨ ਹੈਲਪ ਲਾਈਨ ਨੂੰ 13 11 26 ਉੱਤੇ ਫੋਨ ਕਰਨਾ ਚਾਹੀਦਾ ਹੈ। ਇਹ ਸੇਵਾ 24 ਘੰਟੇ ਉਪਲੱਬਧ ਹੈ।
ਡਾ ਸਿੰਘ ਕਹਿੰਦੇ ਹਨ ਕਿ, ‘ਜੇ ਤੁਹਾਡੇ ਬੱਚੇ ਦੀ ਸਿਹਤ ਠੀਕ ਨਹੀਂ ਤਾਂ ਤੁਰੰਤ 000 ਉੱਤੇ ਫੋਨ ਕਰੋ’।
ਆਮ ਹਾਲਾਤਾਂ ਵਿੱਚ ਸੈਨੇਟਾਈਜ਼ਰ ਅਤੇ ਸਾਬਣ ਨਾਲ ਬਦਲ ਬਦਲ ਕੇ ਹੱਥ ਸਾਫ ਕਰਨੇ ਚਾਹੀਦੇ ਹਨ ਤਾਂ ਕਿ ਹੱਥਾਂ ਦੀ ਚਮੜੀ ਠੀਕ ਰਹੇ।